ਪੰਜਾਬ ਦੀ ਵਿੱਤੀ ਹਾਲਤ ਡਾਵਾਂਡੋਲ, ਸਾਰੇ ਵਿਭਾਗਾਂ ਨੂੰ ਕਟੌਤੀ ਦੀ ਹਦਾਇਤ

Tuesday, Jan 07, 2020 - 11:41 PM (IST)

ਪੰਜਾਬ ਦੀ ਵਿੱਤੀ ਹਾਲਤ ਡਾਵਾਂਡੋਲ, ਸਾਰੇ ਵਿਭਾਗਾਂ ਨੂੰ ਕਟੌਤੀ ਦੀ ਹਦਾਇਤ

ਚੰਡੀਗੜ੍ਹ (ਭੁੱਲਰ)-ਪੰਜਾਬ ਸਰਕਾਰ ਦੀ ਵਿੱਤੀ ਹਾਲਤ ਡਾਵਾਂਡੋਲ ਹੋਣ ਦੇ ਮੱਦੇਨਜ਼ਕ ਵਿੱਤ ਵਿਭਾਗ ਵਲੋਂ ਕਈ ਕਦਮ ਉਠਾਏ ਜਾ ਰਹੇ ਹਨ। ਹੁਣ ਵਿੱਤ ਵਿਭਾਗ ਨੇ ਵੱਖ-ਵੱਖ ਵਿਭਾਗਾਂ ਨੂੰ ਪੱਤਰ ਜਾਰੀ ਕਰਕੇ ਖਰਚਿਆਂ 'ਚ 20 ਫੀਸਦੀ ਕਮੀ ਕਰਨ ਦੀ ਹਦਾਇਤ ਜਾਰੀ ਕੀਤੀ ਹੈ। ਜਾਰੀ ਕੀਤੇ ਪੱਤਰ ਅਨੁਸਾਰ ਮੁੱਖ ਮੰਤਰੀ ਨਾਲ ਵਿੱਤੀ ਹਾਲਤ ਦੀ ਸਥਿਤੀ ਦੇ ਮੱਦੇਨਜ਼ਰ ਖਰਚਿਆਂ 'ਚ 20 ਫੀਸਦੀ ਕਟੌਤੀ ਦੇ ਨਾਲ ਹੀ ਭਵਿੱਖ 'ਚ ਨਵੇਂ ਟੈਂਡਰ ਜਾਰੀ ਕਰਨ ਅਤੇ ਨਵੇਂ ਵਿਕਾਸ ਕਾਰਜ ਸ਼ੁਰੂ ਕਰਨ 'ਤੇ ਵੀ ਰੋਕ ਲਾਈ ਗਈ ਹੈ। 20 ਫੀਸਦੀ ਖਰਚੇ ਦੀ ਕਟੌਤੀ 'ਚ ਸਿਰਫ਼ ਤਨਖਾਹਾਂ, ਪੈਨਸ਼ਨਾਂ, ਬਿਜਲੀ ਦੇ ਬਿੱਲ ਤੇ ਕਰਜ਼ੇ ਦੀ ਅਦਾਇਗੀ ਨੂੰ ਛੋਟ ਦਿੱਤੀ ਗਈ ਹੈ। ਨਾਲ ਇਹ ਵੀ ਕਿਹਾ ਹੈ ਕਿ ਜੋ ਕੰਮ ਚੱਲ ਰਹੇ ਹਨ, ਉਨ੍ਹਾਂ 'ਤੇ ਧਿਆਨ ਦਿੱਤਾ ਜਾਵੇ। ਜੇਕਰ ਐਮਰਜੈਂਸੀ 'ਚ ਕਿਸੇ ਵਿਭਾਗ ਨੇ ਟੈਂਡਰ ਜਾਰੀ ਕਰਨਾ ਹੈ ਤਾਂ ਇਸ ਲਈ ਵਿੱਤ ਵਿਭਾਗ ਤੋਂ ਮਨਜ਼ਰੀ ਲਈ ਜਾਵੇ। ਇਸ ਤੋਂ ਇਲਾਵਾ ਇਸ ਵਿੱਤੀ ਸਾਲ ਵਿਚ ਨਵੇਂ ਸਾਜ਼ੋ-ਸਾਮਾਨ ਦੀ ਖਰੀਦ ਕਰਨ 'ਤੇ ਵੀ ਰੋਕ ਲਾ ਦਿੱਤੀ ਹੈ। ਕੋਈ ਵੀ ਵਿਭਾਗ ਨਵਾਂ ਸਾਜ਼ੋ-ਸਾਮਾਨ ਨਹੀਂ ਖਰੀਦੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਇਲਾਵਾ ਪਿਛਲੇ ਦਿਨਾਂ 'ਚ ਵਿੱਤ ਵਿਭਾਗ ਵਿੱਤੀ ਹਾਲਾਤ ਦੇ ਮੱਦੇਨਜ਼ਰ ਡਾਕਟਰਾਂ ਨੂੰ ਮਿਲਦਾ ਐੱਨ. ਪੀ. ਏ. ਬੰਦ ਕਰ ਕੇ ਉਨ੍ਹਾਂ ਨੂੰ ਨਿੱਜੀ ਪ੍ਰੈਕਟਿਸ ਦੀ ਖੁੱਲ੍ਹ ਦੇਣ ਤੇ ਪੁਲਸ ਮੁਲਾਜ਼ਮਾਂ ਨੂੰ ਮਿਲਦੀ 13ਵੀਂ ਤਨਖਾਹ ਬੰਦ ਕਰਨ ਵਰਗੇ ਸੁਝਾਅ ਵੀ ਸਰਕਾਰ ਨੂੰ ਦੇ ਚੁੱਕਾ ਹੈ।


author

Sunny Mehra

Content Editor

Related News