ਕਿਸਾਨ ਅੰਦੋਲਨ ਨੂੰ ਕੈਸ਼ ਕਰਨ ਲਈ ਕਾਂਗਰਸ ਤੇ ‘ਆਪ’ ’ਚ ਲੱਗੀ ਦੌੜ

11/21/2021 10:46:26 AM

ਜਲੰਧਰ (ਐੱਨ. ਮੋਹਨ)- 3 ਖੇਤੀ ਕਾਨੂੰਨਾਂ ਵਿਰੁੱਧ ਚੱਲੇ ਕਿਸਾਨ ਅੰਦੋਲਨ ਦੌਰਾਨ ਬੇਸ਼ਕ ਹੀ ਕਿਸਾਨਾਂ ਨੇ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਅੰਦੋਲਨ ਵਾਲੀ ਥਾਂ ਦੇ ਨੇੜੇ ਫਟਕਣ ਤੱਕ ਨਹੀਂ ਦਿੱਤਾ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੇ ਐਲਾਨ ਤੋਂ ਬਾਅਦ ਸਿਆਸੀ ਪਾਰਟੀਆਂ ’ਚ ਇਸ ਦਾ ਸਿਹਰਾ ਲੈਣ ਦੀ ਦੌੜ ਲੱਗ ਗਈ ਹੈ। ਆਮ ਆਦਮੀ ਪਾਰਟੀ (ਆਪ) ਤੋਂ ਬਾਅਦ ਹੁਣ ਕਾਂਗਰਸ ਨੇ ਕਿਸਾਨ ਅੰਦੋਲਨ ਨੂੰ ਕੈਸ਼ ਕਰਨ ਲਈ ਸੂਬਾ, ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ ਪ੍ਰੈੱਸ ਕਾਨਫ਼ਰੰਸਾਂ ਕਰਨ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਪ੍ਰੈੱਸ ਕਾਨਫ਼ਰੰਸਾਂ ’ਚ ਕਾਂਗਰਸ ਕਿਸਾਨ ਅੰਦੋਲਨ ਦੌਰਾਨ ਰਾਹੁਲ ਗਾਂਧੀ ਅਤੇ ਹੋਰਨਾਂ ਕਾਂਗਰਸੀ ਆਗੂਆਂ ਦੀ ਭੂਮਿਕਾ ਦੇ ਸਬੂਤ ਪੇਸ਼ ਕਰੇਗੀ। ਭਾਵ ਇਹ ਹੈ ਕਿ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੂੰ ਕਿਸਾਨ ਅੰਦੋਲਨ ਦਾ ਨੇਤਾ ਸਾਬਿਤ ਕਰਨ ਦੇ ਯਤਨਾਂ ਵਿਚ ਜੁੱਟ ਗਏ ਹਨ।

ਕਾਂਗਰਸ ਦੇ ਕੌਮੀ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਨੇ ਪੰਜਾਬ, ਹਰਿਆਣਾ ਅਤੇ ਹੋਰਨਾਂ ਸੂਬਿਆਂ ਦੇ ਕਾਂਗਰਸ ਪ੍ਰਧਾਨਾਂ ਨੂੰ ਇਕ ਚਿੱਠੀ ਭੇਜ ਕੇ ਕਿਹਾ ਹੈ ਕਿ ਖੇਤੀਬਾੜੀ ਕਾਨੂੰਨ ਰੱਦ ਹੋਣ ਦੀ ਜਿੱਤ ਵਿਚ ਕਾਂਗਰਸ ਦੇ ਯੋਗਦਾਨ ਅਤੇ ਖਾਸ ਤੌਰ ’ਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਯੋਗਦਾਨ ਨੂੰ ਲੈ ਕੇ ਸੂਬਾ, ਜ਼ਿਲਾ ਅਤੇ ਬਲਾਕ ਪੱਧਰ ’ਤੇ ਪ੍ਰੈੱਸ ਕਾਨਫ਼ਰੰਸਾਂ ਦਾ ਆਯੋਜਨ ਕੀਤਾ ਜਾਏ।

ਇਹ ਵੀ ਪੜ੍ਹੋ: ਹੁਸ਼ਿਆਰਪੁਰ: 12 ਲੱਖ ਖ਼ਰਚ ਕਰਕੇ ਵਿਦੇਸ਼ ਭੇਜੀ ਮੰਗੇਤਰ ਨੇ ਵਿਖਾਇਆ ਠੇਂਗਾ, ਦੁਖ਼ੀ ਮੁੰਡੇ ਨੇ ਕੀਤੀ ਖ਼ੁਦਕੁਸ਼ੀ

ਚਿੱਠੀ ਵਿਚ ਇਹ ਵੀ ਕਿਹਾ ਗਿਆ ਹੈ ਕਿ ਕਿਸਾਨ ਅੰਦੋਲਨ ਵਿਚ ਆਪਣੀ ਜਾਨ ਗੁਆ ਚੁੱਕੇ 700 ਦੇ ਲਗਭਗ ਕਿਸਾਨਾਂ ਨੂੰ ਸ਼ਰਧਾਂਜਲੀਆਂ ਦੇਣ ਲਈ ਕੈਂਡਲ ਮਾਰਚ ਅਤੇ ਰੈਲੀਆਂ ਦਾ ਆਯੋਜਨ ਕੀਤਾ ਜਾਏ। ਪਾਰਟੀ ਦੇ ਆਗੂ ਆਪਣੇ-ਆਪਣੇ ਖੇਤਰਾਂ ਵਿਚ ਉਨ੍ਹਾਂ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਜਾਣ, ਜਿਨ੍ਹਾਂ ਦੀ ਮੌਤ ਇਸ ਅੰਦੋਲਨ ਵਿਚ ਹਿੱਸਾ ਲੈਣ ਦੌਰਾਨ ਹੋਈ। ਕਾਂਗਰਸ ਵੱਲੋਂ ਸ਼ੁੱਕਰਵਾਰ ਇਹ ਵੀ ਨਿਰਦੇਸ਼ ਦਿੱਤੇ ਗਏ ਸਨ ਕਿ 20 ਨਵੰਬਰ ਭਾਵ ਸ਼ਨੀਵਾਰ ਨੂੰ ‘ਕਿਸਾਨ ਵਿਜੇ ਦਿਵਸ’ ਮਨਾਇਆ ਜਾਏ, ਕਿਸਾਨਾਂ ਦੇ ਆਧਾਰ ’ਤੇ ਸੂਬਾ ਅਤੇ ਜ਼ਿਲ੍ਹਾ ਪੱਧਰ ’ਤੇ ਕਿਸਾਨ ਜੇਤੂ ਵਾਲੀਆਂ ਰੈਲੀਆਂ ਆਯੋਜਿਤ ਕੀਤੀਆਂ ਜਾਣ ਪਰ ਨਵਜੋਤ ਸਿੰਘ ਸਿੱਧੂ ਅਤੇ ਹੋਰਨਾਂ ਕਾਂਗਰਸੀ ਆਗੂਆਂ ਦੇ ਰੁਝੇਵਿਆਂ ਕਾਰਨ ਪੰਜਾਬ ਵਿਚ ਸ਼ਨੀਵਾਰ ਕਿਸਾਨ ਜੇਤੂ ਦਿਵਸ ਸਰਗਰਮੀ ਨਾਲ ਨਹੀਂ ਮਨਾਇਆ ਜਾ ਸਕੇ। ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਹੋਰਨਾਂ ਸਭ ਪਾਰਟੀਆਂ ਦੇ ਨਾਲ ਹੀ ਕਾਂਗਰਸੀ ਆਗੂਆਂ ਵਿਚ ਵੀ ਦੌੜ ਲੱਗੀ ਹੋਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੋਰਨਾਂ ਕਾਂਗਰਸੀ ਆਗੂਆਂ ਨਾਲ ਸ਼ਨੀਵਾਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ ਜੋ ਸ਼ਾਮ ਤੋਂ ਪਹਿਲਾਂ ਵਾਪਸ ਆ ਗਏ। ਪਹਿਲਾਂ ਵਾਂਗ ਭਾਜਪਾ ਨੇ ਸਿੱਧੂ ਦੇ ਪਾਕਿਸਤਾਨ ਵਿਚ ਹੋਏ ਸਵਾਗਤ ਨੂੰ ਲੈ ਕੇ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਹਨ।

ਇਹ ਵੀ ਪੜ੍ਹੋ:ਦੋਸਤ ਦੇ ਵਿਆਹ ਲਈ ਦੁਬਈ ਤੋਂ ਆਏ 3 ਦੋਸਤਾਂ ਨਾਲ ਵਾਪਰਿਆ ਭਿਆਨਕ ਹਾਦਸਾ, ਪਲਾਂ 'ਚ ਵਿਛ ਗਏ ਸੱਥਰ

ਕਾਂਗਰਸ ਦੇ ਆਗੂਆਂ ਵਿਚ ਸ਼ਹੀਦ ਹੋਏ ਕਿਸਾਨ ਪਰਿਵਾਰਾਂ ਦੇ ਘਰਾਂ ’ਚ ਜਾਣ ਨੂੰ ਲੈ ਕੇ ਚਿੰਤਾ ਹੈ। ਕਿਸਾਨ ਪਹਿਲਾਂ ਤੋਂ ਹੀ ਹੋਰਨਾਂ ਸਿਆਸੀ ਪਾਰਟੀਆਂ ਦੇ ਨਾਲ-ਨਾਲ ਪੰਜਾਬ ਕਾਂਗਰਸ ਦੇ ਆਗੂਆਂ ਦਾ ਕਿਸਾਨ ਅੰਦੋਲਨ ਦੌਰਾਨ ਵਿਰੋਧ ਕਰ ਚੁੱਕੇ ਹਨ। ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਕੁਝ ਦਿਨ ਪਹਿਲਾਂ ਹੀ ਰਾਜਪੁਰਾ ਨੇੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਕਾਫ਼ਲੇ ਨੂੰ ਕਿਸਾਨਾਂ ਨੇ ਘੇਰ ਲਿਆ ਸੀ। ਇਸ ਕਾਰਨ ਹੀ ਪਿੰਡਾਂ ਵਿਚ ਵੱਖ-ਵੱਖ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੇ ਘਰਾਂ ਵਿਚ ਜਾਣ ਨੂੰ ਕਾਂਗਰਸੀ ਆਗੂ ਖਤਰੇ ਵਜੋਂ ਵੇਖ ਰਹੇ ਹਨ। ਦੂਜੇ ਪਾਸੇ ਅਜੇ ਵੀ ਅੰਦੋਲਨ ਵਿਚ ਲੱਗੇ ਹੋਏ ਕਿਸਾਨ ਆਗੂਆਂ ਨੇ ਅੰਦੋਲਨ ਦਾ ਸਿਹਰਾ ਕਿਸੇ ਸਿਆਸੀ ਪਾਰਟੀ ਨੂੰ ਲੈਣ ਤੋਂ ਰੋਕਣ ਲਈ ਆਪਣੀ ਰਣਨੀਤੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ। ਇਕ ਕਿਸਾਨ ਆਗੂ ਨੇ ਦੱਸਿਆ ਕਿ ਪਹਿਲਾਂ ਵਾਂਗ ਹੀ ਸਿਆਸੀ ਨੇਤਾਵਾਂ ਦੇ ਵਿਰੋਧ ਦਾ ਗੈਰ-ਰਸਮੀ ਫ਼ੈਸਲਾ ਕੀਤਾ ਗਿਆ ਹੈ। ਜਲਦੀ ਹੀ ਸੰਯੁਕਤ ਕਿਸਾਨ ਮੋਰਚਾ ਇਸ ਵਿਸ਼ੇ ’ਤੇ ਆਦਰਸ਼ ਜ਼ਾਬਤਾ ਜਾਰੀ ਕਰਨ ਦੀ ਤਿਆਰੀ ਵਿਚ ਹੈ।

ਓਧਰ, ਆਮ ਆਦਮੀ ਪਾਰਟੀ ਨੇ ਪੰਜਾਬ ਵਿਚ 3 ਖੇਤੀਬਾੜੀ ਕਾਨੂੰਨ ਰੱਦ ਹੋਣ ਨੂੰ ਲੈ ਕੇ ਸ਼ਨੀਵਾਰ ਪਟਿਆਲਾ, ਚੰਡੀਗੜ੍ਹ, ਸੰਗਰੂਰ, ਬਠਿੰਡਾ, ਬਰਨਾਲਾ, ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਹੁਸ਼ਿਆਰਪੁਰ ਅਤੇ ਰੋਪੜ ਸਮੇਤ ਕਈ ਜ਼ਿਲ੍ਹਿਆਂ ਅਤੇ ਤਹਿਸੀਲਾਂ ਵਿਚ ਧੰਨਵਾਦ ਵਜੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਅਤੇ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਪਾਰਟੀ ਦੇ ਆਗੂਆਂ ਨੇ ਕਿਸਾਨ ਅੰਦੋਲਨ ਵਿਚ ਆਪਣੇ ਯੋਗਦਾਨ ਵੀ ਚਰਚਾ ਕੀਤੀ।
ਅਕਾਲੀ ਦਲ ਵੀ ਕਿਸਾਨ ਅੰਦੋਲਨ ਦੀ ਜਿੱਤ ’ਤੇ ਕੋਈ ਪ੍ਰੋਗਰਾਮ ਕਰਨ ਦੀ ਤਿਆਰੀ ਵਿਚ ਹੈ। ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਵੱਧ ਤੋਂ ਵੱਧ 3 ਮਹੀਨੇ ਦਾ ਸਮਾਂ ਬਾਕੀ ਰਹਿ ਗਿਆ ਹੈ। ਅਜਿਹੀ ਸਥਿਤੀ ਵਿਚ ਕੋਈ ਵੀ ਪਾਰਟੀ ਕੋਈ ਵੀ ਅਜਿਹਾ ਮੁੱਦਾ ਨਹੀਂ ਛੱਡਣਾ ਚਾਹੁੰਦੀ, ਜਿਸ ਦਾ ਲਾਭ ਕਿਸੇ ਹੋਰ ਨੂੰ ਹੋਵੇ।

ਇਹ ਵੀ ਪੜ੍ਹੋ: ਇਮਰਾਨ ਖ਼ਾਨ ਨੂੰ ਵੱਡਾ ਭਰਾ ਕਹਿਣ 'ਤੇ ਭਖੀ ਸਿਆਸਤ, ਨਵਜੋਤ ਸਿੱਧੂ ਦੇ ਹੱਕ ਨਿਤਰੇ ਪਰਗਟ ਸਿੰਘ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


shivani attri

Content Editor

Related News