ਪੰਜਾਬ ''ਚ ਪੰਜ ਲੋਕ ਸਭਾ ਮੈਂਬਰ ਬਣੇ ਮੁੱਖ ਮੰਤਰੀ!

Saturday, Mar 30, 2019 - 10:51 AM (IST)

ਪੰਜਾਬ ''ਚ ਪੰਜ ਲੋਕ ਸਭਾ ਮੈਂਬਰ ਬਣੇ ਮੁੱਖ ਮੰਤਰੀ!

ਲੁਧਿਆਣਾ (ਮੁੱਲਾਂਪੁਰੀ) : ਪੰਜਾਬ ਦੀਆਂ ਇਤਿਹਾਸਕ ਸਿਆਸੀ ਸਫਾਂ 'ਚ ਕਈ ਅਜਿਹੇ ਆਗੂ ਵੀ ਹਨ, ਜੋ ਆਪੋ-ਆਪਣੀ ਪਾਰਟੀ 'ਚ ਜਿੱਥੇ ਕਈ ਵਾਰ ਵਿਧਾਇਕ ਬਣੇ ਤੇ ਫਿਰ ਐੱਮ. ਪੀ. ਵੀ ਚੁਣੇ ਗਏ, ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਵੀ ਨਸੀਬ ਹੋਈ। ਜੇਕਰ ਮੋਟੀ ਜਿਹੀ ਨਜ਼ਰ ਮਾਰੀ ਜਾਵੇ ਤਾਂ ਸਭ ਤੋਂ ਪਹਿਲਾਂ ਗਿਆਨੀ ਜ਼ੈਲ ਸਿੰਘ ਹੁਸ਼ਿਆਰਪੁਰ ਤੋਂ ਐੱਮ. ਪੀ. ਰਹੇ ਤੇ 1975 'ਚ ਪੰਜਾਬ ਦੇ ਮੁੱਖ ਮੰਤਰੀ ਤੋਂ ਇਲਾਵਾ ਦੇਸ਼ ਦੇ ਰਾਸ਼ਟਰਪਤੀ ਦੇ ਅਹੁਦੇ ਤਕ ਪੁੱਜੇ। ਇਸੇ ਤਰ੍ਹਾਂ ਦਰਬਾਰਾ ਸਿੰਘ ਜਲੰਧਰ ਤੋਂ ਲੋਕ ਸਭਾ ਮੈਂਬਰ ਬਣੇ ਤੇ 1980 'ਚ ਬਤੌਰ ਪੰਜਾਬ ਮੁੱਖ ਮੰਤਰੀ ਵੀ ਰਹੇ। ਇਸੇ ਕੜੀ ਤਹਿਤ ਸੁਰਜੀਤ ਸਿੰਘ ਬਰਨਾਲਾ 1977 'ਚ ਸੰਗਰੂਰ ਤੋਂ ਐੱਮ. ਪੀ. ਬਣੇ ਤੇ ਕੇਂਦਰੀ ਮੰਤਰੀ ਵੀ ਰਹੇ, ਮੁੜ 1985 ਮੁੱਖ ਮੰਤਰੀ ਪੰਜਾਬ ਬਣੇ। ਪ੍ਰਕਾਸ਼ ਸਿੰਘ ਬਾਦਲ ਵੀ 1977 'ਚ ਫਰੀਦਕੋਟ ਤੋਂ ਐੱਮ. ਪੀ. ਬਣੇ ਤੇ ਕੇਂਦਰੀ ਖੇਤੀਬਾੜੀ ਮੰਤਰੀ ਵੀ ਰਹੇ ਅਤੇ ਪੰਜਾਬ ਦੇ 5 ਵਾਰ ਮੁੱਖ ਮੰਤਰੀ ਹੋਣ ਦਾ ਮਾਣ ਵੀ ਹਾਸਲ ਕੀਤਾ।
ਜਦੋਂ ਕਿ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ 1985 'ਚ ਪਟਿਆਲਾ ਤੋਂ ਐੱਮ. ਪੀ. ਰਹਿ ਚੁੱਕੇ ਹਨ ਤੇ 2014 'ਚ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਬਣੇ ਤੇ ਬਤੌਰ ਡਿਪਟੀ ਲੀਡਰ ਵੀ ਸੇਵਾ ਕਰ ਚੁੱਕੇ ਹਨ ਅਤੇ ਅੱਜ-ਕੱਲ ਵੀ ਮੁੱਖ ਮੰਤਰੀ ਹਨ। ਭਾਵੇਂ 1966 'ਚ ਸੂਬੇ ਦੀ ਵੰਡ ਵੇਲੇ ਤੋਂ ਲੈ ਕੇ ਹੁਣ ਤਕ ਦੇ ਇਤਿਹਾਸ 'ਚ ਪ੍ਰਤਾਪ ਸਿੰਘ ਕੈਰੋਂ, ਜਸਟਿਸ ਗੁਰਨਾਮ ਸਿੰਘ ਦੋ ਵਾਰ, ਲਛਮਣ ਸਿੰਘ ਗਿੱਲ, ਸ਼ੇਰ-ਏ-ਪੰਜਾਬ ਸਵ. ਬੇਅੰਤ ਸਿੰਘ, ਹਰਚਰਨ ਸਿੰਘ ਬਰਾੜ ਤੇ ਬੀਬੀ ਰਜਿੰਦਰ ਕੌਰ ਭੱਠਲ ਮੁੱਖ ਮੰਤਰੀ ਰਹੇ ਪਰ ਐੱਮ. ਪੀ. ਨਹੀਂ ਬਣ ਸਕੇ।
ਇਤਿਹਾਸ ਦੇ ਸਿਆਸੀ ਇਤਿਹਾਸਕ ਝਰੋਖੇ 'ਚੋਂ ਜੇਕਰ ਕੋਈ ਪੰਜਾਬ ਤੋਂ ਜੇਤੂ ਐੱਮ. ਪੀ. ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਤਾਂ ਉਹ ਇੰਦਰ ਕੁਮਾਰ ਗੁਜਰਾਲ ਸੀ, ਜੋ ਜਲੰਧਰ ਤੋਂ ਐੱਮ. ਪੀ. ਬਣੇ ਸਨ। ਇਸ ਤਰ੍ਹਾਂ ਜੇਕਰ ਦੇਸ਼ ਦੇ ਸਭ ਤੋਂ ਵੱਡੀ ਰਾਸ਼ਟਰਪਤੀ ਦੀ ਕੁਰਸੀ ਕਿਸੇ ਪੰਜਾਬੀ ਨੂੰ ਨਸੀਬ ਹੋਈ ਤਾਂ ਉਹ ਸਨ ਗਿਆਨੀ ਜ਼ੈਲ ਸਿੰਘ, ਜੋ ਹੁਸ਼ਿਆਰਪੁਰ ਤੋਂ ਐੱਮ. ਪੀ. ਬਣੇ ਸਨ।


author

Babita

Content Editor

Related News