ਪੰਜਾਬ ਨੂੰ ਪਲਾਜ਼ਮਾ ਥੈਰੇਪੀ ਦੇ ਕਲੀਨਿਕਲ ਟਰਾਇਲ ਲਈ ਮਿਲੀ ਮਨਜ਼ੂਰੀ
Sunday, May 03, 2020 - 11:04 PM (IST)
ਚੰਡੀਗੜ੍ਹ (ਅਸ਼ਵਨੀ)— ਪੰਜਾਬ ਨੂੰ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਤੋਂ ਕੋਵਿਡ-19 ਦੇ ਮਰੀਜ਼ਾਂ ਤੇ ਪਲਾਜ਼ਮਾ ਥੈਰੇਪੀ ਦੇ ਕਲੀਨਿਕਲ ਟਰਾਇਲ ਕਰਨ ਦੇ ਲਈ ਮਨਜ਼ੂਰੀ ਮਿਲ ਗਈ ਹੈ। ਪ੍ਰਸ਼ਾਸਨਿਕ ਸੁਧਾਰ ਵਿਭਾਗ ਦੀ ਅਤਿਰਿਕਤ ਮੁਖ ਸਕੱਤਰ ਤੇ ਕੋਵਿਡ ਹੈਲਥ ਸੈਕਟਰ ਰਿਸਪਾਂਸ ਐਡ ਪਰਕਯੋਰਮੈਂਟ ਕਮੇਟੀ ਦੀ ਚੇਅਰਪਰਸਨ ਵਿਨੀ ਮਹਾਜਨ ਨੇ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੇ ਪਟਿਆਲਾ, ਫਰੀਦਕੋਟ 'ਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ, ਸ਼੍ਰੀ ਗੁਰੂ ਰਾਮਦਾਸ ਇੰਸੀਚਿਊਟ ਆਫ ਮੈਡੀਕਲ ਸਾਇੰਸਜ਼ ਐਡ ਰਿਸਰਚ, ਅੰਮ੍ਰਿਤਸਰ, ਲੁਧਿਆਣਾ ਤੇ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ, ਲੁਧਿਆਣਾ ਨੇ ਟਰਾਇਲ ਦੇ ਲਈ ਹਿੱਸੇਦਾਰੀ ਕੀਤੀ ਹੈ।
ਮਹਾਜਨ ਨੇ ਦੱਸਿਆ ਕਿ ਡਾ. ਕੇ. ਕੇ. ਤਲਵਾੜ ਦੀ ਅਗਵਾਈ 'ਚ ਪ੍ਰਮੁਖ ਜਾਂਚਕਰਤਾਵਾਂ ਜਿਨ੍ਹਾਂ 'ਚ ਟਰਾਂਸਫਿਯੂਜਨ ਮੈਡੀਸਨ ਵਿਭਾਗ, ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਲੁਧਿਆਣਾ ਦੇ ਪ੍ਰਮੁਖ ਡਾ. ਇਕਾਜ਼ ਜਿੰਦਲ, ਕਲੀਨੀਕਲ ਹੇਮਾਟੋਲੋਜੀ ਵਿਭਾਗ, ਕ੍ਰਿਸਚੀਅਨ ਮੈਡੀਕਲ ਕਾਲਜ ਤੇ ਹਸਪਤਾਲ, ਲੁਧਿਆਣਾ ਦੇ ਪ੍ਰਮੁਖ ਡਾ. ਐੱਮ. ਜੋਸਫ ਜੋਮ ਸ਼ਾਮਲ ਹਨ, ਇਕ ਮਸਝੌਤੇ (ਐੱਮ. ਓ. ਯੂ.) 'ਤੇ ਦਸਤਖਤ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰੋਫੈਸਰ ਡਾ. ਤਲਵਾੜ ਤੇ ਟਰਾਂਸਫਿਯੂਜਨ ਮੈਡੀਸਨ ਵਿਭਾਗ. ਪੀ. ਜੀ. ਆਈ. ਚੰਡੀਗੜ੍ਹ ਦੇ ਪ੍ਰਮੁਖ ਡਾ. ਨੀਲਮ ਮਾਰਵਾਹਾ ਦੀ ਅਗਵਾਈ ਅਧੀਨ ਕੋਵਿਡ ਦੇ ਵਿਰੁੱਧ ਜੰਗ ਦੀ ਤਾਜ਼ਾ ਕੋਸ਼ਿਸ਼ 'ਚ ਪੰਜਾਬ ਇਕਜੁੱਟ ਹੈ।