ਅਹਿਮ ਖ਼ਬਰ : ਕੱਲ੍ਹ ਪੰਜਾਬ ਬੰਦ ਦੀ ਕਾਲ, ਜਾਣੋ ਕੀ ਰਹੇਗਾ ਸਮਾਂ
Friday, Oct 09, 2020 - 07:54 PM (IST)
ਚੰਡੀਗੜ੍ਹ : ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਵਿਵਾਦਾਂ ਵਿਚ ਘਿਰੀ ਪੰਜਾਬ ਸਰਕਾਰ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ। ਇਸ ਮਾਮਲੇ ਨੂੰ ਲੈ ਕੇ ਸੰਤ ਸਮਾਜ ਨੇ 10 ਅਕਤੂਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਇਸ ਬੰਦ ਦੇ ਸਮਰਥਨ ਵਿਚ ਆਮ ਆਦਮੀ ਪਾਰਟੀ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਸਮੇਤ ਸ਼ਡਿਊਲ ਕਾਸਟ ਅਲਾਇੰਸ ਨੇ ਵੀ ਸਾਥ ਦਿੱਤਾ ਹੈ। ਇਥੇ ਹੀ ਬਸ ਨਹੀਂ ਘੁਟਾਲੇ ਨੂੰ ਲੈ ਕੇ ਸਾਬਕਾ ਆਈ. ਏ. ਐੱਸ. ਅਧਿਕਾਰੀ ਐੱਸ. ਆਰ. ਲੱਦੜ ਵੀ ਇਸ ਮੁੱਦੇ 'ਤੇ ਸਰਕਾਰ ਖ਼ਿਲਾਫ਼ ਮੋਰਚਾ ਖੁੱਲ੍ਹ ਚੁੱਕੇ ਹਨ। ਸਿਆਸੀ ਪਾਰਟੀਆਂ ਅਤੇ ਸਮਾਜਿਕ ਜਥੇਬੰਦੀਆਂ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕੈਬਨਿਟ 'ਚੋਂ ਬਰਖਾਸਤ ਕਰਨ ਦੀ ਮੰਗ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਬੁਰੀ ਖ਼ਬਰ, ਦੋ ਦਿਨਾਂ ਬਾਅਦ ਹਨ੍ਹੇਰੇ 'ਚ ਡੁੱਬ ਜਾਵੇਗਾ ਪੂਰਾ ਸੂਬਾ
ਇਸ ਤੋਂ ਇਲਾਵਾ ਭਗਵਾਨ ਵਾਲਮੀਕਿ ਟਾਈਗਰ ਫੋਰਸ ਵਲੋਂ ਵੀ 10 ਅਕਤੂਬਰ ਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ। ਫੋਰਸ ਦੇ ਚੇਅਰਮੈਨ ਅਜੇ ਖੋਸਲਾ ਨੇ ਕਿਹਾ ਕਿ ਹਾਥਰਸ ਦੀ ਘਟਨਾ ਵਿਚ ਅਜੇ ਤਕ ਸਰਕਾਰ ਕੋਈ ਸਖ਼ਤ ਕਦਮ ਨਹੀਂ ਚੁੱਕ ਸਕੀ ਹੈ। ਖੋਸਲਾ ਨੇ ਕਿਹਾ ਕਿ ਯੂ. ਪੀ ਸਰਕਾਰ ਅਜੇ ਤਕ ਮੁਲਜ਼ਮਾਂ ਤਕ ਨਹੀਂ ਪਹੁੰਚ ਸਕੀ ਹੈ ਅਤੇ ਪੁਲਸ ਦੀ ਕਾਰਜਪ੍ਰਣਾਲੀ ਵੀ ਸ਼ੱਕੀ ਹੈ, ਹਰ ਵਾਰ ਕੋਈ ਨਾ ਕੋਈ ਕਹਾਣੀ ਬਣਾ ਕੇ ਇਸ ਘਟਨਾ ਵਿਚ ਪੇਸ਼ ਕੀਤੀ ਜਾ ਰਹੀ ਹੈ। ਇਸ ਦੇ ਵਿਰੋਧ ਵਿਚ ਉਨ੍ਹਾਂ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ, ਜਿਹੜਾ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤਕ ਰਹੇਗਾ। ਉਨ੍ਹਾਂ ਸਾਰੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਤੋਂ ਇਲਾਵਾ ਦੁਕਾਨਾਂਦਾਰਾਂ ਨੂੰ ਵੀ ਬੰਦ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਗੈਂਗਸਟਰਾਂ ਵਲੋਂ 10 ਗੋਲ਼ੀਆਂ ਮਾਰ ਕੇ ਬਾਊਂਸਰ ਦਾ ਕਤਲ
ਕੀ ਹੈ ਮਾਮਲਾ
ਪੋਸਟ ਮੈਟ੍ਰਿਕ ਸਕਾਲਰਸ਼ਿਪ ਵਿਚ 63.91 ਕਰੋੜ ਰੁਪਏ ਦੇ ਘੁਟਾਲੇ ਦੀ ਗੱਲ ਸਾਹਮਣੇ ਆਈ ਸੀ। ਵਿਭਾਗ ਦੇ ਵਧੀਕ ਮੁੱਖ ਸਕੱਤਰ ਕ੍ਰਿਪਾ ਸ਼ੰਕਰ ਸਰੋਜ ਨੇ ਆਪਣੀ ਜਾਂਚ ਰਿਪੋਰਟ ਚੀਫ ਸੈਕਟਰੀ ਵਿਨੀ ਮਹਾਜਨ ਨੂੰ ਸੌਂਪ ਦਿੱਤੀ ਸੀ। ਇਸ ਮਾਮਲੇ ਵਿਚ ਮੁੱਖ ਮੰਤਰੀ ਨੇ ਚੀਫ ਸੈਕਟਰੀ ਤੋਂ ਮੜ ਜਾਂਚ ਕਰਵਾਈ। ਇਸ ਜਾਂਚ ਵਿਚ ਇਹ ਨਿਕਲਿਆ ਕਿ ਸੱਤ ਕਰੋੜ ਰੁਪਏ ਦੇ ਫੰਡ ਨਿਯਮਾਂ ਦੇ ਉਲਟ ਇੰਸਟੀਚਿਊਟਸ ਨੂੰ ਵੰਡੇ ਗਏ ਹਨ। ਫੰਡ ਜਾਰੀ ਕਰਨ ਦੀਆਂ ਫਾਈਲਾਂ 'ਤੇ ਮੰਤਰੀ ਨੇ ਵੀ ਦਸਤਖਤ ਸਨ। ਇਸ ਦੇ ਬਾਵਜੂਦ ਜਾਂਚ ਵਿਚ ਮੰਤਰੀ ਨੂੰ ਕਲੀਨ ਚਿੱਟ ਦੇ ਦਿੱਤੀ ਗਈ। ਇਸ ਬਾਰੇ ਸ਼ਡਿਊਲ ਕਾਸਟ ਅਲਾਇੰਸ ਦੇ ਰਾਸ਼ਟਰੀ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ 'ਤੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦਾ ਭਵਿੱਖ ਬਰਬਾਦ ਕਰਨ ਦਾ ਦੋਸ਼ ਲਗਾਇਆ ਹੈ। ਕੈਂਥ ਨੇ ਕਿਹਾ ਕਿ ਸੰਤ ਸਮਾਜ ਅਤੇ ਸਾਰੇ ਅਨੁਸੂਚਿਤ ਜਾਤੀ ਜਥੇਬੰਦੀਆਂ ਦੇ ਵਰਕਰਾਂ ਨੇ 10 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ ਇਕ ਵਜੇ ਤਕ ਪੰਜਾਬ ਭਰ ਵਿਚ ਚੱਕਾ ਜਾਮ ਕਰਨਗੇ।
ਇਹ ਵੀ ਪੜ੍ਹੋ : ਅੰਮ੍ਰਿਤਸਰ ਜੱਗਾ ਬਾਊਂਸਰ ਕਤਲ ਕਾਂਡ 'ਚ ਨਵਾਂ ਮੋੜ, ਇਸ ਗੈਂਗਸਟਰ ਨੇ ਫੇਸਬੁਕ 'ਤੇ ਲਈ ਜ਼ਿੰਮੇਵਾਰੀ