ਐਕਸ਼ਨ 'ਚ DGP ਗੌਰਵ ਯਾਦਵ, ਪੁਲਸ ਅਧਿਕਾਰੀਆਂ ਨੂੰ ਗੈਂਗਸਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਨਿਰਦੇਸ਼

07/28/2022 2:13:38 PM

ਜਲੰਧਰ (ਧਵਨ)– ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਬੁੱਧਵਾਰ ਪੀ. ਏ. ਪੀ. ਜਲੰਧਰ ਵਿਚ ਜਲੰਧਰ ਦੇ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ, ਜਲੰਧਰ (ਦਿਹਾਤੀ), ਕਪੂਰਥਲਾ ਅਤੇ ਹੁਸ਼ਿਆਰਪੁਰ ਦੇ ਐੱਸ. ਐੱਸ. ਪੀਜ਼, ਗਜ਼ਟਿਡ ਅਧਿਕਾਰੀਆਂ ਨਾਲ ਉੱਚ ਪੱਧਰੀ ਲੰਮੀ ਬੈਠਕ ਕਰਕੇ ਉਨ੍ਹਾਂ ਨੂੰ ਨਸ਼ਾ ਸਮੱਗਲਰਾਂ ਅਤੇ ਗੈਂਗਸਟਰਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਡੀ. ਜੀ. ਪੀ. ਗੌਰਵ ਯਾਦਵ ਦੁਪਹਿਰ ਬਾਅਦ ਪੀ. ਏ. ਪੀ. ਪਹੁੰਚੇ ਸਨ, ਜਿੱਥੇ ਉਨ੍ਹਾਂ ਦਾ ਸਵਾਗਤ ਜਲੰਧਰ ਦੇ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਅਤੇ ਹੋਰਨਾਂ ਐੱਸ. ਐੱਸ. ਪੀਜ਼ ਵੱਲੋਂ ਕੀਤਾ ਗਿਆ। ਗੌਰਵ ਯਾਦਵ ਡੀ. ਜੀ. ਪੀ. ਬਣਨ ਤੋਂ ਬਾਅਦ ਪਹਿਲੀ ਵਾਰ ਪੁਲਸ ਅਧਿਕਾਰੀਆਂ ਨਾਲ ਬੈਠਕ ਕਰਨ ਲਈ ਆਏ ਸਨ।

ਇਹ ਵੀ ਪੜ੍ਹੋ: ਫਗਵਾੜਾ 'ਚ ਇਨਸਾਨੀਅਤ ਸ਼ਰਮਸਾਰ: ਲਾਵਾਰਸ ਥਾਂ ’ਤੇ ਸੁੱਟੀ ਨਵ-ਜਨਮੀ ਬੱਚੀ ਦੀ ਲਾਸ਼, ਕੁੱਤਿਆਂ ਨੇ ਨੋਚ-ਨੋਚ ਖਾਧੀ

ਪੁਲਸ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਡੀ. ਜੀ. ਪੀ. ਗੌਰਵ ਯਾਦਵ ਨੇ ਸਾਰੇ ਪੁਲਸ ਅਧਿਕਾਰੀਆਂ ਅਤੇ ਪੁਲਸ ਕਰਮਚਾਰੀਆਂ ਨੂੰ ਆਪਣੀ ਡਿਊਟੀ ਮਿਹਨਤ ਅਤੇ ਈਮਾਨਦਾਰੀ ਨਾਲ ਕਰਨ ਲਈ ਕਿਹਾ। ਉਨ੍ਹਾਂ ਨੇ ਪੁਲਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ-ਆਪਣੇ ਹਲਕਿਆਂ ਵਿਚ ਨਸ਼ਿਆਂ ਦਾ ਧੰਦਾ ਕਰਨ ਵਾਲੇ ਸਮੱਗਲਰਾਂ ਦਾ ਪਤਾ ਲਾਉਣ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਦੀ ਪਛਾਣ ਕਰਨੀ ਜ਼ਰੂਰੀ ਹੈ ਅਤੇ ਉਸ ਤੋਂ ਬਾਅਦ ਪੁਲਸ ਅਧਿਕਾਰੀਆਂ ਨੂੰ ਉਨ੍ਹਾਂ ਖ਼ਿਲਾਫ਼ ਐਕਸ਼ਨ ਲੈਣਾ ਹੈ ਕਿਉਂਕਿ ਉਹ ਕਾਨੂੰਨ ਵਿਵਸਥਾ ਵਿਚ ਕੋਈ ਰੁਕਾਵਟ ਨਾ ਪਾ ਸਕਣ।

PunjabKesari

ਡੀ. ਜੀ. ਪੀ. ਨੇ ਕਿਹਾ ਕਿ ਐਲਾਨੇ ਅਪਰਾਧੀਆਂ (ਪੀ. ਓਜ਼) ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਅਜਿਹੇ ਅਪਰਾਧੀ ਹੀ ਸਮਾਜ ਵਿਚ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦਾ ਅਪਰਾਧ ਕਰਦੇ ਹਨ। ਉਨ੍ਹਾਂ ਕਿਹਾ ਕਿ ਪੁਲਸ ਦੀ ਡਿਊਟੀ ਸਭ ਤੋਂ ਮਹੱਤਵਪੂਰਨ ਹੈ ਕਿਉਂਕਿ ਜਨਤਾ ਨੂੰ ਪੁਲਸ ’ਤੇ ਭਰੋਸਾ ਹੁੰਦਾ ਹੈ। ਬੈਠਕ ਵਿਚ ਸਾਰੇ ਪੁਲਸ ਅਧਿਕਾਰੀਆਂ ਨੇ ਆਪਣੇ-ਆਪਣੇ ਹਲਕਿਆਂ ਨਾਲ ਸਬੰਧਤ ਰਿਪੋਰਟ ਡੀ. ਜੀ. ਪੀ. ਨੂੰ ਦਿੱਤੀ।

ਇਹ ਵੀ ਪੜ੍ਹੋ: ਪੰਜਾਬ ਪੁਲਸ ਦੇ 3 ਭਗੌੜੇ ਮੁਲਾਜ਼ਮ ਊਨਾ ਤੋਂ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

PunjabKesari

ਡੀ. ਜੀ. ਪੀ. ਨੇ ਥਾਣਾ ਪੱਧਰ ’ਤੇ ਪਬਲਿਕ ਦੀ ਸੁਣਵਾਈ ਕਰਨ ਦੇ ਆਦੇਸ਼ ਦਿੱਤੇ
ਡੀ. ਜੀ. ਪੀ. ਗੌਰਵ ਯਾਦਵ ਨੇ ਅੱਜ ਜਲੰਧਰ ਰੇਂਜ ਦੇ ਅਧਿਕਾਰੀਆਂ ਨਾਲ ਬੈਠਕ ਦੌਰਾਨ ਪੁਲਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਥਾਣਾ ਪੱਧਰ ’ਤੇ ਹੀ ਪਬਲਿਕ ਦੀ ਸੁਣਵਾਈ ਹੋਣੀ ਚਾਹੀਦੀ ਹੈ ਤਾਂ ਜੋ ਆਮ ਪਬਲਿਕ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕੇ। ਪੁਲਸ ਨੂੰ ਜ਼ਮੀਨੀ ਪੱਧਰ ’ਤੇ ਸਹੀ ਢੰਗ ਨਾਲ ਜਨਤਾ ਦੀ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਨਤਾ ਵਾਰ-ਵਾਰ ਪੁਲਸ ਥਾਣਿਆਂ ਦੇ ਚੱਕਰ ਨਾ ਕੱਟੇ। ਜਨਤਾ ਜੋ ਸ਼ਿਕਾਇਤ ਲੈ ਕੇ ਆਉਂਦੀ ਹੈ, ਉਸ ’ਤੇ ਥਾਣਾ ਪੱਧਰ ’ਤੇ ਹੀ ਤੁਰੰਤ ਸੁਣਵਾਈ ਸ਼ੁਰੂ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਮਾਜ ਪ੍ਰਤੀ ਪੁਲਸ ਦੀ ਇਹੀ ਜ਼ਿੰਮੇਵਾਰੀ ਬਣਦੀ ਹੈ।

PunjabKesari

ਰਿਸ਼ਵਤਖੋਰੀ ਬਿਲਕੁਲ ਬਰਦਾਸ਼ਤ ਨਹੀਂ ਹੋਵੇਗੀ
ਡੀ. ਜੀ. ਪੀ. ਗੌਰਵ ਯਾਦਵ ਨੇ ਪੁਲਸ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਿਸ਼ਵਤਖੋਰੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਦੀ ਨੀਤੀ ਹੈ ਕਿ ਉਹ ਰਿਸ਼ਵਤਖੋਰੀ ਨੂੰ ਜੜ੍ਹ ਤੋਂ ਖਤਮ ਕਰੇਗੀ ਅਤੇ ਇਸ ਲਈ ਉਨ੍ਹਾਂ ਨੇ ਸੂਬਾ ਪੱਧਰ ’ਤੇ ਵੀ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦੇ ਦਿੱਤੇ ਹਨ।

ਇਹ ਵੀ ਪੜ੍ਹੋ: ਨੰਗਲ ਵਿਖੇ ਭਾਖੜਾ ਨਹਿਰ ’ਚ ਤਰਦੀਆਂ ਮਾਂ-ਧੀ ਦੀਆਂ ਲਾਸ਼ਾਂ ਬਰਾਮਦ, ਫ਼ੈਲੀ ਸਨਸਨੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News