ਪੰਜਾਬ ਕਾਂਗਰਸ ਵਲੋਂ ਮੋਦੀ ਸਰਕਾਰ ਖਿਲਾਫ ਅੱਜ ਤੋਂ ਰਾਜ ਭਰ ''ਚ ਧਰਨੇ
Friday, Nov 15, 2019 - 01:06 AM (IST)

ਚੰਡੀਗੜ੍ਹ,(ਭੁੱਲਰ): ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀਆਂ ਜਨ ਵਿਰੋਧੀ ਨੀਤੀਆਂ ਖਿਲਾਫ ਕਾਂਗਰਸ ਪਾਰਟੀ ਵਲੋਂ ਸੂਬੇ ਦੇ ਸਾਰੇ ਜ਼ਿਲਾ ਸਦਰ ਮੁਕਾਮਾਂ 'ਤੇ ਸ਼ੁੱਕਰਵਾਰ ਨੂੰ ਧਰਨੇ ਦਿੱਤੇ ਜਾ ਰਹੇ ਹਨ ਤਾਂ ਜੋ ਲੋਕ ਕਚਹਿਰੀ 'ਚ ਭਾਜਪਾ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਦਾ ਖੁਲਾਸਾ ਕੀਤਾ ਜਾ ਸਕੇ।
ਇਹ ਜਾਣਕਾਰੀ ਅੱਜ ਇਥੇ ਜਾਰੀ ਪ੍ਰੈੱਸ ਬਿਆਨ 'ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਦਿੱਤੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਇਸ ਸਮੇਂ ਸਭ ਤੋਂ ਬੁਰੇ ਦੌਰ 'ਚੋਂ ਗੁਜ਼ਰ ਰਹੀ ਹੈ। ਦੇਸ਼ ਦੀ ਵਿਕਾਸ ਦਰ ਦੇ ਹੋਰ ਥੱਲੇ ਆਉਣ ਦੇ ਅੰਦਾਜ਼ੇ ਲੱਗ ਰਹੇ ਹਨ। ਬੇਰੋਜ਼ਗਾਰੀ ਲਗਾਤਾਰ ਵੱਧ ਰਹੀ ਹੈ। ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਹਨ। ਦੇਸ਼ ਵਿਚ ਇਸ ਸਮੇਂ ਬੇਰੋਜ਼ਗਾਰੀ ਦੀ ਦਰ 8.1 ਫੀਸਦੀ ਤੋਂ ਪਾਰ ਜਾ ਚੁੱਕੀ ਹੈ, ਹਰ ਸੈਕਟਰ ਵਿਚ ਮੰਦੀ ਦਾ ਅਸਰ ਹੈ, ਵਪਾਰ ਚੌਪਟ ਹੋ ਚੁੱਕਾ ਹੈ। ਉਦਯੋਗ ਬੰਦ ਹੋ ਰਹੇ ਹਨ, ਕਿਸਾਨ ਕਰਜ਼ਾਈ ਹੋ ਰਹੇ ਹਨ, ਕਿਸਾਨਾਂ ਨੂੰ ਫਸਲਾਂ ਦੇ ਪੂਰੇ ਭਾਅ ਨਹੀਂ ਮਿਲ ਰਹੇ ਹਨ, ਬੈਂਕਾਂ ਕੰਗਾਲ ਹੋ ਰਹੀਆਂ ਹਨ, ਧਨਾਢ ਲੋਕ ਬੈਂਕਾਂ ਤੋਂ ਪੈਸੇ ਲੈ ਕੇ ਵਿਦੇਸ਼ ਭੱਜ ਰਹੇ ਹਨ ਜਦਕਿ ਅਜਿਹੇ ਸੰਕਟਕਾਲੀਨ ਸਮੇਂ ਵਿਚ ਕੇਂਦਰ ਸਰਕਾਰ ਕੋਲ ਕੋਈ ਨੀਤੀ ਨਹੀਂ ਹੈ ਜਿਸ ਨਾਲ ਦੇਸ਼ ਨੂੰ ਮੰਦੀ ਵਿਚੋਂ ਉਭਾਰਿਆ ਜਾ ਸਕੇ।