ਗੈਂਗਸਟਰਾਂ ਤੇ ਨਸ਼ਾ ਤਸਕਰਾਂ ਨੂੰ ਲੈ ਕੇ ਬੋਲੇ ਪੰਜਾਬ ਦੇ DGP ਗੌਰਵ ਯਾਦਵ, ਦਿੱਤਾ ਇਹ ਬਿਆਨ

Sunday, Aug 07, 2022 - 06:32 PM (IST)

ਗੈਂਗਸਟਰਾਂ ਤੇ ਨਸ਼ਾ ਤਸਕਰਾਂ ਨੂੰ ਲੈ ਕੇ ਬੋਲੇ ਪੰਜਾਬ ਦੇ DGP ਗੌਰਵ ਯਾਦਵ, ਦਿੱਤਾ ਇਹ ਬਿਆਨ

ਜਲੰਧਰ (ਧਵਨ)- 1992 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਗੌਰਵ ਯਾਦਵ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 5 ਜੁਲਾਈ ਨੂੰ ਸੂਬੇ ਦਾ ਨਵਾਂ ਡੀ. ਜੀ. ਪੀ. ਨਿਯੁਕਤ ਕੀਤਾ ਸੀ। ਡੀ. ਜੀ. ਪੀ. ਨਿਯੁਕਤ ਹੋਣ ਤੋਂ ਬਾਅਦ ਗੌਰਵ ਯਾਦਵ ਨੇ ਪੰਜਾਬ ਪੁਲਸ ਦਾ ਮਨੋਬਲ ਉੱਚਾ ਚੁੱਕਣ ਲਈ ਸਰਕਾਰ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਕਈ ਅਹਿਮ ਕਦਮ ਚੁੱਕੇ ਹਨ। ਯਾਦਵ, ਜੋ ਪਹਿਲਾਂ ਇੰਟੈਲੀਜੈਂਸ ਵਿੰਗ ਸਮੇਤ ਕਈ ਮਹੱਤਵਪੂਰਨ ਅਹੁਦਿਆਂ ’ਤੇ ਕੰਮ ਕਰ ਚੁੱਕੇ ਹਨ, ਨੂੰ ਫੀਲਡ ’ਚ ਕੰਮ ਕਰਨ ਦਾ ਵਿਸ਼ਾਲ ਤਜਰਬਾ ਹੈ। ਉਹ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਸ਼ੇਸ਼ ਪ੍ਰਿੰਸੀਪਲ ਸਕੱਤਰ ਵਜੋਂ ਵੀ ਕੰਮ ਕਰ ਰਹੇ ਸਨ।

ਪੰਜਾਬ ਪੁਲਸ ਦੇ ਸਾਹਮਣੇ ਚੁਣੌਤੀਆਂ ਨੂੰ ਵੇਖਦੇ ਹੋਏ ਗੌਰਵ ਯਾਦਵ ਨੇ ਆਪਣੀ ਕਮਰ ਕੱਸ ਲਈ ਹੈ ਅਤੇ ਉਹ ਲਗਾਤਾਰ ਸੀਨੀਅਰ ਪੁਲਸ ਅਧਿਕਾਰੀਆਂ ਤੋਂ ਲੈ ਕੇ ਹੇਠਲੇ ਪੱਧਰ ਤੱਕ ਕੰਮ ਕਰਨ ਵਾਲੇ ਪੁਲਸ ਮੁਲਾਜ਼ਮਾਂ ਦਾ ਮਨੋਬਲ ਲਗਾਤਾਰ ਉੱਚਾ ਕਰ ਰਹੇ ਹਨ। ਇਸ ਸਬੰਧ ਵਿਚ ਉਨ੍ਹਾਂ ਨਾਲ ਇਕ ਸੰਖੇਪ ਗੱਲਬਾਤ ਕੀਤੀ ਗਈ, ਜਿਸ ਦੇ ਮੁੱਖ ਅੰਸ਼ ਇਸ ਪ੍ਰਕਾਰ ਹਨ :

ਸਵਾਲ- ਪੰਜਾਬ ਵਿਚ ਇਸ ਸਮੇਂ ਗੈਂਗਸਟਰਾਂ ਨੂੰ ਖ਼ਤਮ ਕਰਨਾ ਸਭ ਤੋਂ ਜ਼ਰੂਰੀ ਹੋ ਗਿਆ ਹੈ। ਪੰਜਾਬ ਪੁਲਸ ਇਸ ਚੁਣੌਤੀ ਨਾਲ ਕਿਵੇਂ ਨਜਿੱਠੇਗੀ?
- ਪੰਜਾਬ ’ਚ ਗੈਂਗਸਟਰ ਕਲਚਰ ਨੂੰ ਖ਼ਤਮ ਕਰਨਾ ਪੰਜਾਬ ਪੁਲਸ ਦੇ ਏਜੰਡੇ ’ਤੇ ਸਭ ਤੋਂ ਉੱਪਰ ਹੈ। ਪਿਛਲੇ ਕੁਝ ਮਹੀਨਿਆਂ ਦੌਰਾਨ ਪੰਜਾਬ ਪੁਲਸ ਨੇ ਗੈਂਗਸਟਰਾਂ ਨਾਲ ਮੁਕਾਬਲਾ ਕਰਨ ’ਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੰਜਾਬ ਪੁਲਸ ਲਗਾਤਾਰ ਗੈਂਗਸਟਰਾਂ ’ਤੇ ਦਬਾਅ ਬਣਾਉਣ ’ਚ ਲੱਗੀ ਹੋਈ ਹੈ। ਆਉਣ ਵਾਲੇ ਸਮੇਂ ’ਚ ਹੋਰ ਚੰਗੇ ਨਤੀਜੇ ਸਾਹਮਣੇ ਆਉਣਗੇ।

ਇਹ ਵੀ ਪੜ੍ਹੋ: ਰਿਪੋਰਟ 'ਚ ਖ਼ੁਲਾਸਾ, ਬਾਲ ਮਜਦੂਰੀ 'ਚ 18 ਸੂਬਿਆਂ ਵਿਚੋਂ ਪੰਜਾਬ ਸਭ ਤੋਂ ਉੱਪਰ

ਸਵਾਲ- ਸਿੱਧੂ ਮੂਸੇਵਾਲਾ ਦੇ ਕਤਲ ’ਚ ਸ਼ਾਮਲ ਸ਼ੂਟਰਾਂ ਨੂੰ ਮਾਰਨ ਤੋਂ ਬਾਅਦ ਪੰਜਾਬ ਪੁਲਸ ਦੀ ਕਾਫ਼ੀ ਸ਼ਲਾਘਾ ਹੋਈ ਹੈ। ਤੁਸੀਂ ਕੀ ਕਹਿਣਾ ਚਾਹੋਗੇ?
ਪੰਜਾਬ ਪੁਲਸ ਨੇ ਆਪਣਾ ਫਰਜ਼ ਅਤੇ ਜਿੰਮੇਵਾਰੀ ਨਿਭਾਈ ਹੈ ਅਤੇ ਭਵਿੱਖ ’ਚ ਵੀ ਸੂਬਾ ਪੁਲਸ ਪੰਜਾਬ ਪ੍ਰਤੀ ਆਪਣੀ ਜਿੰਮੇਵਾਰੀ ਨਿਭਾਉਂਦੀ ਰਹੇਗੀ। ਪੁਲਸ ਦੀ ਭੂਮਿਕਾ ਦੀ ਜਨਤਾ ਨੇ ਸ਼ਲਾਘਾ ਕੀਤੀ ਹੈ ਅਤੇ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ।

ਸਵਾਲ- ਪੰਜਾਬ ਵਿਚ ਗੈਂਗਸਟਰਾਂ ਤੋਂ ਇਲਾਵਾ ਨਸ਼ਾ ਸਮੱਗਲਰਾਂ ’ਤੇ ਲਗਾਮ ਕੱਸਣਾ ਵੀ ਵੱਡੀ ਚੁਣੌਤੀ ਹੈ।
ਇਹ ਸਹੀ ਹੈ ਕਿ ਗੈਂਗਸਟਰਾਂ ਦੇ ਨਾਲ-ਨਾਲ ਪੰਜਾਬ ਪੁਲਸ ਨੂੰ ਨਸ਼ਾ ਸਮੱਗਲਰਾਂ ’ਤੇ ਵੀ ਲਗਾਮ ਕੱਸਣੀ ਹੈ, ਜਿਸ ਲਈ ਪੁਲਸ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀ ਹੈ। ਪਿਛਲੇ ਕੁਝ ਹਫ਼ਤਿਆਂ ਦੌਰਾਨ ਵੱਡੀ ਗਿਣਤੀ ’ਚ ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਪੁਲਸ ਅਧਿਕਾਰੀਆਂ ਨੇ ਹਰ ਜ਼ਿਲ੍ਹੇ ’ਚ ਨਸ਼ਿਆਂ ਦੇ ਕਾਰੋਬਾਰ ’ਚ ਸ਼ਾਮਲ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤੇ ਹਨ। ਪੰਜਾਬ ਪੁਲਸ ਦੀ ਨਸ਼ਿਆਂ ਖ਼ਿਲਾਫ਼ ਮੁਹਿੰਮ ਅੱਗੇ ਵੀ ਜਾਰੀ ਰਹੇਗੀ।

ਸਵਾਲ- ਨਸ਼ਿਆਂ ਦੇ ਮਾਮਲੇ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਉਣ ਲਈ ਕਿਹਾ ਹੈ?
ਮੁੱਖ ਮੰਤਰੀ ਦੇ ਹੁਕਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਦੇ ਹੁਕਮ ਸਾਰੇ ਪੁਲਸ ਅਧਿਕਾਰੀਆਂ ਨੂੰ ਦਿੱਤੇ ਗਏ ਹਨ। ਨਸ਼ਿਆਂ ਦੇ ਮਾਮਲਿਆਂ ’ਚ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਜਾਵੇਗੀ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਵੀ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਜਾ ਰਹੀ ਹੈ।

ਇਹ ਵੀ ਪੜ੍ਹੋ: ਜਲੰਧਰ: ਮੋਬਾਇਲ ਐਪ ’ਤੇ ਹੋਈ ਦੋਸਤੀ ਦਾ ਖ਼ੌਫ਼ਨਾਕ ਅੰਜਾਮ, ਵਿਆਹ ਰਚਾ ਸਾਜ਼ਿਸ਼ ਤਹਿਤ ਕਰਵਾ ਦਿੱਤਾ ਗਰਭਪਾਤ

ਸਵਾਲ-ਤੁਸੀਂ ਖ਼ੁਦ ਸੀਨੀਅਰ ਪੁਲਸ ਅਫ਼ਸਰਾਂ ਨਾਲ ਫੀਲਡ ’ਚ ਉਤਰੇ ਹੋ, ਇਸ ਦਾ ਕੀ ਮਕਸਦ ਹੈ?
ਸਮਾਜ ਵਿਰੋਧੀ ਅਨਸਰਾਂ ਦੇ ਮਨਾਂ ’ਚ ਡਰ ਦੀ ਭਾਵਨਾ ਪੈਦਾ ਕਰਨ ਅਤੇ ਲੋਕਾਂ ਨੂੰ ਸੁਰੱਖਿਆ ਦਾ ਸੁਨੇਹਾ ਦੇਣ ਲਈ ਉਹ ਖ਼ੁਦ ਹੋਰ ਪੁਲਸ ਅਧਿਕਾਰੀਆਂ ਨਾਲ ਫੀਲਡ ’ਚ ਆਏ ਹਨ। ਇਸ ਨਾਲ ਲੋਕਾਂ ਨੂੰ ਸੁਨੇਹਾ ਜਾਂਦਾ ਹੈ ਕਿ ਵੱਡੇ ਪੁਲਸ ਅਧਿਕਾਰੀ ਵੀ ਫੀਲਡ ’ਚ ਕੰਮ ਕਰ ਰਹੇ ਹਨ। ਇਸ ਨਾਲ ਹੇਠਲੇ ਪੱਧਰ ’ਤੇ ਕੰਮ ਕਰਨ ਵਾਲੇ ਪੁਲਸ ਮੁਲਾਜ਼ਮਾਂ ਅੰਦਰ ਵੀ ਮਿਹਨਤ ਦੀ ਭਾਵਨਾ ਪੈਦਾ ਹੁੰਦੀ ਹੈ। ਬੀਤੇ ਦਿਨਾਂ ’ਚ ਅਸੀਂ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ ਹੈ ਅਤੇ ਪੰਜਾਬ ਪੁਲਸ ਦੇ ਸਾਰੇ ਏ. ਡੀ. ਜੀ. ਪੀ., ਆਈ. ਜੀ., ਪੁਲਸ ਕਮਿਸ਼ਨਰ, ਐੱਸ. ਐੱਸ. ਪੀ. ਪੱਧਰ ਦੇ ਸੀਨੀਅਰ ਅਧਿਕਾਰੀ ਇਸ ਮੁਹਿੰਮ ਦੀ ਅਗਵਾਈ ਕਰਨ ਲਈ ਮੈਦਾਨ ’ਚ ਉਤਰੇ।

ਸਵਾਲ- ਪੰਜਾਬ ਪੁਲਸ ਨੂੰ ਜਨਰਲ ਪੁਲਿਸਿੰਗ ਵੱਲ ਵੀ ਧਿਆਨ ਕੇਂਦ੍ਰਿਤ ਕਰਨਾ ਹੈ?
ਜਨਰਲ ਪੁਲਸਿੰਗ ਨੂੰ ਲੈ ਕੇ ਉਹ ਖ਼ੁਦ ਸਾਰੀਆਂ ਰੇਂਜਾਂ ਦੇ ਪੁਲਸ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਚੁੱਕੇ ਹਨ। ਜਨਰਲ ਪੁਲਸਿੰਗ ਨਾਲ ਪੁਲਸ ਆਮ ਲੋਕਾਂ ਦੇ ਨੇੜੇ ਆਵੇਗੀ ਅਤੇ ਇਸ ਨਾਲ ਪੁਲਸ ਨੂੰ ਲੋਕਾਂ ਤੋਂ ਹੀ ਅਪਰਾਧੀਆਂ ਦੀ ਜਾਣਕਾਰੀ ਮਿਲੇਗੀ। ਅਸੀਂ ਪੂਰੀ ਮਿਹਨਤ ਕਰ ਰਹੇ ਹਾਂ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਦੇ ਸਕੀਏ।

ਸਵਾਲ- ਸਰਹੱਦ ਪਾਰੋਂ ਵੀ ਡਰੋਨਾਂ ਰਾਹੀਂ ਹਥਿਆਰ, ਨਸ਼ੀਲੇ ਪਦਾਰਥ ਆਦਿ ਆ ਰਹੇ ਹਨ। ਤੁਸੀਂ ਕੀ ਕਹਿਣਾ ਚਾਹੋਗੇ?
ਇਹ ਸਹੀ ਹੈ ਕਿ ਸਰਹੱਦ ਪਾਰੋਂ ਪਿਛਲੇ ਕੁਝ ਦਿਨਾਂ ਦੌਰਾਨ ਹਥਿਆਰ ਅਤੇ ਨਸ਼ੀਲੇ ਪਦਾਰਥ ਆਦਿ ਆ ਰਹੇ ਹਨ। ਇਸ ਨੂੰ ਰੋਕਣ ਲਈ ਪੰਜਾਬ ਪੁਲਸ ਨੇ ਬੀ. ਐੱਸ. ਐੱਫ਼. ਨਾਲ ਤਾਲਮੇਲ ਵਧਾਇਆ ਹੈ। ਬੀਤੇ ਦਿਨ ਵੀ ਸਮੁੱਚੇ ਸਰਹੱਦੀ ਜ਼ਿਲ੍ਹਿਆਂ ’ਚ ਦੋਵਾਂ ਸੁਰੱਖਿਆ ਏਜੰਸੀਆਂ ਨੇ ਤਲਾਸ਼ੀ ਮੁਹਿੰਮ ਚਲਾਈ ਸੀ।

ਇਹ ਵੀ ਪੜ੍ਹੋ: ਕਪੂਰਥਲਾ: ਇੰਸਟਾਗ੍ਰਾਮ ਦੀ ਦੋਸਤੀ ਕੁੜੀ ਨੂੰ ਪਈ ਮਹਿੰਗੀ, ਗੱਡੀ 'ਚ ਲਿਜਾ ਕੇ ਮੁੰਡੇ ਨੇ ਕੀਤਾ ਜਬਰ-ਜ਼ਿਨਾਹ

ਸਵਾਲ- ਪੰਜਾਬ ’ਚ ਪੁਲਸ ਸਾਹਮਣੇ ਕਿਹੜੀਆਂ ਚੁਣੌਤੀਆਂ ਹਨ?
ਗੈਂਗਸਟਰਾਂ ਅਤੇ ਨਸ਼ਾ ਸਮੱਗਲਰਾਂ ’ਤੇ ਮੁਕੰਮਲ ਪਾਬੰਦੀ ਲਾਉਣ ਦੇ ਨਾਲ-ਨਾਲ ਸੂਬਾ ਪੁਲਸ ਨੇ ਸਰਹੱਦ ਪਾਰੋਂ ਆਉਣ ਵਾਲੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ’ਤੇ ਵੀ ਰੋਕ ਲਾਉਣੀ ਹੈ। ਅੱਤਵਾਦੀਆਂ ਦਾ ਨਸ਼ਾ ਸਮੱਗਲਰਾਂ ਨਾਲ ਗਠਜੋੜ ਤੋੜਨਾ ਹੋਵੇਗਾ। ਸਰਹੱਦ ਪਾਰੋਂ ਡਰੋਨਾਂ ਰਾਹੀਂ ਜੋ ਹਥਿਆਰ ਅਤੇ ਨਸ਼ੀਲੇ ਪਦਾਰਥ ਕੁਝ ਸਾਲਾਂ ਤੋਂ ਭੇਜੇ ਜਾ ਰਹੇ ਹਨ, ਉਹ ਯਕੀਨੀ ਤੌਰ ’ਤੇ ਚਿੰਤਾ ਦਾ ਵਿਸ਼ਾ ਹਨ।

ਸਵਾਲ- ਕੀ ਪੰਜਾਬ ਪੁਲਸ ਦਾ ਆਧੁਨਿਕੀਕਰਨ ਜ਼ਰੂਰੀ ਹੈ?
ਸੂਬਾ ਪੁਲਸ ਦੇ ਆਧੁਨਿਕੀਕਰਨ ਲਈ ਸੂਬਾ ਸਰਕਾਰ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ ਅਤੇ ਮੁੱਖ ਮੰਤਰੀ ਨੇ ਤਕਨਾਲੋਜੀ ਆਧਾਰਿਤ ਆਧੁਨਿਕੀਕਰਨ ਲਈ ਪੂਰੇ ਫੰਡ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਹੈ।

ਸਵਾਲ- ਐਂਟੀ ਗੈਂਗਸਟਰ ਟਾਸਕ ਫੋਰਸ ਕਿਸ ਤਰ੍ਹਾਂ ਦਾ ਕੰਮ ਕਰ ਰਹੀ ਹੈ?
ਉੱਚ ਪੱਧਰੀ ਵਿਚਾਰ-ਵਟਾਂਦਰੇ ਤੋਂ ਬਾਅਦ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਸੀ। ਬਦਲਦੇ ਸਮੇਂ ਅਤੇ ਹਾਲਾਤਾਂ ਦੇ ਮੱਦੇਨਜ਼ਰ ਇਕ ਵਿਸ਼ੇਸ਼ ਟਾਸਕ ਫੋਰਸ ਦੀ ਲੋੜ ਸੀ, ਜਿਸ ਨੂੰ ਵਿਸ਼ੇਸ਼ ਏਜੰਡਾ ਦਿੱਤਾ ਜਾ ਸਕੇ। ਏ. ਜੀ. ਟੀ. ਪੀ. ਦਾ ਗਠਨ ਸਹੀ ਦਿਸ਼ਾ ’ਚ ਇਕ ਕਦਮ ਹੈ।

ਸਵਾਲ- ਕੀ ਸਾਰੇ ਅਪਰਾਧ ਗੈਂਗਸਟਰਾਂ ਦੁਆਰਾ ਕੀਤੇ ਜਾਂਦੇ ਹਨ?
-ਇਹ ਸਹੀ ਨਹੀਂ ਹੈ। ਸਾਰੇ ਅਪਰਾਧ ਗੈਂਗਸਟਰਾਂ ਵੱਲੋਂ ਨਹੀਂ ਕੀਤੇ ਜਾਂਦੇ ਪਰ ਰਿਸਰਚ ਤੋਂ ਪਤਾ ਲੱਗਦਾ ਹੈ ਕਿ 90 ਫ਼ੀਸਦੀ ਫਿਰੌਤੀ ਕਾਲਾਂ ਸਥਾਨਕ ਮੁਲਜ਼ਮਾਂ ਵੱਲੋਂ ਅਸਾਨੀ ਨਾਲ ਪੈਸਾ ਕਮਾਉਣ ਲਈ ਕੀਤੀਆਂ ਜਾਂਦੀਆਂ ਹਨ। ਪੁਲਸ ਅਧਿਕਾਰੀ ਇਸ ਪਾਸੇ ਪੂਰਾ ਧਿਆਨ ਦੇ ਰਹੇ ਹਨ।

ਇਹ ਵੀ ਪੜ੍ਹੋ: ਬਿੱਲ ਮੁਆਫ਼ੀ ਨੂੰ ਲੈ ਕੇ ਉਮੀਦਾਂ ’ਤੇ ਫਿਰਿਆ ਪਾਣੀ: ਜ਼ਿਆਦਾਤਰ ਖ਼ਪਤਕਾਰਾਂ ਨੂੰ ਨਹੀਂ ਮਿਲ ਸਕੇਗਾ ਲਾਭ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News