ਪੰਜਾਬ ਸਰਕਾਰ ਦੀ ਅਪੀਲ ਤੇ ''ਕਰਮਚਾਰੀ ਹੜਤਾਲ'' 27 ਤੱਕ ਮੁਲਤਵੀ

Friday, Feb 22, 2019 - 08:53 AM (IST)

ਪੰਜਾਬ ਸਰਕਾਰ ਦੀ ਅਪੀਲ ਤੇ ''ਕਰਮਚਾਰੀ ਹੜਤਾਲ'' 27 ਤੱਕ ਮੁਲਤਵੀ

ਚੰਡੀਗੜ੍ਹ : ਪੰਜਾਬ ਭਵਨ ਵਿਖੇ ਕਮੇਟੀ ਆਫ ਮਨਿਸਟਰਜ ਨਾਲ ਪੀ. ਐਸ. ਐਮ. ਐਸ. ਯੂ. ਦੀ ਮੀਟਿੰਗ ਸੂਬਾ ਪ੍ਰਧਾਨ ਮੇਘ ਸਿੰਘ ਸਿੱਧੂ ਦੀ ਅਗਵਾਈ ਹੇਠ ਹੋਈ। ਸਰਕਾਰ ਵੱਲੋਂ ਬਣਾਈ ਗਈ ਇਸ ਕਮੇਟੀ ਵਿੱਚ ਬ੍ਰਹਮ ਮਹਿੰਦਰਾ ਸਿਹਤ ਮੰਤਰੀ, ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਅਤੇ ਚਰਨਜੀਤ ਸਿੰਘ ਚੰਨੀ ਤਕਨੀਕੀ ਸਿੱਖਿਆ ਮੰਤਰੀ ਵੱਲੋਂ ਜੱਥੇਬੰਦੀ ਦੇ ਆਗੂਆ ਨੂੰ ਸੁਣਿਆ ਗਿਆ, ਇਸ ਕਮੇਟੀ ਵੱਲੋਂ ਸਰਕਾਰ ਦੀ ਤਰਫੋਂ ਇਹ ਭਰੋਸਾ ਦਿੱਤਾ ਗਿਆ ਕਿ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੈ। ਇਸ ਸਮੇਂ ਪੰਜਾਬ ਵਿਧਾਨ ਸਭਾ ਵਿੱਚ ਬੱਜਟ ਸੈਸ਼ਨ ਚੱਲ ਰਿਹਾ ਹੈ, ਸਰਕਾਰ ਦੇ ਮੰਤਰੀ ਅਤੇ ਅਧਿਕਾਰੀ ਸਹਿਬਾਨ ਬਜਟ ਸੈਸ਼ਨ ਵਿੱਚ ਮਸਰੂਫ ਹਨ ਅਤੇ ਸਰਕਾਰ ਬਜਟ ਸੈਸ਼ਨ ਖਤਮ ਹੁੰਦਿਆਂ ਹੀ ਮਿਤੀ 27-02-2019 ਤੱਕ ਮੁਲਾਜ਼ਮ ਮੰਗਾਂ ਦੀ ਪੂਰਤੀ ਲਈ ਹਾਂ ਪੱਖੀ ਫੈਸਲਾ ਲਵੇਗੀ।

ਇਸ ਸਬੰਧੀ ਸਰਕਾਰ ਵੱਲੋਂ ਇਸ ਮੀਟਿੰਗ ਦੀ ਪ੍ਰੋਸੀਡਿੰਗ ਜਾਰੀ ਕਰਦਿਆਂ ਇਹ ਵੀ ਅਪੀਲ ਕੀਤੀ ਗਈ ਕਿ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਲਈ ਪੂਰੀ ਤਰ੍ਹਾਂ ਸੰਜੀਦਾ ਹੈ ਅਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਜੀ ਵੀ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਸਬੰਧੀ ਪੰਜਾਬ ਵਿਧਾਨ ਸਭਾ ਵਿੱਚ ਆਪਣੀਆਂ ਭਾਵਨਾਵਾਂ ਜ਼ਾਹਿਰ ਕਰ ਚੁੱਕੇ ਹਨ। ਸਰਕਾਰ ਨੇ ਇਹ ਵੀ ਅਪੀਲ ਕੀਤੀ ਕਿ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਹੋਏ ਹੜਤਾਲ ਵਾਪਸ ਲਈ ਜਾਵੇ। ਇਸ ਲਈ ਜੱਥੇਬੰਦੀ ਦੀ ਹਾਈ ਪਾਵਰ ਕਮੇਟੀ ਵੱਲੋਂ ਸਰਕਾਰ ਦੀ ਅਪੀਲ ਨੂੰ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਵਿਚਾਰਦਿਆਂ ਫਰਾਖਦਿਲੀ ਦਿਖਾਉਦਿਆਂ ਮੌਜੂਦਾ ਹੜਤਾਲ ਮਿਤੀ 27-02-2019 ਤੱਕ ਮੁਲਤਵੀ ਕੀਤੀ ਜਾਂਦੀ ਹੈ। ਮੁਲਾਜ਼ਮ ਆਗੂਆਂ ਵੱਲੋਂ ਸਰਕਾਰ ਨੂੰ ਸਪਸ਼ੱਟ ਸ਼ਬਦਾਂ ਵਿੱਚ ਇਹ ਕਹਿ ਦਿੱਤਾ ਗਿਆ ਕਿ ਜੇਕਰ 27 ਫਰਵਰੀ ਤੱਕ ਉਨ੍ਹਾਂ ਵੱਲੋਂ ਦਿੱਤੇ ਭਰੋਸੇ ਮੁਤਾਬਿਕ ਮੰਗਾਂ ਦੀ ਪੂਰਤੀ ਨਹੀਂ ਕਰਦੀ ਤਾਂ ਮੁਲਤਵੀ ਕੀਤਾ ਸੰਘਰਸ਼ 28 ਫਰਵਰੀ ਤੋਂ ਮੁੜ ਬਹਾਲ ਕਰ ਦਿੱਤਾ ਜਾਵੇਗਾ।


author

Babita

Content Editor

Related News