ਮਹੀਨੇ ਦੀ ਖ਼ਪਤ ਨੂੰ ਦਿਨਾਂ ਨਾਲ ਵੰਡ ਕੇ ਲਾਗੂ ਹੋਵੇਗੀ 300 ਯੂਨਿਟ ਮੁਫ਼ਤ ਬਿਜਲੀ ਵਾਲੀ ਸਕੀਮ, ਜਾਣੋ ਕਿਉਂ

08/03/2022 5:45:28 PM

ਜਲੰਧਰ (ਪੁਨੀਤ)– ਪੰਜਾਬ ਸਰਕਾਰ ਵੱਲੋਂ 1 ਜੁਲਾਈ ਤੋਂ 300 ਯੂਨਿਟ ਮੁਫ਼ਤ ਬਿਜਲੀ ਦੇਣ ਦੀ ਸਕੀਮ ਨੂੰ ਲਾਗੂ ਕੀਤਾ ਗਿਆ ਹੈ, ਜਦੋਂ ਕਿ ਇਸ ਦਾ ਨੋਟੀਫਿਕੇਸ਼ਨ 23 ਜੁਲਾਈ ਨੂੰ ਜਾਰੀ ਹੋਇਆ ਸੀ, ਜਿਸ ਤਹਿਤ ਮਹਿਕਮੇ ਵੱਲੋਂ ਬਿਲਿੰਗ ਲਈ ਮਹੀਨੇ ਦੀ ਖ਼ਪਤ ਨੂੰ ਦਿਨਾਂ ਨਾਲ ਵੰਡ ਕੇ ਬਿੱਲ ਬਣਾਇਆ ਜਾਵੇਗਾ। ਇਸ ਸਕੀਮ ਦਾ ਲਾਭ ਲੈਣ ਵਾਲੇ ਖਪਤਕਾਰਾਂ ਨੂੰ ਇਸ ਵਾਰ ਦੇ ਬਿੱਲਾਂ ਵਿਚ ਕੁਝ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਮਹਿਕਮੇ ਦਾ ਕਹਿਣਾ ਹੈ ਕਿ ਸਭ ਕੁਝ ਆਟੋਮੈਟਿਕ ਕੰਪਿਊਟਰਾਈਜ਼ਡ ਸਿਸਟਮ ਨਾਲ ਲਾਗੂ ਕੀਤਾ ਗਿਆ ਹੈ ਤਾਂ ਕਿ ਗੜਬੜੀ ਦੀ ਗੁੰਜਾਇਸ਼ ਨਾ ਰਹੇ। 1 ਜੁਲਾਈ ਨੂੰ ਲਾਗੂ ਹੋਈ ਸਕੀਮ ਨੂੰ ਅਜੇ ਇਕ ਮਹੀਨੇ ਦਾ ਸਮਾਂ ਵੀ ਨਹੀਂ ਹੋਇਆ ਅਤੇ ਕਈ ਖ਼ਪਤਕਾਰਾਂ ਨੂੰ ਬਿੱਲ ਮਿਲਣੇ ਵੀ ਸ਼ੁਰੂ ਹੋ ਚੁੱਕੇ ਹਨ, ਜਿਸ ਨਾਲ ਖ਼ਪਤਕਾਰ ਭੰਬਲਭੂਸੇ ਵਿਚ ਹਨ ਕਿ ਉਨ੍ਹਾਂ ਨੂੰ 300 ਯੂਨਿਟ ਦਾ ਲਾਭ ਕਿਵੇਂ ਮਿਲੇਗਾ। ਜਲੰਧਰ ਸਰਕਲ ਦੀ ਵੈਸਟ ਡਿਵੀਜ਼ਨ ਵਿਚ ਪੈਂਦੀ ਪਟੇਲ ਚੌਕ ਸਬ-ਡਿਵੀਜ਼ਨ ਦੇ ਕਈ ਖ਼ਪਤਕਾਰਾਂ ਨੂੰ 23 ਜੁਲਾਈ ਨੂੰ ਬਿੱਲ ਪ੍ਰਾਪਤ ਹੋਏ ਹਨ, ਜਿਨ੍ਹਾਂ ਵਿਚੋਂ ਵਧੇਰੇ ਬਿੱਲਾਂ ਵਿਚ 300 ਯੂਨਿਟ ਸਬੰਧੀ ਕੋਈ ਲਾਭ ਨਹੀਂ ਦਰਸਾਇਆ ਗਿਆ।

ਇਹ ਵੀ ਪੜ੍ਹੋ: ਖਹਿਰਾ ਦੀ ਭਗਵੰਤ ਮਾਨ ਤੇ ਕੁਲਦੀਪ ਧਾਲੀਵਾਲ ਨੂੰ ਚੁਣੌਤੀ, ਕਿਹਾ-ਦਮ ਹੈ ਤਾਂ LPU ਮਾਮਲੇ ਦੀ ਕਰੋ ਜਾਂਚ

ਖ਼ਪਤਕਾਰ ਸੁਭਾਸ਼ ਚੰਦਰ ਅਨੁਸਾਰ 25 ਮਈ ਤੋਂ ਲੈ ਕੇ 23 ਜੁਲਾਈ ਤੱਕ ਦੇ ਪ੍ਰਾਪਤ ਹੋਏ 59 ਦਿਨਾਂ ਦੇ ਬਿੱਲ ਨੂੰ ਲੈ ਕੇ ਉਹ ਦੁਵਿਧਾ ਵਿਚ ਹਨ। ਇਸ ਬਾਰੇ ਸਬੰਧਤ ਸਬ-ਡਵੀਜ਼ਨ ਦੇ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਗਈ ਪਰ ਉਹ 300 ਯੂਨਿਟ ਮੁਫਤ ਬਿਜਲੀ ਨੂੰ ਲੈ ਕੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ। ਸੁਭਾਸ਼ ਚੰਦਰ ਨੇ ਕਿਹਾ ਕਿ 300 ਯੂਨਿਟ ਦੀ ਸਕੀਮ ਤੋਂ ਪਹਿਲਾਂ ਉਹ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ 200 ਯੂਨਿਟ ਪ੍ਰਤੀ ਮਹੀਨਾ ਦਾ ਲਾਭ ਲੈ ਰਹੇ ਸਨ ਪਰ ਇਸ ਵਾਰ ਪ੍ਰਾਪਤ ਹੋਏ ਬਿੱਲ ਵਿਚ ਕਿਸੇ ਤਰ੍ਹਾਂ ਦਾ ਲਾਭ ਨਾ ਮਿਲਣ ਨਾਲ ਸਰਕਾਰ ਦੀਆਂ ਯੋਜਨਾਵਾਂ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੀ ਹੈ। ਉਨ੍ਹਾਂ ਕਿਹਾ ਕਿ ਮੁਹੱਲੇ ਵਿਚ ਹੋਰ ਕਈ ਖ਼ਪਤਕਾਰਾਂ ਨੂੰ ਵੀ ਬਿੱਲ ਮਿਲੇ ਹਨ, ਜਿਨ੍ਹਾਂ ਦੀ ਖ਼ਪਤ 600 ਯੂਨਿਟ ਤੋਂ ਘੱਟ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਕੋਈ ਲਾਭ ਨਹੀਂ ਮਿਲ ਸਕਿਆ। ਉਥੇ ਹੀ, ਪਾਵਰਕਾਮ ਵੱਲੋਂ ਬਿੱਲ ਬਣਾਉਣ ਦੀ ਜਿਹੜੀ ਯੋਜਨਾ ਤਿਆਰ ਕੀਤੀ ਗਈ ਹੈ, ਉਸ ਅਨੁਸਾਰ ਖਪਤਕਾਰ ਦੀ ਖਪਤ ਨੂੰ ਦਿਨਾਂ ਨਾਲ ਵੰਡਿਆ ਜਾਵੇਗਾ। ਇਸ ਕਾਰਨ ਇਸ ਵਾਰ ਬਣਨ ਵਾਲੇ 2 ਮਹੀਨਿਆਂ ਦੇ ਬਿੱਲ ਵਿਚ ਜਿਸ ਦੀ ਖਪਤ 600 ਯੂਨਿਟ ਤੋਂ ਘੱਟ ਹੋਵੇਗੀ, ਉਸਦਾ 300 ਯੂਨਿਟ ਮੁਆਫ ਕਰ ਕੇ ਸਿਰਫ 300 ਯੂਨਿਟ ਦਾ ਬਿੱਲ ਬਣੇਗਾ।

ਇਹ ਵੀ ਪੜ੍ਹੋ: ਅਨੋਖਾ ਪਿਆਰ! ਵਿਆਹ ਕਰਵਾਉਣ ਲਈ ਜਲੰਧਰ ਦਾ ਸ਼ੁਭਮ ਬਣਿਆ 'ਜੀਆ', ਹੁਣ ਪਈ ਰਿਸ਼ਤੇ 'ਚ ਤਰੇੜ

ਸਾਫ਼ਟਵੇਅਰ ਅਪਡੇਟ ਕਰ ਦਿੱਤੇ ਗਏ, ਅਗਲੇ ਬਿੱਲਾਂ ’ਚ ਨਹੀਂ ਹੋਵੇਗੀ ਦੁਵਿਧਾ : ਐੱਸ. ਈ. ਬਿਲਿੰਗ
ਬਿਲਿੰਗ ਵਿਭਾਗ ਪੰਜਾਬ ਦੇ ਸੁਪਰਡੈਂਟ ਇੰਜੀਨੀਅਰ (ਐੱਸ. ਈ.) ਸੰਜੀਵ ਗਰਗ ਨੇ ਕਿਹਾ ਕਿ ਪੂਰੇ ਪੰਜਾਬ ਵਿਚ ਬਿਲਿੰਗ ਸਾਫਟਵੇਅਰ ਕੁਝ ਦਿਨ ਪਹਿਲਾਂ ਅਪਡੇਟ ਕਰ ਦਿੱਤੇ ਗਏ ਹਨ। ਮੀਟਰ ਰੀਡਰ ਨਵੀਂ ਰੀਡਿੰਗ ਭਰੇਗਾ ਅਤੇ ਕੰਪਿਊਟਰ ਦੀ ਖ਼ਪਤ ਨੂੰ ਦਿਨਾਂ ਨਾਲ ਵੰਡ ਕੇ ਬਿੱਲ ਬਣਾਵੇਗਾ। ਨੋਟੀਫਿਕੇਸ਼ਨ 23 ਜੁਲਾਈ ਨੂੰ ਲਾਗੂ ਹੋਇਆ ਸੀ ਅਤੇ ਸਕੀਮ ਦਾ ਲਾਭ 1 ਜੁਲਾਈ ਤੋਂ ਦਿੱਤਾ ਜਾਣਾ ਹੈ। ਮਹਿਕਮੇ ਨੇ ਇਸ ਪੂਰੇ ਸਿਸਟਮ ਵਿਚ ਪਾਰਦਰਸ਼ਿਤਾ ਰੱਖੀ ਹੈ ਅਤੇ ਮੀਟਰ ਰੀਡਰ ਗਲਤ ਰੀਡਿੰਗ ਨਹੀਂ ਭਰ ਸਕਣਗੇ। ਸਾਫਟਵੇਅਰ ਅਪਡੇਟ ਹੋਣ ਤੋਂ ਪਹਿਲਾਂ ਬਣੇ ਬਿੱਲਾਂ ਵਿਚ ਜੇਕਰ ਕਿਸੇ ਖਪਤਕਾਰ ਸਹੀ ਬਿੱਲ ਨਹੀਂ ਮਿਲ ਸਕੇ ਤਾਂ ਸਬੰਧਤ ਸਬ-ਡਿਵੀਜ਼ਨ ਵਿਚ ਜਾ ਕੇ ਆਪਣਾ ਬਿੱਲ ਠੀਕ ਕਰਵਾਉਣ। ਅਗਲੀ ਵਾਰ ਬਣਨ ਵਾਲੇ ਬਿੱਲਾਂ ਵਿਚ ਕਿਸੇ ਤਰ੍ਹਾਂ ਦੁਵਿਧਾ ਨਹੀਂ ਰਹੇਗੀ।

ਇਹ ਵੀ ਪੜ੍ਹੋ: ਜਲੰਧਰ ਵਿਖੇ ਗੁਰਦੁਆਰਾ ਸਾਹਿਬ 'ਚ ਕੁੜੀ ਨੇ ਕੀਤੀ ਬੇਅਦਬੀ ਦੀ ਕੋਸ਼ਿਸ਼, ਘਟਨਾ CCTV 'ਚ ਹੋਈ ਕੈਦ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News