ਦਿੱਲੀ ਪਹੁੰਚੇ ''ਪੰਜਾਬ ਕਾਂਗਰਸ'' ਦੇ ਆਗੂ, ਅੱਜ ਕਮੇਟੀ ਸੁਣੇਗੀ ਗਿਲੇ-ਸ਼ਿਕਵੇ

Monday, May 31, 2021 - 08:32 AM (IST)

ਚੰਡੀਗੜ੍ਹ (ਅਸ਼ਵਨੀ) : ਪੰਜਾਬ ਕਾਂਗਰਸ ਵਿਚ ਚੱਲ ਰਹੀ ‘ਉਥਲ-ਪੁਥਲ’ ਸਬੰਧੀ ਗਠਿਤ ਤਿੰਨ ਮੈਂਬਰੀ ਕਮੇਟੀ ਸੋਮਵਾਰ ਨੂੰ ਪੰਜਾਬ ਦੇ ਕਈ ਮੰਤਰੀਆਂ ਅਤੇ ਵਿਧਾਇਕਾਂ ਨਾਲ ਗੱਲਬਾਤ ਕਰੇਗੀ। ਉਂਝ ਤਾਂ ਕਮੇਟੀ ਦੇ ਮੈਂਬਰ ਹਰੀਸ਼ ਰਾਵਤ ਨੇ ਜੂਨ ਦੇ ਪਹਿਲੇ ਹਫ਼ਤੇ ’ਚ ਮੰਤਰੀਆਂ, ਵਿਧਾਇਕਾਂ ਅਤੇ ਸੰਸਦ ਮੈਂਬਰਾਂ ਸਮੇਤ ਹੋਰ ਆਗੂਆਂ ਨਾਲ ਗੱਲਬਾਤ ਕਰਨ ਦੀ ਗੱਲ ਕਹੀ ਸੀ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਸੋਮਵਾਰ ਤੋਂ ਹੀ ਬੈਠਕਾਂ ਦਾ ਦੌਰ ਸ਼ੁਰੂ ਹੋ ਜਾਵੇਗਾ। ਇਸ ਲਈ ਪੰਜਾਬ ਤੋਂ ਕਰੀਬ 25-26 ਵਿਧਾਇਕ, ਮੰਤਰੀ ਵੀ ਦਿੱਲੀ ਰਵਾਨਾ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਪਹਿਲੇ ਪੜਾਅ ਦੀ ਮੁਲਾਕਾਤ ਵਿਚ ਸਭ ਤੋਂ ਜਿਆਦਾ ਮਾਲਵੇ ਦੇ ਵਿਧਾਇਕਾਂ ਦੇ ਗਿਲੇ-ਸ਼ਿਕਵੇ ਸੁਣੇ ਜਾਣਗੇ। ਇਹ ਮੁਲਾਕਾਤ ਸਵੇਰੇ 11 ਵਜੇ ਤੋਂ ਸ਼ਾਮ ਕਰੀਬ 5 ਵਜੇ ਤੱਕ ਹੋਵੇਗੀ।

ਇਹ ਵੀ ਪੜ੍ਹੋ :  ਪੰਜਾਬ ਕਾਂਗਰਸ 'ਚ ਕਾਟੋ-ਕਲੇਸ਼ ਦਾ ਮਾਮਲਾ, ਹਾਈਕਮਾਨ ਵੱਲੋਂ ਬਣਾਈ 3 ਮੈਂਬਰੀ ਕਮੇਟੀ ਦੀ ਮੀਟਿੰਗ ਖ਼ਤਮ
ਪਹਿਲੇ ਪੜਾਅ ’ਚ ਸਾਬਕਾ ਮੰਤਰੀ ਨਵਜੋਤ ਸਿੱਧੂ, ਮੰਤਰੀ ਸੁਖਜਿੰਦਰ ਰੰਧਾਵਾ ਕਰਨਗੇ ਮੁਲਾਕਾਤ
ਦੱਸਿਆ ਜਾ ਰਿਹਾ ਹੈ ਕਿ ਕਮੇਟੀ ਨਾਲ ਪਹਿਲੇ ਪੜਾਅ ਦੀ ਗੱਲਬਾਤ ਵਿਚ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ, ਸਪੀਕਰ ਰਾਣਾ ਕੇ. ਪੀ., ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਓ. ਪੀ. ਸੋਨੀ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਅਰੁਣਾ ਚੌਧਰੀ, ਮਨਪ੍ਰੀਤ ਸਿੰਘ ਬਾਦਲ, ਰਾਣਾ ਸੋਢੀ, ਸੁੰਦਰ ਸ਼ਾਮ ਅਰੋੜਾ ਆਦਿ ਸਮੇਤ ਵਿਧਾਇਕ ਰਮਿੰਦਰ ਸਿੰਘ ਆਵਲਾ, ਗੁਰਕੀਰਤ ਸਿੰਘ ਕੋਟਲੀ, ਅਰੁਣ ਡੋਗਰਾ, ਡਾ. ਰਾਜਕੁਮਾਰ ਚੱਬੇਵਾਲ, ਰਾਜਕੁਮਾਰ ਵੇਰਕਾ, ਰਾਕੇਸ਼ ਪਾਂਡੇ, ਰਾਣਾ ਗੁਰਜੀਤ ਸਿੰਘ ਸਮੇਤ ਕਈ ਵਿਧਾਇਕ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ : ਭਾਖੜਾ ਤੇ ਪੌਂਗ ਡੈਮਾਂ 'ਚੋਂ ਪਾਣੀ ਲੈਣ ਵਾਲੇ ਸੂਬਿਆਂ ਲਈ ਅਹਿਮ ਖ਼ਬਰ, ਖੜ੍ਹੀ ਹੋ ਸਕਦੀ ਹੈ ਮੁਸੀਬਤ   
ਸੁਨੀਲ ਜਾਖੜ ਵੀ ਪਹੁੰਚੇ ਦਿੱਲੀ, ਪ੍ਰਧਾਨ ਅਹੁਦੇ ਤੋਂ ਹਟਾਉਣ ਦੀਆਂ ਕਿਆਸਬਾਜ਼ੀਆਂ ’ਤੇ ਰੋਕ
ਇਸ ਬੈਠਕ ਸਬੰਧੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵੀ ਦਿੱਲੀ ਲਈ ਰਵਾਨਾ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਸੁਨੀਲ ਜਾਖੜ ਕਮੇਟੀ ਨਾਲ ਬੈਠਕ ਕਰਨਗੇ। ਹਾਲਾਂਕਿ ਵਿਧਾਇਕਾਂ ਨਾਲ ਹੋਣ ਵਾਲੀ ਮੁਲਾਕਾਤ ਦੌਰਾਨ ਜਾਖੜ ਮੌਜੂਦ ਰਹਿਣਗੇ, ਇਸ ਦਾ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ ਹੈ। ਕਿਹਾ ਇਹ ਵੀ ਜਾ ਰਿਹਾ ਹੈ ਕਿ ਪਹਿਲੇ ਪੜਾਅ ਵਿਚ ਮੁਲਾਕਾਤ ਕਰਨ ਵਾਲੇ ਵਿਧਾਇਕਾਂ, ਮੰਤਰੀਆਂ ਦੀ ਸੂਚੀ ਖ਼ੁਦ ਜਾਖੜ ਨੇ ਹੀ ਤਿਆਰ ਕੀਤੀ ਹੈ। ਜਾਖੜ ਦੀ ਦਿੱਲੀ ਵਿਚ ਹਾਜ਼ਰੀ ਦੇ ਨਾਲ ਹੀ ਉਨ੍ਹਾਂ ਕਿਆਸਾਂ ’ਤੇ ਵੀ ਰੋਕ ਲੱਗ ਗਈ ਹੈ, ਜਿਸ ਵਿਚ ਕਿਹਾ ਜਾ ਰਿਹਾ ਸੀ ਕਿ ਜਾਖੜ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੋਂ ਹਟਾਇਆ ਜਾ ਸਕਦਾ ਹੈ। ਹਾਲਾਂਕਿ ਹਰੀਸ਼ ਰਾਵਤ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਇਹ ਕਮੇਟੀ ਪੰਜਾਬ ਵਿਚ ਉਪਜੇ ਵਿਵਾਦ ਨੂੰ ਸ਼ਾਂਤ ਕਰਨ ਲਈ ਹੈ। ਕਮੇਟੀ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਿਚ ਬਦਲਾਅ ਕਰਨ ’ਤੇ ਕੋਈ ਚਰਚਾ ਨਹੀਂ ਕੀਤੀ ਜਾਵੇਗੀ। ਰਾਵਤ ਨੇ ਇਥੋਂ ਤੱਕ ਕਿਹਾ ਸੀ ਕਿ ਇਹ ਕਮੇਟੀ ਕਿਸੇ ਉਪਰ ਐਕਸ਼ਨ ਲਈ ਨਹੀਂ, ਸਗੋਂ 2022 ਦੀਆਂ ਚੋਣਾਂ ਸਬੰਧੀ ਸਾਰਿਆਂ ਨੂੰ ਐਕਸ਼ਨ ’ਚ ਲਿਆਉਣ ਦੀ ਕੋਸ਼ਿਸ਼ ਕਰੇਗੀ।       

ਇਹ ਵੀ ਪੜ੍ਹੋ : ਚੰਗੀ ਖ਼ਬਰ : ਪੰਜਾਬ ਕੋਲ ਪੁੱਜੀ 1 ਲੱਖ, 14 ਹਜ਼ਾਰ ਵੈਕਸੀਨ ਦੀ ਖ਼ੁਰਾਕ, ਘੱਟ ਰਹਿ ਗਿਆ ਸੀ ਸਟਾਕ   
ਹਾਈਕਮਾਨ ਦੀ ਦਖਲ ਅੰਦਾਜ਼ੀ ਦੇ ਬਾਵਜੂਦ ਸੋਸ਼ਲ ਮੀਡੀਆ ’ਤੇ ਸਰਗਰਮ ਨਵਜੋਤ ਸਿੱਧੂ
ਕਾਂਗਰਸ ਹਾਈਕਮਾਨ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਵੀ ਨਵਜੋਤ ਸਿੰਘ ਸਿੱਧੂ ਲਗਾਤਾਰ ਸੋਸ਼ਲ ਮੀਡੀਆ ’ਤੇ ਸਰਗਰਮ ਹਨ। ਐਤਵਾਰ ਨੂੰ ਵੀ ਉਨ੍ਹਾਂ ਨੇ ਟਵੀਟ ਕੀਤਾ। ਹਾਲਾਂਕਿ ਪਿਛਲੇ ਕੁਝ ਦਿਨਾਂ ਵਾਂਗ ਉਨ੍ਹਾਂ ਨੇ ਇਸ ਵਾਰ ਵੀ ਕਿਸਾਨੀ ਮੁੱਦੇ ਸਬੰਧੀ ਆਪਣੀ ਗੱਲ ਰੱਖੀ ਹੈ। ਸੋਸ਼ਲ ਮੀਡੀਆ ’ਤੇ ਉਨ੍ਹਾਂ ਨੇ ਲਿਖਿਆ ਕਿ ਉਹ ਇਸ ਗੱਲ ’ਤੇ ਲਗਾਤਾਰ ਜ਼ੋਰ ਦਿੰਦੇ ਰਹੇ ਹਨ ਕਿ ਪੰਜਾਬ ਸਰਕਾਰ ਅਤੇ ਕਿਸਾਨ ਸੰਗਠਨ ਮਿਲ ਕੇ ਹਰ ਤਰ੍ਹਾਂ ਦੇ ਖੇਤੀ ਉਤਪਾਦ, ਉਸ ਦੇ ਭੰਡਾਰਣ ਅਤੇ ਵਿਕਰੀ ਕਿਸਾਨਾਂ ਦੇ ਹੱਥ ’ਚ ਲਿਆ ਸਕਦੇ ਹਨ। ਕਿਸਾਨ ਏਕਤਾ ਇਕ ਸਮਾਜਿਕ ਲਹਿਰ ਦੇ ਨਾਲ ਬੇਮਿਸਾਲ ਆਰਥਿਕ ਤਾਕਤ ’ਚ ਤਬਦੀਲ ਹੋ ਸਕਦੀ ਹੈ।
ਪ੍ਰਤਾਪ ਬਾਜਵਾ ਨੇ ਵੀ ਬਿਨਾਂ ਨਾਂ ਲਿਖੇ ਮੁੱਖ ਮੰਤਰੀ ’ਤੇ ਵਿੰਨ੍ਹਿਆ ਨਿਸ਼ਾਨਾ
ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਐਤਵਾਰ ਨੂੰ ਸੋਸ਼ਲ ਮੀਡੀਆ ਜ਼ਰੀਏ ਸਰਕਾਰ ਨੂੰ ਘੇਰਿਆ। ਮੁੱਖ ਮੰਤਰੀ ਦਾ ਨਾਂ ਲਿਖੇ ਬਿਨਾਂ ਕਿਹਾ ਕਿ ਹਿੰਮਤ ਕਰੋ ਅਤੇ ਆਪਣੇ ਜ਼ਮੀਰ ਦੀ ਆਵਾਜ਼ ਸੁਣੋ। ਪਰਮਾਤਮਾ ਅਤੇ ਸਾਰਾ ਪੰਜਾਬ ਸਾਨੂੰ ਵੇਖ ਰਿਹਾ ਹੈ। ਬਾਜਵਾ ਦਾ ਇਹ ਬਿਆਨ ਅਜਿਹੇ ਸਮੇਂ ਵਿਚ ਆਇਆ ਹੈ, ਜਦੋਂ ਕਾਂਗਰਸ ਹਾਈਕਮਾਨ ਨੇ ਪੰਜਾਬ ਕਾਂਗਰਸ ਦੇ ਵਿਵਾਦ ਨੂੰ ਸੁਲਝਾਉਣ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਹੈ। ਇਸ ਕਮੇਟੀ ਨੇ ਪਹਿਲੀ ਬੈਠਕ ’ਚ ਹੀ ਸਪੱਸ਼ਟ ਕੀਤਾ ਸੀ ਕਿ ਆਗੂਆਂ ਨੂੰ ਬਿਨਾਂ ਵਜ੍ਹਾ ਬਿਆਨਬਾਜ਼ੀ ਦੀ ਥਾਂ ਕਮੇਟੀ ਸਾਹਮਣੇ ਆਪਣਾ ਪੱਖ ਰੱਖਣਾ ਚਾਹੀਦਾ ਹੈ। ਕਮੇਟੀ ਨੇ ਇਹ ਵੀ ਸਪੱਸ਼ਟ ਕੀਤਾ ਸੀ ਕਿ ਕੋਈ ਵੀ ‘ਲਕਸ਼ਮਣ ਰੇਖਾ’ ਪਾਰ ਨਾ ਕਰੇ। ਕਮੇਟੀ ਦੇ ਮੈਂਬਰ ਰਾਵਤ ਨੇ ਕਿਹਾ ਸੀ ਕਿ ਹਾਈਕਮਾਨ ਨੇ ਬੇਹੱਦ ਸੀਨੀਅਰ ਆਗੂਆਂ ਨੂੰ ਮਤਭੇਦ ਸੁਲਝਾਉਣ ਦਾ ਜ਼ਿੰਮਾ ਦਿੱਤਾ ਹੈ। ਅਜਿਹੇ ਸਮੇਂ ਸਾਰੇ ਆਗੂ ਮਰਿਆਦਾ ਦਾ ਧਿਆਨ ਰੱਖਣ ਅਤੇ ਕਮੇਟੀ ਦਾ ਸਨਮਾਨ ਕਰਨ। ਬਾਵਜੂਦ ਇਸ ਦੇ ਐਤਵਾਰ ਨੂੰ ਨਵਜੋਤ ਸਿੰਘ ਸਿੱਧੂ ਨਾਲ ਪ੍ਰਤਾਪ ਸਿੰਘ ਬਾਜਵਾ ਵੀ ਸਰਗਰਮ ਰਹੇ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ    


Babita

Content Editor

Related News