ਆਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਕਾਂਗਰਸ ਨੇ ਬਿੱਟੂ ''ਤੇ ਕੱਸਿਆ ਤੰਜ, ਕਿਹਾ- ''ਇਹ ਤਾਂ ਚੰਗੀਆਂ ਗੱਲਾਂ ਨਹੀਂ...''
Sunday, May 19, 2024 - 05:00 AM (IST)
ਜਲੰਧਰ- ਸਿਮਰਜੀਤ ਬੈਂਸ ਵੱਲੋਂ ਰਵਨੀਤ ਬਿੱਟੂ ਨਾਲ ਹੋਈ ਗੱਲਬਾਤ ਦੀ ਆਡੀਓ ਕਾਲ ਰਿਕਾਰਡਿੰਗ ਦੇ ਵਾਇਰਲ ਹੋਣ ਤੋਂ ਬਾਅਦ ਪੰਜਾਬ 'ਚ ਸਿਆਸੀ ਭੂਚਾਲ ਆ ਗਿਆ ਹੈ। ਇਸ ਗੱਲਬਾਤ ਦੀ ਆਡੀਓ 'ਚ ਜਿੱਥੇ ਰਵਨੀਤ ਬਿੱਟੂ ਨੇ ਕਾਂਗਰਸੀ ਆਗੂ ਰਾਜਾ ਵੜਿੰਗ, ਪ੍ਰਤਾਪ ਬਾਜਵਾ ਤੇ ਸੁਖਪਾਲ ਖਹਿਰਾ ਬਾਰੇ ਵੱਡੀਆਂ ਗੱਲਾਂ ਕਹੀਆਂ ਹਨ, ਉੱਥੇ ਹੀ ਉਨ੍ਹਾਂ ਨੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਬਾਰੇ ਵੀ ਤਿੱਖੇ ਬੋਲ ਬੋਲੇ ਸਨ।
ਇਸ ਆਡੀਓ ਦੇ ਵਾਇਰਲ ਹੋਣ 'ਤੇ ਪੰਜਾਬ ਕਾਂਗਰਸ ਨੇ ਆਪਣੇ ਫੇਸਬੁੱਕ ਅਕਾਉਂਟ 'ਤੇ ਇਕ ਪੋਸਟ ਸਾਂਝੀ ਕਰ ਕੇ ਰਵਨੀਤ ਬਿੱਟੂ 'ਤੇ ਤੰਜ ਕੱਸਿਆ ਹੈ। ਇਸ ਪੋਸਟ 'ਚ ਕਾਂਗਰਸ ਨੇ ਸਿਮਰਜੀਤ ਬੈਂਸ ਵੱਲੋਂ ਜਾਰੀ ਕੀਤੀ ਗਈ ਆਡੀਓ ਸਾਂਝੀ ਕੀਤੀ ਹੈ ਤੇ ਇਸ ਦੀ ਕੈਪਸ਼ਨ 'ਚ ਲਿਖਿਆ- ''ਇਹ ਤਾਂ ਚੰਗੀਆਂ ਗੱਲਾਂ ਨਹੀਂ ਰਵਨੀਤ ਬਿੱਟੂ ਜੀ..''
ਜ਼ਿਕਰਯੋਗ ਹੈ ਕਿ ਰਵਨੀਤ ਬਿੱਟੂ ਲੁਧਿਆਣਾ ਤੋਂ ਮੌਜੂਦਾ ਸਾਂਸਦ ਹਨ ਤੇ ਕੁਝ ਸਮਾਂ ਪਹਿਲਾਂ ਹੀ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਸਨ ਤੇ ਭਾਜਪਾ ਦੀ ਟਿਕਟ 'ਤੇ ਲੁਧਿਆਣਾ ਤੋਂ ਲੋਕ ਸਭਾ ਚੋਣਾਂ ਲੜ ਰਹੇ ਹਨ। ਉੱਥੇ ਹੀ ਸਿਮਰਜੀਤ ਬੈਂਸ ਵੀ ਕੁਝ ਦਿਨ ਪਹਿਲਾਂ ਹੀ ਕਾਂਗਰਸ 'ਚ ਸ਼ਾਮਲ ਹੋਏ ਹਨ।
ਇਹ ਵੀ ਪੜ੍ਹੋ- ਗਰਮੀ ਦੇ ਪ੍ਰਕੋਪ ਨੂੰ ਦੇਖਦਿਆਂ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਬਦਲਿਆ ਸਕੂਲਾਂ ਦਾ ਸਮਾਂ
ਇਹ ਹੈ ਪੂਰਾ ਮਾਮਲਾ
ਬੀਤੇ ਦਿਨ ਹੀ ਸਿਮਰਜੀਤ ਮਾਨ ਨੇ ਆਪਣੇ ਫੇਸਬੁੱਕ ਅਕਾਉਂਟ 'ਤੇ ਇਕ ਪੋਸਟ ਕਰ ਕੇ ਆਪਣੀ ਤੇ ਰਵਨੀਤ ਬਿੱਟੂ ਦੀ ਗੱਲਬਾਤ ਦੀ ਆਡੀਓ ਕਾਲ ਰਿਕਾਰਡਿੰਗ ਸਾਂਝੀ ਕੀਤੀ ਸੀ, ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ 'ਚ ਭੂਚਾਲ ਆ ਗਿਆ ਸੀ। ਇਸ ਆਡੀਓ ਰਿਕਾਰਡਿੰਗ ’ਚ ਬੈਂਸ ਨੇ ਤਾਂ ਕਿਸੇ ਨੇਤਾ ਜਾਂ ਪਾਰਟੀ ਦੇ ਵਿਰੁੱਧ ਕੁਝ ਖਾਸ ਨਹੀਂ ਬੋਲਿਆ ਪਰ ਬਿੱਟੂ ਵੱਲੋਂ ਕਾਂਗਰਸ ਅਤੇ ਭਾਜਪਾ ਦੇ ਵੱਡੇ ਨੇਤਾਵਾਂ ਖਿਲਾਫ ਕਾਫੀ ਕੁਝ ਬੋਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬੈਂਸ ਨੂੰ ਕਾਂਗਰਸ ’ਚ ਸ਼ਾਮਲ ਕਰਵਾਉਣ ਦੇ ਮਾਮਲੇ ’ਚ ਪ੍ਰਤਾਪ ਬਾਜਵਾ, ਰਾਜਾ ਵੜਿੰਗ ਅਤੇ ਭਾਰਤ ਭੂਸ਼ਣ ਆਸ਼ੂ ਨੇ ਤੰਗ ਦਿਲੀ ਦਿਖਾਈ ਅਤੇ ਉਨ੍ਹਾਂ ਨੂੰ ਫੈਸਲਾ ਨਹੀਂ ਲੈਣ ਦੇ ਰਹੇ ਸੀ ਪਰ ਉਹ ਖੁਦ ਦੀ ਟਿਕਟ ਡਿਕਲੇਅਰ ਹੋਣ ਦਾ ਇੰਤਜ਼ਾਰ ਕਰ ਰਹੇ ਸੀ ਕਿ ਉਸ ਤੋਂ ਬਾਅਦ ਕੁਝ ਨਹੀਂ ਕਰ ਸਕਣਗੇ।
ਬਿੱਟੂ ਵੱਲੋਂ ਮੁੱਖ ਰੂਪ ’ਚ ਕਾਂਗਰਸ ’ਚ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਚੱਲ ਰਹੀ ਲੜਾਈ ਦੇ ਮੱਦੇਨਜ਼ਰ ਪਾਰਟੀ ਛੱਡਣ ਦੀ ਗੱਲ ਕਹੀ ਗਈ ਹੈ ਕਿ ਇਹੀ ਗੱਲਾਂ ਹੁੰਦੀਆਂ ਸੀ ਕਿ ਪਹਿਲਾ ਤਾਂ ਨਵਜੋਤ ਸਿੰਘ ਸਿੱਧੂ ਅਤੇ ਸੁਖਪਾਲ ਖਹਿਰਾ ਬੈਠੇ ਹਨ ਅਤੇ ਜੇਕਰ ਬੈਂਸ ਆ ਗਿਆ ਤਾਂ ਸਾਡੇ ਕੋਲ ਕੀ ਰਹੇਗਾ। ਬਿੱਟੂ ਨੇ ਆਡੀਓ ਰਿਕਾਰਡਿੰਗ ’ਚ ਕਿਹਾ ਕਿ ਭਾਜਪਾ ’ਚ ਵੀ ਕਾਂਗਰਸ ਵਰਗਾ ਹੀ ਮਾਹੌਲ ਹੈ ਅਤੇ ਸੁਨੀਲ ਜਾਖੜ ਅਤੇ ਪਰਮਿੰਦਰ ਬਰਾੜ ’ਤੇ ਬੈਂਸ ਨੂੰ ਭਾਜਪਾ ’ਚ ਆਉਣ ਤੋਂ ਰੋਕਣ ਕੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਗਿਆ ਕਿ ਉਨ੍ਹਾਂ ਨੂੰ ਆਪਣੀ ਦੁਕਾਨ ਬੰਦ ਹੋਣ ਦਾ ਡਰ ਸਤਾ ਰਿਹਾ ਸੀ।
ਬਿੱਟੂ ਨੇ ਸਵੀਕਾਰ ਕੀਤਾ ਹੈ ਕਿ ਬੈਂਸ ਨੂੰ ਭਾਜਪਾ ’ਚ ਸ਼ਾਮਲ ਕਰਨ ਲਈ ਕੇਂਦਰੀ ਸੰਗਠਨ ਮੰਤਰੀ ਦੇ ਉਨ੍ਹਾਂ ਨੂੰ ਵਾਰ-ਵਾਰ ਫੋਨ ਆ ਰਹੇ ਹਨ ਕਿ ਜਾਖੜ ਰੁਕਾਵਟ ਪੈਦਾ ਕਰ ਰਹੇ ਹਨ। ਬਿੱਟੂ ਨੇ ਇਹ ਟਿੱਪਣੀ ਵੀ ਕੀਤੀ ਹੈ ਕਿ ਇਸ ਸਮੇਂ ਭਾਜਪਾ ਦੇ ਇਹ ਹਾਲਾਤ ਹਨ ਕਿ ਪੰਜਾਬ ਤੋਂ ਕੋਈ ਨਕਲੀ ਪੱਗ ਬੰਨ੍ਹ ਕੇ ਵੀ ਚਲਾ ਜਾਵੇ ਤਾਂ ਉਸ ਦੀ ਸਿੱਧੇ ਪ੍ਰਧਾਨ ਮੰਤਰੀ ਨਾਲ ਮੀਟਿੰਗ ਕਰਵਾਈ ਜਾ ਰਹੀ ਹੈ। ਬੈਂਸ ਨੇ ਕਿਹਾ ਕਿ ਬਿੱਟੂ ਇਹ ਆਡੀਓ ਰਿਕਾਰਡਿੰਗ ਫਰਜ਼ੀ ਹੋਣ ਦਾ ਦਾਅਵਾ ਕਰ ਰਹੇ ਹਨ, ਉਹ ਇਸ ਦੀ ਜਾਂਚ ਕਰਵਾ ਸਕਦੇ ਹਨ ਅਤੇ ਉਹ ਕੋਈ ਵੀ ਸਜ਼ਾ ਭੁਗਤਣ ਲਈ ਤਿਆਰ ਹਨ ਜਾਂ ਫਿਰ ਬਿੱਟੂ ਦੱਸੇ ਕਿ ਉਨ੍ਹਾਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਸਿਮਰਜੀਤ ਬੈਂਸ ਨੇ ਬਿੱਟੂ ਨਾਲ ਸਨਸਨੀਖੇਜ਼ ਗੱਲਬਾਤ ਦੀ ਆਡੀਓ ਕੀਤੀ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e