ਪੰਜਾਬ ਕਾਂਗਰਸ ਦੇ ਸੰਗਠਨਾਤਮਕ ਢਾਂਚੇ ''ਚ ਫੇਰਬਦਲ ਦਾ ਕੰਮ ਅੱਗੇ ਪਿਆ
Monday, Mar 05, 2018 - 10:40 AM (IST)

ਜਲੰਧਰ (ਧਵਨ)— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਵਿਦੇਸ਼ ਚਲੇ ਜਾਣ ਅਤੇ ਮਾਰਚ ਮਹੀਨੇ 'ਚ ਕਾਂਗਰਸ ਦੇ ਕੌਮੀ ਅਤੇ ਸੂਬਾਈ ਪੱਧਰ 'ਤੇ ਰੁਝੇਵਿਆਂ ਨੂੰ ਦੇਖਦੇ ਹੋਏ ਪੰਜਾਬ ਕਾਂਗਰਸ ਦੇ ਸੰਗਠਨਾਤਮਕ ਢਾਂਚੇ 'ਚ ਫੇਰਬਦਲ ਦਾ ਕੰਮ ਵੀ ਕੁਝ ਅੱਗੇ ਪੈ ਗਿਆ ਹੈ। ਕਾਂਗਰਸੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਪਾਰਟੀ ਨੇ 2019 ਦੀਆਂ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਫੇਰਬਦਲ ਦਾ ਪ੍ਰੋਗਰਾਮ ਤਿਆਰ ਕੀਤਾ ਸੀ, ਜਿਸ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਰਾਹੁਲ ਨਾਲ ਮੁਲਾਕਾਤ ਹੋਈ ਸੀ। ਇਸ ਮੁਲਾਕਾਤ ਦੌਰਾਨ ਇਹ ਤੈਅ ਹੋਇਆ ਸੀ ਕਿ ਲੁਧਿਆਣਾ ਨਿਗਮ ਚੋਣਾਂ ਤੋਂ ਬਾਅਦ ਸੰਗਠਨਾਤਮਕ ਢਾਂਚੇ 'ਚ ਤਬਦੀਲੀ ਕਰਦੇ ਹੋਏ ਅਹੁਦੇਦਾਰ ਅਤੇ ਨਵੇਂ ਜ਼ਿਲਾ ਪ੍ਰਧਾਨ ਬਣਾਏ ਜਾਣਗੇ।
ਇਹ ਫੇਰਬਦਲ ਦੋ ਪੜਾਆਂ 'ਚ ਕੀਤਾ ਜਾਣਾ ਸੀ। ਪਹਿਲੇ ਪੜਾਅ 'ਚ ਨਵੇਂ ਜ਼ਿਲਾ ਪ੍ਰਧਾਨਾਂ ਦੀਆਂ ਨਿਯੁਕਤੀਆਂ ਕੀਤੀਆਂ ਜਾਣੀਆਂ ਸਨ ਅਤੇ ਦੂਜੇ ਪੜਾਅ 'ਚ ਪ੍ਰਦੇਸ਼ ਕਾਂਗਰਸ ਦੇ ਨਵੇਂ ਅਹੁਦੇਦਾਰ ਬਣਾਏ ਜਾਣੇ ਸਨ। ਹੁਣ ਕਿਉਂਕਿ ਰਾਹੁਲ ਵਿਦੇਸ਼ ਦੌਰੇ 'ਤੇ ਹਨ ਅਤੇ ਉਨ੍ਹਾਂ ਦੀ ਵਾਪਸੀ 'ਤੇ ਕਾਂਗਰਸ ਦਾ ਕੌਮੀ ਇਜਲਾਸ ਦਿੱਲੀ 'ਚ ਹੋਣਾ ਹੈ। ਇਸ ਨੂੰ ਦੇਖਦੇ ਹੋਏ ਇਹ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਸੰਗਠਨਾਤਮਕ ਢਾਂਚੇ 'ਚ ਫੇਰਬਦਲ ਹੁਣ ਮਾਰਚ ਦੇ ਅਖੀਰ ਜਾਂ ਅਪ੍ਰੈਲ 'ਚ ਹੀ ਸੰਭਵ ਹੋ ਸਕੇਗਾ।