2017 ''ਚ ਪੰਜਾਬ ਵਿਚ ਹਕੂਮਤ ਬਦਲੀ ਪਰ ਹਾਲਾਤ ਨਹੀਂ
Wednesday, Jan 03, 2018 - 06:32 PM (IST)
ਸੁਲਤਾਨਪੁਰ ਲੋਧੀ (ਸੋਢੀ)— 2017 'ਚ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੀ ਹਕੂਮਤ ਤਾਂ ਬਦਲ ਗਈ ਪਰ ਪੰਜਾਬ ਦੇ ਹਾਲਾਤ ਨਹੀਂ ਬਦਲ ਸਕੇ। ਪੰਜਾਬ 'ਚ ਨਸ਼ਿਆਂ ਦਾ ਬੋਲਬਾਲਾ ਪਿਛਲੀ ਸਰਕਾਰ ਸਮੇਂ ਚਰਚਾ ਦਾ ਵਿਸ਼ਾ ਬਣਿਆ ਰਿਹਾ ਸੀ ਅਤੇ ਸੂਬਾ ਸਰਕਾਰ ਬਦਲਣ ਤੋਂ ਬਾਅਦ ਵੀ ਨਸ਼ਾ ਵੱਡੀ ਪੱਧਰ 'ਤੇ ਵਿਕ ਰਿਹਾ ਹੈ।
ਵਿਧਾਨ ਸਭਾ ਚੋਣਾਂ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ 'ਚ ਲੈ ਕੇ ਸਹੁੰ ਖਾਧੀ ਸੀ ਕਿ ਸਰਕਾਰ ਬਣਦੇ ਹੀ ਇਕ ਮਹੀਨੇ 'ਚ ਪੰਜਾਬ 'ਚੋਂ ਨਸ਼ਾ ਬੰਦ ਕਰਵਾ ਦਿਆਂਗਾ। ਕੈਪਟਨ ਦੀ ਸਰਕਾਰ ਬਣਨ ਤੋਂ ਭਾਵੇਂ ਪੰਜਾਬ ਪੁਲਸ ਅਤੇ ਹੋਰ ਏਜੰਸੀਆਂ ਵੱਲੋਂ ਨਸ਼ਿਆਂ ਖਿਲਾਫ ਵੱਡੇ ਪੱਧਰ 'ਤੇ ਮੁਹਿੰਮ ਚਲਾਈ ਗਈ ਅਤੇ 2017 'ਚ ਅਨੇਕਾਂ ਹੀ ਨਸ਼ਾ ਸਮੱਗਲਰ ਹਰ ਰੋਜ਼ ਗ੍ਰਿਫਤਾਰ ਕਰਕੇ ਜੇਲਾਂ 'ਚ ਭੇਜੇ ਗਏ। ਇਸ ਦੇ ਬਾਵਜੂਦ ਸਰਕਾਰ ਅਤੇ ਪੁਲਸ 2017 'ਚ ਸਰਕਾਰ ਬਣਨ ਤੋਂ ਕਈ ਮਹੀਨੇ ਬਾਅਦ ਵੀ ਨਸ਼ਿਆਂ ਦਾ ਖਾਤਮਾ ਕਰਨ 'ਚ ਸਫਲ ਨਹੀਂ ਹੋ ਸਕੀ, ਜਿਸ ਕਾਰਨ ਲੋਕਾਂ ਵਿਚ ਕਈ ਪ੍ਰਕਾਰ ਦੀ ਚਰਚਾ ਸ਼ੁਰੂ ਹੋ ਗਈ ਹੈ।
ਇਕੱਲੀ ਸਬ-ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਚਾਰ ਥਾਣਿਆਂ ਤੋਂ ਮਿਲੇ ਸਰਕਾਰੀ ਅੰਕੜਿਆਂ ਅਨੁਸਾਰ 2017 ਵਿਚ ਸਬ-ਡਿਵੀਜ਼ਨ ਸੁਲਤਾਨਪੁਰ ਲੋਧੀ 'ਚ ਕੁੱਲ 293 ਮੁਕੱਦਮੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਪੁਲਸ ਨੇ ਦਰਜ ਕੀਤੇ ਅਤੇ 314 ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕਰਕੇ ਜੇਲ ਭੇਜਿਆ ਗਿਆ। ਇਸ ਦੌਰਾਨ 5 ਕਿੱਲੋ ਗ੍ਰਾਮ ਨਸ਼ੀਲਾ ਪਾਊਡਰ, 271 ਗ੍ਰਾਮ ਹੈਰੋਇਨ, ਢਾਈ ਕਿੱਲੋ ਅਫੀਮ , 4 ਕੁਇੰਟਲ ਦੇ ਕਰੀਬ ਡੋਡੇ, 11 ਗ੍ਰਾਮ ਚਰਸ, 31877 ਨਸ਼ੀਲੀਆਂ ਗੋਲੀਆਂ ਅਤੇ 3836 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ ਪਰ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਾਲਾ ਚਿੱਟਾ ਅਤੇ ਹੋਰ ਨਸ਼ਾ ਫਿਰ ਵੀ ਲਗਾਤਾਰ ਵਿਕ ਰਿਹਾ ਹੈ।
ਪੰਜਾਬ ਦੀ ਜਨਤਾ ਦਾ ਕਹਿਣਾ ਹੈ ਕਿ ਨਸ਼ਾ ਬੰਦ ਤਾਂ ਨਹੀਂ ਹੋ ਸਕਿਆ ਪਰ ਮਹਿੰਗਾ ਹੋ ਗਿਆ ਹੈ। ਨਸ਼ੀਲਾ ਪਾਊਡਰ/ਚਿੱਟਾ ਪਹਿਲਾਂ ਸਮੱਗਲਰਾਂ ਤੋਂ ਲੱਖਾਂ ਦੀ ਕੀਮਤ 'ਚ ਫੜਿਆ ਜਾਂਦਾ ਸੀ ਤੇ ਹੁਣ ਕਰੋੜਾਂ ਦੀ ਕੀਮਤ 'ਚ ਫੜਿਆ ਜਾਣ ਲੱਗਾ ਹੈ। ਪੰਜਾਬ 'ਚ ਨਸ਼ਿਆਂ ਦੇ ਨਾਲ ਜਿੱਥੇ ਅਨੇਕਾਂ ਘਰ ਉੱਜੜ ਰਹੇ ਹਨ, ਉਥੇ ਹੀ ਮਾਰੂ ਨਸ਼ਿਆਂ ਦੀ ਵਿਕਰੀ 'ਤੇ ਅਜੇ ਵੀ ਠੱਲ੍ਹ ਨਹੀਂ ਪੈ ਸਕੀ। ਆਮ ਜਨਤਾ ਦਾ ਕਹਿਣਾ ਹੈ ਕਿ ਪੰਜਾਬ 'ਚ ਪੁਲਸ ਜੇਕਰ ਈਮਾਨਦਾਰੀ ਨਾਲ ਸਾਰੇ ਨਸ਼ਾ ਸਮੱਗਲਰਾਂ ਨੂੰ ਫੜ ਰਹੀ ਹੈ ਤਾਂ ਹੁਣ ਤੱਕ ਨਸ਼ਿਆਂ ਦੇ ਮਾਮਲੇ ਬਹੁਤ ਘੱਟ ਜਾਣੇ ਚਾਹੀਦੇ ਸਨ ਪਰ ਨਸ਼ਿਆਂ ਦੇ ਮਾਮਲੇ ਤਾਂ ਦਿਨੋ-ਦਿਨ ਵੱਧ ਰਹੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ। 2018 ਵਿਚ ਪੁਲਸ ਵਿਭਾਗ ਨੂੰ ਨਸ਼ਿਆਂ ਦਾ ਕਾਰੋਬਾਰ ਪੱਕੇ ਤੌਰ 'ਤੇ ਬੰਦ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ ਹੈ ਤਾਂ ਜੋ ਕ੍ਰਾਈਮ ਦਰ ਹੋਰ ਘੱਟ ਸਕੇ।
