ਪੰਜਾਬ ''ਚ ਹੋ ਗਿਆ ਵੱਡਾ ਐਨਕਾਊਂਟਰ
Sunday, Feb 16, 2025 - 05:36 AM (IST)

ਤਰਨਤਾਰਨ (ਰਮਨ)- ਲੋੜੀਂਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਗਈ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਪਾਰਟੀ ਅਤੇ ਮੁਲਜ਼ਮਾਂ ਵਿਚਕਾਰ ਮੁਕਾਬਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੁਕਾਬਲੇ ’ਚ ਜਿੱਥੇ ਥਾਣਾ ਸਿਟੀ ਦਾ ਇਕ ਥਾਣੇਦਾਰ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਹੈ, ਉਥੇ ਹੀ ਇਕ ਮੁਲਜ਼ਮ ਵੀ ਲੱਤ ’ਚ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ, ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਜ਼ਿਲ੍ਹੇ ਦੇ ਉੱਚ ਪੁਲਸ ਅਧਿਕਾਰੀ ਮੌਕੇ ’ਤੇ ਪੁੱਜ ਗਏ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੂੰ ਲੋੜੀਂਦੇ ਮੁਲਜ਼ਮ ਲੱਲਾ ਸਿੰਘ ਪੁੱਤਰ ਮੰਗਾ ਸਿੰਘ ਨਿਵਾਸੀ ਮੁਰਾਦਪੁਰਾ, ਜੋ ਵੱਖ-ਵੱਖ ਮਾਮਲਿਆਂ ’ਚ ਪੁਲਸ ਨੂੰ ਲੋੜੀਂਦਾ ਸੀ, ਬਾਰੇ ਸੂਚਨਾ ਮਿਲੀ ਕਿ ਉਹ ਆਪਣੇ ਘਰ ਮੁਰਾਦਪੁਰਾ ਵਿਖੇ ਸਾਥੀਆਂ ਸਮੇਤ ਘੁੰਮ ਰਿਹਾ ਹੈ।
ਇਹ ਵੀ ਪੜ੍ਹੋ- ਟੁੱਟੇ ਦਿਲ ਤੇ ਮਾਯੂਸ ਚਿਹਰੇ ਲੈ ਕੇ ਬਾਹਰ ਆਏ ਡਿਪੋਰਟ ਹੋਏ ਭਾਰਤੀ, ਹੁਣ ਜਾਣਗੇ ਆਪੋ-ਆਪਣੇ ਘਰ
ਇਸ ਦੌਰਾਨ ਥਾਣਾ ਸਿਟੀ ਤਰਨਤਾਰਨ ਦੇ ਏ.ਐੱਸ.ਆਈ. ਬਲਦੇਵ ਸਿੰਘ ਸਮੇਤ ਪੁਲਸ ਪਾਰਟੀ ਜਦੋਂ ਮੁਰਾਦਪੁਰਾ ਵਿਖੇ ਪੁੱਜੇ ਤਾਂ ਗਲੀ ’ਚ ਖੜ੍ਹੇ ਮੁਲਜ਼ਮ ਲੱਲਾ ਸਿੰਘ ਅਤੇ ਉਸਦੇ ਕਰੀਬ 5 ਸਾਥੀਆਂ ਵਲੋਂ ਪੁਲਸ ਪਾਰਟੀ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਇਸ ਦੌਰਾਨ ਏ.ਐੱਸ.ਆਈ. ਬਲਦੇਵ ਸਿੰਘ ਸੱਜੇ ਹੱਥ ’ਤੇ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ।
ਪੁਲਸ ਵਲੋਂ ਕੀਤੀ ਜਵਾਬੀ ਕਾਰਵਾਈ ਦੌਰਾਨ ਇਕ ਮੁਲਜ਼ਮ ਲੱਤ ’ਚ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਪੁਲਸ ਪਾਰਟੀ ਨੇ ਮੁਸਤੈਦੀ ਨਾਲ ਉਸ ਨੂੰ ਪਿਸਤੌਲ ਸਮੇਤ ਗ੍ਰਿਫਤਾਰ ਕਰ ਲਿਆ, ਜਦਕਿ ਥਾਣਾ ਸਿਟੀ ਦੇ ਏ.ਐੱਸ.ਆਈ. ਬਲਦੇਵ ਸਿੰਘ ਨੂੰ ਜ਼ਖਮੀ ਹਾਲਤ ’ਚ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e