ਪੰਜਾਬ ''ਚ ''ਕਿਸਾਨ ਖੁਦਕੁਸ਼ੀਆਂ'' ਦੇ ਮਾਮਲੇ ਵਧੇ, ਜਾਰੀ ਹੋਏ ਆਂਕੜੇ

Wednesday, Jan 15, 2020 - 01:58 PM (IST)

ਚੰਡੀਗੜ੍ਹ : ਪਿਛਲੇ ਸਾਲਾਂ ਦੌਰਾਨ ਖੇਤੀ ਪ੍ਰਧਾਨ ਸੂਬੇ ਪੰਜਾਬ 'ਚ ਕਿਸਾਨਾਂ ਵਲੋਂ ਖੁਦਕੁਸ਼ੀਆਂ ਦਾ ਦੌਰ ਵਧਿਆ ਹੈ। ਜੇਕਰ ਰਾਸ਼ਟਰੀ ਪੱਧਰ 'ਤੇ ਇਨ੍ਹਾਂ ਆਂਕੜਿਆਂ 'ਤੇ ਝਾਤ ਪਾਈ ਜਾਵੇ ਤਾਂ ਨੈਸ਼ਨਲ ਕ੍ਰਾਈਮ ਰਿਕਾਰਡ ਬਿਓਰੋ (ਐੱਨ. ਸੀ. ਆਰ. ਬੀ.' ਵਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਆਂਕੜਿਆਂ ਮੁਤਾਬਕ ਪੂਰੇ ਭਾਰਤ 'ਚ ਕਿਸਾਨ ਖੁਦਕੁਸ਼ੀਆਂ ਦੇ ਮਾਮਲਿਆਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ।

ਆਂਕੜਿਆਂ ਮੁਤਾਬਕ ਸਾਲ 2018 'ਚ ਪੂਰੇ ਭਾਰਤ 'ਚ 10,349 ਕਿਸਾਨਾਂ ਨੇ ਖੁਦਕੁਸ਼ੀ ਕੀਤੀ, ਜਦੋਂ ਕਿ ਸਾਲ 2017 ਦੇ ਕਿਸਾਨੀ ਖੁਦਕੁਸ਼ੀ ਦੇ ਆਂਕੜੇ ਜਾਰੀ ਨਹੀਂ ਕੀਤੇ ਗਏ। ਇਸੇ ਤਰ੍ਹਾਂ ਸਾਲ 2016 'ਚ 11,379 ਕਿਸਾਨਾਂ ਵਲੋਂ ਖੁਦਕੁਸ਼ੀ ਕੀਤੀ ਗਈ ਸੀ, ਜਦੋਂ ਕਿ ਪੰਜਾਬ ਦੀ ਗੱਲ ਕਰੀਏ ਤਾਂ ਸਾਲ 2017 ਅਤੇ 2018 ਦੌਰਾਨ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਸਾਲ 2016 ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਰਿਪੋਰਟ ਮੁਤਾਬਕ ਸਾਲ 2017 'ਚ 370 ਕਿਸਾਨਾਂ ਵਲੋਂ ਖੁਦਕੁਸ਼ੀ ਕੀਤੀ ਗਈ, ਜਦੋਂ ਕਿ ਸਾਲ 2018 'ਚ ਇਹ ਆਂਕੜਾ 536 ਦਾ ਸੀ। ਸਾਲ 2019 ਦੌਰਾਨ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੀ ਗਿਣਤੀ 501 ਰਹੀ।

ਸੰਗਰੂਰ 'ਚ ਯੂਨੀਅਨ ਨੇਤਾ ਸੁਖਪਾਲ ਕਨਕਵਾਲਾ ਨੇ ਕਿਹਾ ਹੈ ਕਿ ਉਨ੍ਹਾਂ ਦੇ ਆਂਕੜੇ ਵੱਖ-ਵੱਖ ਅਖਬਾਰਾਂ 'ਚ ਛਪੀਆਂ ਖੁਦਕੁਸ਼ੀਆਂ ਦੀਆਂ ਰਿਪੋਰਟਾਂ 'ਤੇ ਆਧਾਰਿਤ ਹਨ, ਜਦੋਂ ਕਿ ਖੁਦਕੁਸ਼ੀਆਂ ਦੀ ਅਸਲ ਗਿਣਤੀ ਇਸ ਤੋਂ ਕਿਤੇ ਵੱਧ ਹੋ ਸਕਦੀ ਹੈ ਕਿਉਂਕਿ ਕਰਜ਼ੇ ਤੋਂ ਪਰੇਸ਼ਾਨ ਕਿਸਾਨਾਂ ਵਲੋਂ ਕੀਤੀਆਂ ਖੁਦਕੁਸ਼ੀਆਂ ਕਈ ਵਾਰ ਅਖਬਾਰਾਂ 'ਚ ਪ੍ਰਕਾਸ਼ਿਤ ਨਹੀਂ ਹੁੰਦੀਆਂ। ਇਸ ਬਾਰੇ ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂ ਦਾ ਕਹਿਣਾ ਹੈ ਕਿ ਕਿਸਾਨੀ ਖੁਦਕੁਸ਼ੀਆਂ ਬਾਰੇ ਸੂਬਾ ਪੱਧਰੀ ਆਂਕੜੇ ਐੱਨ. ਸੀ. ਆਰ. ਬੀ. ਵਲੋਂ ਸਾਂਝੇ ਨਹੀਂ ਕੀਤੇ ਗਏ ਹਨ, ਇਸ ਲਈ ਉਹ ਖੁਦ ਇਨ੍ਹਾਂ ਆਂਕੜਿਆਂ ਦੀ ਮੰਗ ਕਰਨਗੇ।


Babita

Content Editor

Related News