ਕੋਰੋਨਾ ਦੀ ਨਵੀਂ ਲਹਿਰ ਨਾਲ ਨਜਿੱਠਣ ਲਈ ਪੰਜਾਬ ਪੂਰੀ ਤਰ੍ਹਾਂ ਤਿਆਰ : CM ਮਾਨ

04/27/2022 10:43:29 PM

ਚੰਡੀਗੜ੍ਹ-ਕੋਵਿਡ-19 ਦੀ ਨਵੀਂ ਲਹਿਰ ਦੇ ਵਧ ਰਹੇ ਖ਼ਤਰੇ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਕੋਵਿਡ ਮਹਾਮਾਰੀ ਦੇ ਵਧਦੇ ਮਾਮਲਿਆਂ ਨਾਲ ਨਜਿੱਠਣ ਲਈ ਸੂਬਾ ਪੂਰੀ ਤਰ੍ਹਾਂ ਤਿਆਰ ਹੈ। ਕੋਵਿਡ-19 ਦੇ ਕੇਸਾਂ 'ਚ ਵਾਧੇ ਨੂੰ ਵੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੁਲਾਈ ਗਈ ਮੁੱਖ ਮੰਤਰੀਆਂ ਦੀ ਵਰਚੁਅਲ ਮੀਟਿੰਗ 'ਚ ਸ਼ਿਰਕਤ ਕਰਦਿਆਂ ਭਗਵੰਤ ਮਾਨ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਪੰਜਾਬ ਨੇ ਕੋਵਿਡ ਮਹਾਮਾਰੀ ਦੀ ਨਵੀਂ ਲਹਿਰ ਨਾਲ ਨਜਿੱਠਣ ਲਈ ਕਾਰਗਰ ਪ੍ਰਣਾਲੀ ਵਿਕਸਿਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਪਹਿਲਾਂ ਹੀ ਕੋਵਿਡ ਮਾਮਲਿਆਂ ਦੇ ਵਾਧੇ ਨਾਲ ਨਜਿੱਠਣ ਲਈ ਲੋੜੀਂਦੇ ਸਾਰੇ ਸਾਧਨ ਉਪਲੱਬਧ ਹਨ ਅਤੇ ਪੰਜਾਬ 'ਚ ਸਥਿਤੀ ਕਾਬੂ ਹੇਠ ਹੈ ਅਤੇ ਲੋਕਾਂ ਦੀਆਂ ਕੀਮਤੀ ਜਾਨਾਂ ਦੀ ਰਾਖੀ ਲਈ ਹਰ ਸੰਭਵ ਕਦਮ ਚੁੱਕੇ ਜਾਣਗੇ।

ਇਹ ਵੀ ਪੜ੍ਹੋ : BJP ਦੇ ਕੌਮੀ ਪ੍ਰਧਾਨ JP ਨੱਡਾ ਨਾਲ ਅਰਵਿੰਦ ਖੰਨਾ ਨੇ ਕੀਤੀ ਮੁਲਾਕਾਤ

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬੇ ਦੇ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼, ਜੋ ਕਿ ਅਸਲ ਕੋਰੋਨਾ ਯੋਧੇ ਹਨ, ਕੋਵਿਡ ਮਹਾਂਮਾਰੀ ਦੇ ਕਿਸੇ ਵੀ ਵਾਧੇ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕੌਮੀ ਪੱਧਰ ਉਤੇ 87 ਫ਼ੀਸਦੀ ਦੇ ਮੁਕਾਬਲੇ ਸੂਬੇ ਦੀ 97 ਫ਼ੀਸਦੀ ਆਬਾਦੀ ਨੂੰ ਕੋਵਿਡ ਟੀਕਾਕਰਨ ਦੀ ਪਹਿਲੀ ਖੁਰਾਕ ਅਤੇ 76 ਫ਼ੀਸਦੀ ਲੋਕਾਂ ਨੂੰ ਦੂਜੀ ਖੁਰਾਕ ਦਿੱਤੀ ਜਾ ਚੁੱਕੀ ਹੈ ਅਤੇ ਮਹਾਮਾਰੀ ਦਾ ਸਾਹਮਣਾ ਕਰਨ ਲਈ 5.11 ਲੱਖ ਲੋਕਾਂ ਨੂੰ ਬੂਸਟਰ ਡੋਜ਼ ਵੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਸੂਬੇ 'ਚ ਬਹੁਤ ਘੱਟ ਕੇਸ (ਸਿਰਫ਼ 176 ਸਰਗਰਮ ਕੇਸ) ਹਨ ਅਤੇ ਰੋਜ਼ਾਨਾ ਔਸਤਨ 25 ਕੇਸ ਆ ਰਹੇ ਹਨ।

PunjabKesari

ਇਹ ਵੀ ਪੜ੍ਹੋ : ਪੰਜਾਬ ਅੰਦਰ ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਦੀ ਪੰਜਾਬ ਸਰਕਾਰ ਨੇ ਨਹੀਂ ਲਈ ਸਾਰ : ਚੰਦੂਮਾਜਰਾ

ਭਗਵੰਤ ਮਾਨ ਨੇ ਕਿਹਾ ਕਿ ਕੋਈ ਮਰੀਜ਼ ਗੰਭੀਰ ਹਾਲਤ 'ਚ ਨਹੀਂ ਹੈ ਅਤੇ ਨਾ ਹੀ ਕੋਈ ਮਰੀਜ਼ ਆਈ.ਸੀ.ਯੂ. 'ਚ ਭਰਤੀ ਹੈ ਅਤੇ ਸੂਬੇ 'ਚ ਲੈਵਲ ਦੋ ਦੇ ਸਿਰਫ਼ 6 ਕੇਸ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸਾਧਨਾਂ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਦੁਹਰਾਇਆ ਕਿ ਸੂਬਾ ਸਰਕਾਰ ਕੋਵਿਡ-19 ਦੀ ਸੰਭਾਵਿਤ ਚੌਥੀ ਜਾਂ ਅਗਲੀ ਲਹਿਰ ਨੂੰ ਰੋਕਣ ਲਈ ਸਾਰੇ ਲੋੜੀਂਦੇ ਪ੍ਰਬੰਧ ਕਰਨ ਲਈ ਪਾਬੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੋਵਿਡ ਸਥਿਤੀ 'ਤੇ ਨਿਰੰਤਰ ਨਿਗਰਾਨੀ ਰੱਖੀ ਜਾ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬੇ 'ਚ ਪਹਿਲਾਂ ਹੀ ਲੋੜੀਂਦੀ ਗਿਣਤੀ 'ਚ ਬੈੱਡ ਉਪਲੱਬਧ ਹਨ ਅਤੇ ਸੂਬਾ ਕੋਵਿਡ ਕੇਸਾਂ 'ਚ ਵਾਧੇ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਮੁੱਖ ਮੰਤਰੀ ਨੇ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਵਿਖੇ 1236 ਬੈੱਡ, ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਵਿਖੇ 1450 ਬੈੱਡ ਅਤੇ ਸਰਕਾਰੀ ਮੈਡੀਕਲ ਕਾਲਜ, ਫਰੀਦਕੋਟ ਵਿਖੇ 1025 ਬੈੱਡ ਦੀ ਵਿਵਸਥਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ, ਪਟਿਆਲਾ ਅਤੇ ਫਰੀਦਕੋਟ ਵਿਖੇ ਕ੍ਰਮਵਾਰ 360, 560 ਅਤੇ 400 ਆਕਸੀਜਨ ਬੈੱਡ ਮੌਜੂਦ ਹਨ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਅੰਮ੍ਰਿਤਸਰ ਵਿਚ 280 ਆਈ.ਸੀ.ਯੂ. ਬੈੱਡ ਹਨ ਅਤੇ ਪਟਿਆਲਾ ਵਿਚ ਅਜਿਹੇ 280 ਬੈੱਡ ਹਨ ਜਦਕਿ ਅੰਮ੍ਰਿਤਸਰ ਵਿਚ 165 ਕੋਵਿਡ ਵੈਂਟੀਲੇਟਰ ਬੈੱਡ, ਪਟਿਆਲਾ ਵਿਚ 96 ਅਤੇ ਫਰੀਦਕੋਟ ਵਿਚ 141 ਵੈਂਟੀਲੇਟਰ ਬੈੱਡ ਮੌਜੂਦ ਹਨ। ਇਸ ਮੌਕੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ, ਮੁੱਖ ਸਕੱਤਰ ਅਨਿਰੁਧ ਤਿਵਾੜੀ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਣੂ ਪ੍ਰਸਾਦ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

ਇਹ ਵੀ ਪੜ੍ਹੋ : ਅਮਰੀਕਾ ਨਾਲ ਦੁਸ਼ਮਣੀ ਬਰਦਾਸ਼ਤ ਨਹੀਂ ਕਰ ਸਕਦੈ ਪਾਕਿ : ਸ਼ਰੀਫ਼

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Karan Kumar

Content Editor

Related News