ਪੰਜਾਬ ’ਚ ਮੁੜ ਪੈਰ ਪਸਾਰਣ ਲੱਗਾ ਕੋਰੋਨਾ, ਹਰਜੋਤ ਬੈਂਸ ਸਣੇ 4 ਸਿਆਸੀ ਆਗੂ ਕੋਰੋਨਾ ਦੀ ਲਪੇਟ ’ਚ

Saturday, Jul 30, 2022 - 06:42 PM (IST)

ਪੰਜਾਬ ’ਚ ਮੁੜ ਪੈਰ ਪਸਾਰਣ ਲੱਗਾ ਕੋਰੋਨਾ, ਹਰਜੋਤ ਬੈਂਸ ਸਣੇ 4 ਸਿਆਸੀ ਆਗੂ ਕੋਰੋਨਾ ਦੀ ਲਪੇਟ ’ਚ

ਜਲੰਧਰ— ਪੰਜਾਬ ਵਿਚ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਨੇ ਆਪਣੇ ਪੈਰ ਪਸਾਰਣੇ ਸ਼ੁਰੂ ਕਰ ਦਿੱਤੇ ਹਨ। ਜਿੱਥੇ ਆਮ ਲੋਕਾਂ ਨੂੰ ਮੁੜ ਤੋਂ ਕੋਰੋਨਾ ਨੇ ਆਪਣੀ ਲਪੇਟ ’ਚ ਲੈਣਾ ਸ਼ੁਰੂ ਕੀਤਾ ਹੈ, ਉਥੇ ਹੀ ਇਸ ਦੀ ਲਪੇਟ ’ਚੋਂ ਸਿਆਸਤਦਾਨ ਵੀ ਪਿੱਛੇ ਨਹੀਂ ਹਨ। ਸਿਆਸਤਦਾਨਾਂ ਦੀ ਰਿਪੋਰਟ ਵੀ ਮੁੜ ਤੋਂ ਕੋਰੋਨਾ ਪਾਜ਼ੇਟਿਵ ਆਉਣ ਲੱਗੀ ਹੈ। ਪਿਛਲੇ ਦਿਨੀਂ ਕੈਬਨਿਟ ਮੰਤਰੀਆਂ, ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਸਮੇਤ ਚਾਰ ਸਿਆਸੀ ਆਗੂ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਹਾਲ ’ਚ ਪੰਜਾਬ ਦੇ ਸਕੂਲ ਐਜੂਕੇਸ਼ਨ ਮੰਤਰੀ ਹਰਜੋਤ ਸਿੰਘ ਬੈਂਸ ਕੋਰੋਨਾ ਪਾਜ਼ੇਟਿਵ ਆਏ ਸਨ, ਜਿਸ ਦੀ ਜਾਣਕਾਰੀ ਟਵਿੱਟਰ ਜ਼ਰੀਏ ਉਨ੍ਹਾਂ ਵੱਲੋਂ ਦਿੱਤੀ ਗਈ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸੰਪਰਕ ’ਚ ਆਉਣ ਵਾਵੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਆਪਣਾ ਖਿਆਲ ਰੱਖਣ। 

ਇਹ ਵੀ ਪੜ੍ਹੋ: ਵੀ. ਸੀ. ਮਾਮਲੇ 'ਤੇ ਬੀਰ ਦਵਿੰਦਰ ਸਿੰਘ ਦੀ ਤਿੱਖੀ ਪ੍ਰਤੀਕਿਰਿਆ, ਕਿਹਾ-ਸਿਹਤ ਮੰਤਰੀ ਖ਼ਿਲਾਫ਼ ਕਾਰਵਾਈ ਕਰੇ 'ਆਪ'

ਇਸ ਦੇ ਇਲਾਵਾ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਪਾਜ਼ੇਟਿਵ ਆਉਣ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਨੇ 7 ਦਿਨਾਂ ਲਈ ਇਕਾਂਤਵਾਸ ਕਰ ਲਿਆ ਸੀ। ਸਿਮਰਨਜੀਤ ਸਿੰਘ ਮਾਨ ਨੇ ਸਿਹਤ ਖ਼ਰਾਬ ਹੋਣ ਉਪਰੰਤ ਆਪਣਾ ਕੋਰੋਨਾ ਦਾ ਟੈਸਟ ਕਰਵਾਇਆ ਸੀ, ਜਿਸ ਤੋਂ ਬਾਅਦ ਉਹ ਪਾਜ਼ੇਟਿਵ ਪਾਏ ਗਏ। 

ਇਸੇ ਤਰ੍ਹਾਂ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਵੀ ਬੀਤੇ ਦਿਨ ਕੋਰੋਨਾ ਦੀ ਲਪੇਟ ’ਚ ਆ ਗਈ ਹੈ। ਉਨ੍ਹਾਂ ਦੀ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਅਨਮੋਲ ਗਗਨ ਮਾਨ ਨੇ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ। ਇਸ ਦੇ ਨਾਲ ਹੀ ਉਸ ਵੱਲੋਂ ਲੋਕਾਂ ਨੂੰ ਸਰਕਾਰ ਵੱਲੋਂ ਜਾਰੀ ਕੋਰੋਨਾ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਸੀ। ਉਥੇ ਹੀ ਅੱਜ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੌੜੀ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਵੱਲੋਂ ਵੀ ਲੋਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਸੰਪਰਕ ਵਿਚ ਆਏ ਵਿਅਕਤੀਆਂ ਨੂੰ ਜੇਕਰ ਕੋਰੋਨਾ ਦੇ ਲੱਛਣ ਆਉਂਦੇ ਹਨ ਤਾਂ ਆਪਣੀ ਜਾਂਚ ਜ਼ਰੂਰ ਕਰਵਾਉਣ। 

ਇਹ ਵੀ ਪੜ੍ਹੋ: ਦਸੂਹਾ ਵਿਖੇ ਸਕੂਲ ਬੱਸ ਹਾਦਸੇ 'ਚ ਜਾਨ ਗਵਾਉਣ ਵਾਲੇ ਹਰਮਨ ਨੂੰ ਸਿਰ 'ਤੇ ਸਿਹਰਾ ਸਜਾ ਕੇ ਦਿੱਤੀ ਅੰਤਿਮ ਵਿਦਾਈ

ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀ ਨੇ ਇਕਾਂਤਵਾਸ 
ਉਥੇ ਹੀ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੋਵਿਡ-19 ਦੀਆਂ ਹਦਾਇਤਾਂ ਅਨੁਸਾਰ ਖ਼ੁਦ ਨੂੰ ਇਕਾਂਤਵਾਸ ਕੀਤਾ ਹੋਇਆ ਹੈ। ਇਹ ਫ਼ੈਸਲਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਕੋਰੋਨਾ ਪਾਜ਼ੇਟਿਵ ਆਉਣ ਉਪਰੰਤ ਹੀ ਉਨ੍ਹਾਂ ਵੱਲੋਂ ਲਿਆ ਗਿਆ ਸੀ। ਸੰਧਵਾਂ ਬੈਂਸ ਦੇ ਸੰਪਰਕ ਵਿਚ ਆਏ ਸਨ, ਇਸੇ ਕਰਕੇ ਉਨ੍ਹਾਂ ਨੇ ਅਹਿਤਿਆਤ ਦੇ ਤੌਰ ’ਤੇ ਇਕਾਂਤਵਾਸ ਕਰ ਲਿਆ ਸੀ।  

ਇਹ ਵੀ ਪੜ੍ਹੋ: ਦਸੂਹਾ ’ਚ ਵਾਪਰੇ ਭਿਆਨਕ ਸਕੂਲ ਬੱਸ ਹਾਦਸੇ ’ਚ 9ਵੀਂ ਜਮਾਤ ਦੇ ਬੱਚੇ ਦੀ ਮੌਤ 

ਪੰਜਾਬ ’ਚ ਕੋਰੋਨਾ ਨਾਲ ਸ਼ੁੱਕਰਵਾਰ 3 ਮਰੀਜ਼ਾਂ ਦੀ ਹੋਈ ਮੌਤ, 526 ਮਿਲੇ ਪਾਜ਼ੇਟਿਵ
ਪੰਜਾਬ ’ਚ ਕੋਰੋਨਾ ਨਾਲ ਸ਼ੁੱਕਰਵਾਰ 3 ਮਰੀਜ਼ਾਂ ਦੀ ਮੌਤ ਹੋ ਗਈ ਸੀ, ਜਦੋਂਕਿ 526 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਸਨ। ਜਿਨ੍ਹਾਂ 3 ਮਰੀਜ਼ਾਂ ਦੀ ਅੱਜ ਮੌਤ ਹੋਈ, ਉਨ੍ਹਾਂ ’ਚੋਂ ਇਕ ਮਰੀਜ਼ ਹੁਸ਼ਿਆਰਪੁਰ, 1 ਲੁਧਿਆਣਾ ਅਤੇ 1 ਮੋਗਾ ਦਾ ਰਹਿਣ ਵਾਲਾ ਸੀ। ਸੂਬੇ ’ਚ ਪਾਜ਼ੇਟਿਵਿਟੀ ਦਰ ਪਹਿਲਾਂ ਨਾਲੋਂ ਵਧ ਕੇ 4.49 ਫੀਸਦੀ ਹੋ ਗਈ ਹੈ। ਮੌਜੂਦਾ ਸਮੇਂ ’ਚ ਐਕਟਿਵ ਮਰੀਜ਼ਾਂ ਦੀ ਗਿਣਤੀ 2992 ਰਿਕਾਰਡ ਕੀਤੀ ਗਈ ਹੈ। ਸੂਬੇ ’ਚ ਹੁਣ ਤੱਕ 773093 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਦੋਂਕਿ ਮ੍ਰਿਤਕ ਮਰੀਜ਼ਾਂ ਦੀ ਗਿਣਤੀ 20375 ਹੋ ਗਈ ਹੈ। ਜਿਨ੍ਹਾਂ ਜ਼ਿਲਿਆਂ ’ਚ ਸਭ ਤੋਂ ਵੱਧ ਪਾਜ਼ੇਟਿਵ ਮਰੀਜ਼ ਸਾਹਮਣੇ ਆਏ, ਉਨ੍ਹਾਂ ’ਚ ਮੋਹਾਲੀ ’ਚ 101, ਜਲੰਧਰ ’ਚ 74, ਲੁਧਿਆਣਾ ’ਚ 58, ਹੁਸ਼ਿਆਰਪੁਰ ’ਚ 36, ਅੰਮ੍ਰਿਤਸਰ ’ਚ 35, ਬਠਿੰਡਾ ’ਚ 34, ਪਟਿਆਲਾ ਅਤੇ ਰੋਪੜ ’ਚ 27-27, ਕਪੂਰਥਲਾ ’ਚ 25 ਅਤੇ ਸੰਗਰੂਰ ’ਚ 19 ਮਰੀਜ਼ ਸ਼ਾਮਲ ਹਨ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News