ਪੰਜਾਬ ’ਚ ਕਾਂਗਰਸ ਦੇ ਮਜ਼ਬੂਤ ਉਮੀਦਵਾਰਾਂ ਦਾ ਪਤਾ ਲਾਉਣ ਲਈ ਚੱਲ ਰਿਹੈ ਗੁਪਤ ਸਰਵੇ

Friday, Sep 10, 2021 - 08:57 AM (IST)

ਪੰਜਾਬ ’ਚ ਕਾਂਗਰਸ ਦੇ ਮਜ਼ਬੂਤ ਉਮੀਦਵਾਰਾਂ ਦਾ ਪਤਾ ਲਾਉਣ ਲਈ ਚੱਲ ਰਿਹੈ ਗੁਪਤ ਸਰਵੇ

ਜਲੰਧਰ/ਚੰਡੀਗੜ੍ਹ (ਧਵਨ) : ਪੰਜਾਬ ’ਚ ਕਾਂਗਰਸ ਦੇ ਮਜ਼ਬੂਤ ਉਮੀਦਵਾਰਾਂ ਦਾ ਪਤਾ ਲਾਉਣ ਲਈ ਇਕ ਗੁਪਤ ਸਰਵੇ ਚੱਲ ਰਿਹਾ ਹੈ। ਅਜੇ ਇਹ ਨਹੀਂ ਪਤਾ ਲੱਗਾ ਹੈ ਕਿ ਇਸ ਸਰਵੇ ਨੂੰ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੇ ਸ਼ੁਰੂ ਕਰਵਾਇਆ ਹੈ ਜਾਂ ਫਿਰ ਸੂਬਾ ਪੱਧਰ ’ਤੇ ਸਰਵੇ ਦਾ ਕਾਰਜ ਕੀਤਾ ਜਾ ਰਿਹਾ ਹੈ। ਕਾਂਗਰਸ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਸਰਵੇ ਰਾਹੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੱਖ-ਵੱਖ ਜ਼ਿਲ੍ਹਿਆਂ ’ਚ ਕਾਂਗਰਸ ਦੇ ਮਜ਼ਬੂਤ ਉਮੀਦਵਾਰ ਕਿਸ-ਕਿਸ ਵਿਧਾਨ ਸਭਾ ਖੇਤਰਾਂ ’ਚ ਫਿਰ ਤੋਂ ਚੋਣ ਜਿੱਤ ਸਕਦੇ ਹਨ।

ਇਹ ਵੀ ਪੜ੍ਹੋ : ਆਮਦਨ ਟੈਕਸ ਮਾਮਲੇ 'ਚ ਕੈਪਟਨ ਅਮਰਿੰਦਰ ਸਿੰਘ ਨੂੰ ਵੱਡੀ ਰਾਹਤ, ਅਦਾਲਤ ਨੇ ਸੁਣਾਇਆ ਇਹ ਹੁਕਮ

ਸੂਤਰਾਂ ਨੇ ਕਿਹਾ ਕਿ ਸਰਵੇ ਦੇ ਤਹਿਤ ਇਹ ਪੁੱਛਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਮੌਜੂਦਾ ਵਿਧਾਇਕਾਂ ’ਚੋਂ ਕੌਣ-ਕੌਣ ਚੋਣ ਜਿੱਤਣ ’ਚ ਸਮਰੱਥ ਹੈ। ਇਕ ਖ਼ਬਰ ਇਹ ਵੀ ਆਈ ਸੀ ਕਿ ਕੇਂਦਰੀ ਲੀਡਰਸ਼ਿਪ ਨੇ ਸ਼ਾਇਦ ਇਹ ਪਹਿਲ ਕੀਤੀ ਹੈ। ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ’ਚ ਅਜੇ 5 ਮਹੀਨੇ ਦਾ ਸਮਾਂ ਬਾਕੀ ਹੈ, ਇਸ ਦੇ ਬਾਵਜੂਦ ਪੰਜਾਬ ’ਚ ਕਾਂਗਰਸ ਦੇ ਅੰਦਰ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਭਖਿਆ ਹੋਇਆ ਹੈ। ਕਾਂਗਰਸ ਦੇ ਅਨੇਕਾਂ ਵਿਧਾਇਕਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸੰਪਰਕ ਕਾਇਮ ਕਰ ਕੇ ਆਪਣੀਆਂ ਟਿਕਟਾਂ ਦਾ ਬਚਾਅ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀ ਹਨ।

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਲਈ 'ਨਵਜੋਤ ਸਿੱਧੂ' ਦਾ ਨਵਾਂ ਫਾਰਮੂਲਾ, ਇਨ੍ਹਾਂ ਕਾਂਗਰਸੀ ਆਗੂਆਂ ਨੂੰ ਨਹੀਂ ਮਿਲੇਗੀ ਟਿਕਟ

ਕੈਪਟਨ ਅਮਰਿੰਦਰ ਸਿੰਘ ਨੇ ਵੀ ਅਜੇ ਆਪਣੇ ਪੱਧਰ ’ਤੇ ਅਜਿਹਾ ਸਰਵੇ ਕਰਵਾਉਣਾ ਹੈ। ਵਿਧਾਇਕਾਂ ਦਾ ਮੰਨਣਾ ਹੈ ਕਿ ਚੋਣਾਂ ’ਚ ਟਿਕਟ ਵੰਡ ਦੇ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਾਏ ਕਾਫ਼ੀ ਮਹੱਤਵ ਰੱਖੇਗੀ। ਅਜਿਹੀ ਸਥਿਤੀ ਨੂੰ ਧਿਆਨ ’ਚ ਰੱਖਦੇ ਹੋਏ ਹੀ ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਆਪਣੀ ਟਿਕਟ ਨੂੰ ਸੁਰੱਖਿਅਤ ਰੱਖਣ ਲਈ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਬੀਤੇ ਕੁੱਝ ਦਿਨਾਂ ਤੋਂ ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰ ਕੇ ਜਿੱਥੇ ਆਪਣੇ ਵਿਧਾਨ ਸਭਾ ਹਲਕਿਆਂ ਲਈ ਗਰਾਂਟਾਂ ਨੂੰ ਰਿਲੀਜ਼ ਕਰਵਾਇਆ, ਉੱਥੇ ਹੀ ਕਈ ਵਿਧਾਇਕਾਂ ਨੇ ਆਉਂਦੀਆਂ ਚੋਣਾਂ ’ਚ ਆਪਣੀਆਂ ਟਿਕਟਾਂ ਨੂੰ ਸੁਰੱਖਿਅਤ ਰੱਖਣ ਦੇ ਮਾਮਲੇ ਨੂੰ ਲੈ ਕੇ ਵੀ ਗੱਲਬਾਤ ਕੀਤੀ ਹੈ।

ਇਹ ਵੀ ਪੜ੍ਹੋ : ਚਿੱਟੇ ਦਾ ਟੀਕਾ ਭਰ ਕੇ ਲਾਉਂਦਾ ਨੌਜਵਾਨ ਰੰਗੇ ਹੱਥੀਂ ਕਾਬੂ, ਤਰਲੇ-ਮਿੰਨਤਾਂ ਕਰਕੇ ਛੁਡਾਇਆ ਖਹਿੜਾ

ਕਾਂਗਰਸ ਸੂਤਰਾਂ ਨੇ ਕਿਹਾ ਕਿ ਕਾਂਗਰਸ ਲੀਡਰਸ਼ਿਪ ਵੱਲੋਂ ਆਉਂਦੀਆਂ ਚੋਣਾਂ ’ਚ ਕੁੱਝ ਕਮਜ਼ੋਰ ਉਮੀਦਵਾਰਾਂ ਦੇ ਸਥਾਨ ’ਤੇ ਨਵੇਂ ਚਿਹਰਿਆਂ ਨੂੰ ਸਾਹਮਣੇ ਲਿਆਂਦਾ ਜਾ ਸਕਦਾ ਹੈ। ਇਸ ਕਾਰਨ ਕੁੱਝ ਕਮਜ਼ੋਰ ਵਿਧਾਇਕਾਂ ’ਚ ਕਾਫ਼ੀ ਖਲਬਲੀ ਮਚੀ ਹੋਈ ਹੈ। ਇਹ ਵਿਧਾਇਕ ਕਿਸੇ ਵੀ ਤਰ੍ਹਾਂ ਆਪਣੀ ਟਿਕਟ ਦਾ ਬਚਾਅ ਕਰਨਾ ਚਾਹੁੰਦੇ ਹਨ। ਇਸ ਲਈ ਇਨ੍ਹਾਂ ਵਿਧਾਇਕਾਂ ਨੇ ਆਪਣੀਆਂ ਸਰਗਰਮੀਆਂ ਕਾਫ਼ੀ ਵਧਾਈਆਂ ਹੋਈਆਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News