ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਰੈਲੀ ਕਰ ਕੇ ਕੀਤੀ ਨਾਅਰੇਬਾਜ਼ੀ

Friday, Jan 12, 2018 - 02:29 AM (IST)

ਅਜੀਤਵਾਲ,   (ਗਰੋਵਰ, ਰੱਤੀ)-  ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਕੋਕਰੀ ਕਲਾਂ 'ਚ ਰੈਲੀ ਕੀਤੀ ਗਈ, ਜਿਸ 'ਚ ਭਾਰੀ ਗਿਣਤੀ 'ਚ ਮਜ਼ਦੂਰ ਮਰਦ-ਔਰਤਾਂ ਸ਼ਾਮਲ ਹੋਈਆਂ, ਜਿਨ੍ਹਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਉਪਰੰਤ ਰੈਲੀ ਦੌਰਾਨ ਯੂਨੀਅਨ ਇਕਾਈ ਦੇ ਕੈਸ਼ੀਅਰ ਜਗਜੀਤ ਸਿੰਘ ਨੇ ਕਿਹਾ ਕਿ ਅੱਜ ਤੋਂ ਦੋ ਮਹੀਨੇ ਪਹਿਲਾਂ ਕੈਪਟਨ ਸਰਕਾਰ ਨੇ 5-5 ਮਰਲੇ ਦੇ ਪਲਾਟ ਦੇਣ ਲਈ ਅਰਜ਼ੀਆਂ ਦੀ ਮੰਗ ਕੀਤੀ ਸੀ ਅਤੇ ਇਸ ਮੰਗ ਨੂੰ ਪਿੰਡਾਂ ਦੇ ਪੰਚਾਂ-ਸਰਪੰਚਾਂ ਵੱਲੋਂ ਅਣਡਿੱਠਾ ਕਰ ਦਿੱਤਾ ਗਿਆ ਅਤੇ ਇਸ ਦੀ ਤਾਰੀਖ ਕੱਢਣ 'ਚ ਉਨ੍ਹਾਂ ਆਪਣਾ ਯੋਗਦਾਨ ਪਾਇਆ।
ਇਸ ਉਪਰੰਤ ਯੂਨੀਅਨ ਦੇ ਉੱਚ ਨੇਤਾਵਾਂ ਨੂੰ ਜਦ ਪਤਾ ਲੱਗਾ ਤਾਂ ਨੇਤਾਵਾਂ ਨੇ ਪੰਜਾਬ ਦੇ ਡੀ. ਸੀ. ਦਫਤਰਾਂ ਨੂੰ ਮੰਗ-ਪੱਤਰ ਦੇ ਕੇ ਮਿਤੀ ਬਦਲਣ ਦੀ ਅਪੀਲ ਕੀਤੀ ਅਤੇ ਸਰਕਾਰ ਨੇ ਮਜਬੂਰਨ ਅਪਲਾਈਆਂ ਦੀ ਮਿਤੀ 31 ਜਨਵਰੀ 2018 ਵਧਾ ਦਿੱਤੀ। ਅੱਜ ਪਿੰਡ ਕੋਕਰੀ ਕਲਾਂ 'ਚ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਦੇ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਨੂੰ 5-5 ਮਰਲੇ ਦੇ ਪਲਾਟ ਦੇਣ ਦੇ 150 ਫਾਰਮ ਭਰੇ ਗਏ। ਇਸ ਸਮੇਂ ਜਗਜੀਤ ਸਿੰਘ ਨੇ ਕਿਹਾ ਕਿ ਇਹ ਫਾਰਮ ਬੀ. ਡੀ. ਪੀ. ਓ. ਨੂੰ ਸੌਂਪੇ ਜਾਣਗੇ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਪਲਾਟਾਂ ਦੇ ਨਾਲ ਤਿੰਨ ਲੱਖ ਰੁਪਏ ਦੀ ਗ੍ਰਾਂਟ ਮਕਾਨ ਬਣਾਉਣ ਲਈ ਵੀ ਦਿੱਤੀ ਜਾਵੇ। 
ਮਜ਼ਦੂਰਾਂ ਨਾਲ ਕੈਪਟਨ ਸਾਹਿਬ ਨੇ ਸਰਕਾਰ ਬਣਨ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਜਦ ਕਾਂਗਰਸ ਸਰਕਾਰ ਸੱਤਾ 'ਚ ਆਵੇਗੀ ਤਾਂ ਮਜ਼ਦੂਰਾਂ ਨੂੰ ਉਨ੍ਹਾਂ ਦੀ ਸਰਕਾਰ ਬਿਹਤਰ ਸਹੂਲਤਾਂ ਦੇਵੇਗੀ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਅੱਜ ਤੱਕ ਉਨ੍ਹਾਂ ਨੂੰ ਕੋਈ ਵੀ ਸਹੂਲਤ ਨਹੀਂ ਦਿੱਤੀ ਗਈ। 
ਉਨ੍ਹਾਂ ਕੈਪਟਨ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਆਪਣੇ ਵਾਅਦਿਆਂ ਨੂੰ ਜਲਦ ਪੂਰਾ ਕਰੇ, ਨਹੀਂ ਤਾਂ ਸੰਘਰਸ਼ ਨੂੰ ਤੇਜ਼ ਕਰਨਾ ਪਵੇਗਾ। ਇਸ ਮੌਕੇ ਪ੍ਰਧਾਨ ਹੰਸਾ ਸਿੰਘ, ਬਲਦੇਵ ਸਿੰਘ, ਧਰਮਪਾਲ ਸਿੰਘ, ਸਿਕੰਦਰ ਸਿੰਘ, ਬਲਜਿੰਦਰ ਸਿੰਘ ਅਤੇ ਹੋਰ ਮੌਜੂਦ ਸਨ।


Related News