ਪੰਜਾਬ ਦੇ ਕਾਂਗਰਸੀ ਦਿੱਲੀ ''ਚ ਰਹੇ ਜ਼ੀਰੋ, ਹੁਣ ਆਉਣ ਵਾਲੀਆਂ ਚੋਣਾਂ ''ਚ ਕਿਵੇਂ ਬਣਨਗੇ ਹੀਰੋ!

02/13/2020 1:35:00 AM

ਜਲੰਧਰ,(ਚੋਪੜਾ)- ਦਿੱਲੀ ਵਿਧਾਨ ਸਭਾ ਚੋਣਾਂ 'ਚ 'ਆਪ' ਨੇ ਜਿਸ ਕਦਰ ਬਾਜ਼ੀ ਮਾਰੀ ਹੈ, ਉਸ ਨਾਲ ਕਾਂਗਰਸ ਖਾਸ ਤੌਰ 'ਤੇ ਪੰਜਾਬ ਖੇਮੇ 'ਚ ਘਬਰਾਹਟ ਪੈਦਾ ਹੋ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਸਮੇਤ ਉਨ੍ਹਾਂ ਦੇ ਅਹੁਦੇਦਾਰਾਂ ਦੇ ਸਾਰੇ ਜਿੱਤ ਦੇ ਦਾਅਵਿਆਂ ਦੀ ਪੋਲ ਚੋਣ ਨਤੀਜਿਆਂ ਨੇ ਖੋਲ੍ਹ ਕੇ ਰੱਖ ਦਿੱਤੀ ਹੈ। ਦਿੱਲੀ 'ਚ ਕਾਂਗਰਸ ਉਮੀਦਵਾਰਾਂ ਦੇ ਪੱਖ 'ਚ ਚੋਣ ਪ੍ਰਚਾਰ ਕਰਨ ਦੌਰਾਨ ਉਹ ਵੱਡੀਆਂ-ਵੱਡੀਆਂ ਗੱਪਾਂ ਮਾਰ ਰਹੇ ਸਨ ਕਿ ਦਿੱਲੀ 'ਚ ਅਗਲੀ ਸਰਕਾਰ ਕਾਂਗਰਸ ਦੀ ਬਣੇਗੀ ਪਰ ਸਾਲ 2015 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਾਂਗ ਇਸ ਵਾਰ ਵੀ ਕਾਂਗਰਸ ਖਾਤਾ ਨਹੀਂ ਖੋਲ੍ਹ ਸਕੀ। ਹਾਲਾਂਕਿ ਪੰਜਾਬ ਦੇ ਕਾਂਗਰਸੀ ਦਿੱਲੀ 'ਚ ਪਾਰਟੀ ਨੂੰ ਕੋਈ ਸੀਟ ਨਹੀਂ ਜਿਤਾ ਸਕੇ ਹਨ। ਅਜਿਹੇ 'ਚ ਸਵਾਲ ਉੱਠਦਾ ਹੈ ਕਿ ਦਿੱਲੀ 'ਚ ਜ਼ੀਰੋ 'ਤੇ ਰਹਿਣ ਵਾਲੇ ਹੁਣ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਕਿਵੇਂ ਹੀਰੋ ਬਣਨਗੇ?

ਦਿੱਲੀ ਵਾਲਿਆਂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਸੰਸਦ ਮੈਂਬਰਾਂ, ਮੰਤਰੀਆਂ, ਵਿਧਾਇਕਾਂ ਤੇ ਹੋਰ ਕਾਂਗਰਸੀ ਅਹੁਦੇਦਾਰਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ, ਜਿਨ੍ਹਾਂ ਸੀਟਾਂ 'ਤੇ ਸਿੱਖ ਭਾਈਚਾਰਾ ਰਹਿੰਦਾ ਸੀ, ਉਥੇ ਕਾਂਗਰਸ ਹਾਈਕਮਾਨ ਨੂੰ ਉਮੀਦ ਸੀ ਕਿ ਭਾਜਪਾ ਤੇ ਅਕਾਲੀ ਦਲ (ਬਾਦਲ) 'ਚ ਆਈ ਖਟਾਸ ਕਾਰਣ ਪੰਜਾਬ ਦੇ ਕਾਂਗਰਸੀ ਦਿੱਲੀ 'ਚ ਰਹਿਣ ਵਾਲੇ ਲੱਖਾਂ ਪੰਜਾਬੀਆਂ ਨੂੰ ਆਪਣੇ ਪੱਖ 'ਚ ਕਰ ਲੈਣਗੇ ਪਰ ਕੈਪਟਨ ਦੀ ਟੀਮ ਹਾਂ-ਪੱਖੀ ਮਾਹੌਲ ਨਹੀਂ ਬਣਾ ਸਕੀ ਹੈ, ਜਿਸ ਨਾਲ ਪੰਜਾਬ ਕਾਂਗਰਸੀਆਂ ਦੀ ਵਿਕਾਸ ਦੇ ਦਾਅਵਿਆਂ ਦੀ ਪੋਲ ਖੁੱਲ੍ਹ ਗਈ ਹੈ। ਹੁਣ ਦਿੱਲੀ ਚੋਣ ਨਤੀਜਿਆਂ ਦਾ ਸਿੱਧਾ ਅਸਰ ਪੰਜਾਬ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ 'ਤੇ ਵੀ ਪਵੇਗਾ? ਪਾਰਟੀ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬ ਦੇ ਜ਼ਿਆਦਾਤਰ ਕਾਂਗਰਸ ਨੇਤਾਵਾਂ ਦੇ ਹਵਾ-ਹਵਾਈ ਪ੍ਰਚਾਰ ਕਾਰਣ ਹੋਇਆ ਕਿਉਂਕਿ ਜਿਨ੍ਹਾਂ ਨੇਤਾਵਾਂ ਦੀਆਂ ਉਥੇ ਚੋਣ ਡਿਊਟੀਆਂ ਲਾਈਆਂ ਗਈਆਂ ਸਨ, ਉਨ੍ਹਾਂ ਨੇ ਇਨ੍ਹਾਂ ਚੋਣਾਂ ਨੂੰ ਸੰਜੀਦਗੀ ਨਾਲ ਨਹੀਂ ਲਿਆ ਅਤੇ ਉਹ ਸਿਰਫ ਖਾਨਾਪੂਰਤੀ ਕਰਦੇ ਰਹੇ।

ਇਕ ਸੀਨੀਅਰ ਮੰਤਰੀ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਕਿ ਪੰਜਾਬ ਤੋਂ ਪ੍ਰਚਾਰ ਨੂੰ ਗਏ ਅਨੇਕਾਂ ਨੇਤਾ ਉਥੇ ਪ੍ਰਚਾਰ ਕਰਨ ਦੀ ਥਾਂ ਮੌਜ-ਮਸਤੀ ਕਰਨ 'ਚ ਡੁੱਬ ਰਹੇ। ਪ੍ਰਦੇਸ਼ ਕਾਂਗਰਸ ਨਾਲ ਸਬੰਧਤ ਕਈ ਦਬੰਗ ਤੇ ਅਮੀਰ ਨੇਤਾਵਾਂ ਦੇ ਤਾਂ ਦਿੱਲੀ ਦੇ ਫਾਈਵ ਸਟਾਰ ਹੋਟਲਾਂ 'ਚ ਸ਼ਰਾਬ ਅਤੇ ਸ਼ਬਾਬ 'ਚ ਮਸਤ ਰਹਿਣ ਦੀਆਂ ਚਰਚਾਵਾਂ ਰਹੀਆਂ ਹਨ। ਉਕਤ ਮੰਤਰੀ ਦਾ ਕਹਿਣਾ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਸਿਰ 'ਤੇ ਹਨ, ਅਜਿਹੇ 'ਚ ਦਿੱਲੀ ਦੇ ਚੋਣ ਨਤੀਜਿਆਂ ਦਾ ਬੁਰਾ ਅਸਰ ਪੰਜਾਬ 'ਤੇ ਪਵੇਗਾ। ਉਥੇ ਹੁਣ ਕਾਂਗਰਸ ਦੀਆਂ ਸਾਰੀਆਂ 70 ਸੀਟਾਂ ਤੋਂ ਹਾਰਣ ਦਾ ਸਿੱਧਾ ਅਸਰ ਪੰਜਾਬ 'ਚ ਹੋਣ ਵਾਲੀਆਂ 2022 ਦੀਆਂ ਚੋਣਾਂ 'ਤੇ ਪੈਣਾ ਤੈਅ ਹੈ।

ਕੈਪਟਨ ਅਮਰਿੰਦਰ ਸਿੰਘ ਦੇ 3 ਸਾਲ ਦੇ ਰਾਜ ਦੇ ਝੂਠੇ ਅੰਕੜਿਆਂ ਨੇ ਵੀ ਵਿਗਾੜੀ ਖੇਡ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਦਿੱਲੀ ਚੋਣਾਂ 'ਚ ਰੈਲੀਆਂ ਤੋਂ ਇਲਾਵਾ ਰੋਡ ਸ਼ੋਅ ਵੀ ਕੀਤੇ ਪਰ ਇਸ ਦੌਰਾਨ ਉਨ੍ਹਾਂ ਨੇ ਵੋਟਰਾਂ ਦੇ ਸਾਹਮਣੇ ਪੰਜਾਬ 'ਚ ਆਪਣੀ ਸਰਕਾਰ ਦੇ 3 ਸਾਲਾਂ ਦੀਆਂ ਪ੍ਰਾਪਤੀਆਂ ਦੇ ਅਜਿਹੇ ਕਸੀਦੇ ਪੜ੍ਹੇ ਜਿਸ ਨਾਲ ਨਾ ਸਿਰਫ ਵੋਟਰਾਂ ਤੇ ਸੋਸ਼ਲ ਮੀਡੀਆ 'ਚ ਕੈਪਟਨ ਸਰਕਾਰ ਦੇ ਦਾਅਵਿਆਂ ਦੀ ਪੋਲ ਖੁੱਲ੍ਹੀ, ਉਲਟਾ ਕਾਂਗਰਸ ਦੀ ਜਗ ਹਸਾਈ ਵੀ ਹੋ ਗਈ।
ਮੁੱਖ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਪੰਜਾਬ 'ਚ 12 ਲੱਖ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਪਰ ਜਦੋਂ ਇਸ ਬਾਰੇ ਸਵਾਲ ਉੱਠਣ ਲੱਗੇ ਤਾਂ ਨੌਕਰੀਆਂ, ਰੋਜ਼ਗਾਰ ਮੇਲਿਆਂ ਰਾਹੀਂ ਪ੍ਰਾਈਵੇਟ ਕੰਪਨੀਆਂ 'ਚ ਜੌਬ ਦਿਵਾਉਣ ਦੇ ਅੰਕੜੇ ਗਿਣਾ ਦਿੱਤੇ ਗਏ। ਪੰਜਾਬ 'ਚ ਇੰਡਸਟਰੀ ਤੇ ਘਰੇਲੂ ਖਪਤਕਾਰਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਉਣ ਅਤੇ ਪ੍ਰਦੇਸ਼ ਦੇ ਸਰਵਪੱਖੀ ਵਿਕਾਸ ਕਰਵਾਉਣ ਦੇ ਦਾਅਵਿਆਂ ਕਾਰਣ ਵੀ ਕਾਂਗਰਸ ਨੂੰ ਦਿੱਲੀ 'ਚ ਫਾਇਦਾ ਮਿਲਣ ਦੀ ਥਾਂ ਉਲਟਾ ਨੁਕਸਾਨ ਹੋਇਆ ਕਿਉਂਕਿ ਜ਼ਮੀਨੀ ਹਕੀਕਤ 'ਚ ਪੰਜਾਬ 'ਚ ਅੱਜ ਬਿਜਲੀ ਦੇਸ਼ ਭਰ 'ਚ ਸਭ ਤੋਂ ਮਹਿੰਗੀ ਮਿਲ ਰਹੀ ਹੈ ਅਤੇ ਇੰਡਸਟਰੀ ਅੱਜ ਵੀ 5 ਰੁਪਏ ਯੂਨਿਟ ਬਿਜਲੀ ਪਾਉਣ ਦੀ ਰਾਹ ਦੇਖ ਰਹੀ ਹੈ। ਪ੍ਰਦੇਸ਼ ਦਾ ਖਾਲੀ ਖਜ਼ਾਨਾ, ਠੱਪ ਪਿਆ ਵਿਕਾਸ, ਖਰਚਿਆਂ 'ਤੇ ਕਟੌਤੀ ਕਰਨਾ, ਸੜਕਾਂ ਦੀ ਮੰਦੀ ਹਾਲਤ, ਸ਼ਗਨ ਸਕੀਮ, ਪੈਨਸ਼ਨ, ਘਰ-ਘਰ ਰੋਜ਼ਗਾਰ ਦੇਣਾ, ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ ਕਰਨਾ, 2500 ਰੁਪਏ ਮਹੀਨਾ ਬੇਰੋਜ਼ਗਾਰੀ ਭੱਤਾ, ਸਮਾਰਟਫੋਨ ਵਰਗੇ ਅਨੇਕਾਂ ਵਾਅਦੇ ਹਨ, ਜਿਨ੍ਹਾਂ ਨੂੰ ਕੈ. ਅਮਰਿੰਦਰ ਦੀ ਸਰਕਾਰ ਅਮਲੀਜਾਮਾ ਨਹੀਂ ਪਹਿਨਾ ਸਕੀ ਹੈ।
'ਆਪ' ਨੇ ਆਪਣੇ ਪ੍ਰਚਾਰ 'ਚ ਇਨ੍ਹਾਂ ਸਾਰਿਆਂ ਦਾਅਵਿਆਂ ਨੂੰ ਜਨਤਾ ਦੀ ਅਦਾਲਤ 'ਚ ਰੱਖਿਆ ਅਤੇ ਦਿੱਲੀ 'ਚ ਕਰਵਾਏ ਵਿਕਾਸ ਦੀ ਪੰਜਾਬ ਨਾਲ ਤੁਲਨਾ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਜਿਸ ਕਾਰਣ ਪੰਜਾਬ ਕਾਂਗਰਸ ਦਿੱਲੀ ਵਿਧਾਨਸਭਾ ਚੋਣਾਂ 'ਚ ਆਪਣੀ ਕੋਈ ਛਾਪ ਨਹੀਂ ਛੱਡ ਸਕੀ।
 


Related News