ਪੰਜਾਬ ਵਿਧਾਨ ਸਭਾ ਚੋਣਾਂ ਲੜ ਰਹੇ 1,304 ਉਮੀਦਵਾਰਾਂ ’ਚ 2 ਟ੍ਰਾਂਸਜੈਂਡਰ ਤੇ 93 ਔਰਤਾਂ ਸ਼ਾਮਲ

Friday, Feb 11, 2022 - 11:18 AM (IST)

ਪੰਜਾਬ ਵਿਧਾਨ ਸਭਾ ਚੋਣਾਂ ਲੜ ਰਹੇ 1,304 ਉਮੀਦਵਾਰਾਂ ’ਚ 2 ਟ੍ਰਾਂਸਜੈਂਡਰ ਤੇ 93 ਔਰਤਾਂ ਸ਼ਾਮਲ

ਜਲੰਧਰ/ਚੰਡੀਗੜ੍ਹ (ਧਵਨ) : ਸੂਬੇ ਦੇ 117 ਵਿਧਾਨ ਸਭਾ ਹਲਕਿਆਂ ਲਈ 20 ਫਰਵਰੀ , 2022 ਨੂੰ ਪੈਣ ਵਾਲੀਆਂ ਵੋਟਾਂ ਲਈ 1,304 ਉਮੀਦਵਾਰ ਚੋਣ ਮੈਦਾਨ ’ਚ ਹਨ। ਇਨ੍ਹਾਂ ’ਚ 2 ਟ੍ਰਾਂਸਜੈਂਡਰ ਤੇ 93 ਔਰਤਾਂ ਹਨ, ਜਦੋਂਕਿ 1,209 ਉਮੀਦਵਾਰ ਪੁਰਸ਼ ਹਨ। ਇਹ ਜਾਣਕਾਰੀ ਮੁੱਖ ਚੋਣ ਅਧਿਕਾਰੀ (ਸੀ. ਈ. ਓ.) ਡਾ. ਐੱਸ ਕਰੁਣਾ ਰਾਜੂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸਾਰੇ ਉਮੀਦਵਾਰਾਂ ’ਚੋਂ 9 ਉਮੀਦਵਾਰ 25 ਸਾਲ ਦੀ ਉਮਰ ਦੇ ਹਨ ਤੇ 6 ਉਮੀਦਵਾਰ 80 ਸਾਲ ਤੋਂ ਵੱਧ ਉਮਰ ਦੇ ਹਨ, ਜਿਨ੍ਹਾਂ ’ਚੋਂ ਸ੍ਰੀ ਮੁਕਤਸਰ ਸਾਹਿਬ ਦੇ ਹਲਕੇ ਲੰਬੀ (83 ਨੰ.) ਤੋਂ ਸਭ ਤੋਂ ਵੱਡੀ ਉਮਰ (94 ਸਾਲ) ਦੇ ਉਮੀਦਵਾਰ ਚੋਣ ਲੜ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਸੂਬੇ ’ਚ ਕੁੱਲ 2,14,99,804 ਰਜਿਸਟਰਡ ਵੋਟਰ ਹਨ, ਜਿਨ੍ਹਾਂ ’ਚੋਂ 1,12,98,081 ਪੁਰਸ਼, 1,02,00,996 ਔਰਤਾਂ, 727 ਟ੍ਰਾਂਸਜੈਂਡਰ, 1,58,341 ਦਿਵਿਆਂਗ ਵੋਟਰ, 1,09,624 ਸਰਵਿਸ ਵੋਟਰ, 1,608 ਪ੍ਰਵਾਸੀ ਵੋਟਰ ਤੇ 80 ਸਾਲ ਤੋਂ ਵੱਧ ਉਮਰ ਦੇ 5,09,205 ਵੋਟਰ ਹਨ।

ਇਹ ਵੀ ਪੜ੍ਹੋ : ਫਗਵਾੜਾ 'ਚ ਵੱਡੀ ਵਾਰਦਾਤ, ਸੰਘਣੀ ਆਬਾਦੀ ਵਾਲੇ ਇਲਾਕੇ 'ਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਉਨ੍ਹਾਂ ਦੱਸਿਆ ਕਿ 14,684 ਵੋਟਿੰਗ ਕੇਂਦਰਾਂ ’ਤੇ 24,740 ਪੋਲਿੰਗ ਸਟੇਸ਼ਨ ਹਨ, ਜਿਨ੍ਹਾਂ ’ਚੋਂ 1,051 ਪੋਲਿੰਗ ਸਥਾਨਾਂ ’ਤੇ ਸਥਿਤ 2,013 ਪੋਲਿੰਗ ਸਟੇਸ਼ਨਾਂ ਦੀ ਪਛਾਣ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੇ ਰੂਪ ’ਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵੋਟਾਂ ਵਾਲੇ ਦਿਨ ਸਾਰੇ ਪੋਲਿੰਗ ਬੂਥਾਂ ਨੂੰ ਵੈੱਬਕਾਸਟਿੰਗ ਅਧੀਨ ਕਵਰ ਕੀਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਨਿਯਮਾਂ ਅਨੁਸਾਰ ਸੰਵੇਦਨਸ਼ੀਲ ਪੋਲਿੰਗ ਸਥਾਨਾਂ ’ਤੇ ਕੇਂਦਰੀ ਹਥਿਆਰਬੰਦ ਪੁਲਸ ਬਲਾਂ (ਸੀ. ਏ. ਪੀ. ਐੱਫ.) ਨੂੰ ਘੱਟ ਤੋਂ ਘੱਟ ਅੱਧੇ ਹਿੱਸੇ ਤੇ ਬਾਕੀ ’ਤੇ ਪੰਜਾਬ ਪੁਲਸ ਦੀ ਨਿਯੁਕਤੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ਦੇ ਚੋਣ ਮੈਦਾਨ 'ਚ ਸਰਗਰਮ ਹੋਏ 'ਸੁਨੀਲ ਜਾਖੜ', ਚੋਣ ਮੁਹਿੰਮ ਦੀ ਕਮਾਨ ਸੰਭਾਲੀ

ਡਾ. ਰਾਜੂ ਨੇ ਇਹ ਵੀ ਦੱਸਿਆ ਕਿ ਵੋਟਾਂ ਆਜ਼ਾਦ, ਨਿਰਪੱਖ, ਪਾਰਦਰਸ਼ੀ ਤੇ ਸ਼ਾਂਤਮਈ ਢੰਗ ਨਾਲ ਕਰਵਾਉਣ ਲਈ 972 ਫਲਾਇੰਗ ਸਕੁਐਡ ਟੀਮਾਂ (ਐੱਫ. ਐੱਸ. ਟੀ.), 857 ਸਟੈਟਿਕ ਨਿਗਰਾਨੀ ਦਲ (ਐੱਸ. ਐੱਸ. ਟੀ.), 479 ਵੀਡੀਓ ਨਿਗਰਾਨੀ ਦਲ (ਵੀ. ਐੱਸ. ਟੀ.),159 ਵੀਡੀਓ ਵਿਊਇੰਗ ਟੀਮਾਂ (ਵੀ. ਵੀ. ਟੀ.) ਤੇ ਸੂਬੇ ਭਰ ’ਚ 119 ਅਕਾਊਟਿੰਗ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਜੋ 24 ਘੰਟੇ ਕੰਮ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਵੋਟਾਂ 20 ਫਰਵਰੀ, 2022 (ਐਤਵਾਰ) ਨੂੰ ਸਵੇਰੇ 8.00 ਤੋਂ ਸ਼ਾਮ 6.00 ਵਜੇ ਤੱਕ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 10 ਮਾਰਚ, 2022 ਨੂੰ ਹੋਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News