ਪੰਜਾਬ ਮੰਤਰੀ ਮੰਡਲ ਨੇ ਸੂਬੇ ਦੀ ਜਨਤਾ ਦਾ ਕੀਤਾ ਧੰਨਵਾਦ

03/13/2017 11:34:15 AM

ਚੰਡੀਗੜ੍ਹ (ਬਿਊਰੋ) : ਪੰਜਾਬ ਮੰਤਰੀ ਮੰਡਲ ਨੇ ਐਤਵਾਰ ਦੀ ਇਕੱਤਰਤਾ ਦੌਰਾਨ ਪਿਛਲੇ ਦਸ ਸਾਲਾਂ ਦੌਰਾਨ ਸੂਬੇ ''ਚ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਅਤੇ ਸਰਬਪੱਖੀ ਵਿਕਾਸ ਲਈ ਦਿੱਤੇ ਗਏ ਭਰਪੂਰ ਸਹਿਯੋਗ ਤੇ ਮਿਲਵਰਤਨ ਲਈ ਸੂਬੇ ਦੀ ਜਨਤਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਮੰਤਰੀ ਮੰਡਲ ਵੱਲੋਂ ਪਾਸ ਕੀਤੇ ਗਏ ਮਤੇ ਵਿਚ, ''''ਇਸ ਅਰਸੇ ਨੇ ਜਿਥੇ ਪੰਜਾਬ ਨੂੰ ਲੰਬੇ ਬਿਜਲੀ ਕੱਟਾਂ ਵਾਲੇ ਹਨੇਰੇ ਵਿਚੋਂ ਕੱਢ ਕੇ ਪਾਵਰ ਸਰਪਲੱਸ ਸੂਬਾ ਹੋਣ ਤੱਕ ਅਤੇ ਚਿਰਾਂ ਤੋਂ ਰੁਲ ਰਹੇ ਬੁਨਿਆਦੀ ਢਾਂਚੇ ਨੂੰ ਨਵੀਆਂ ਆਧੁਨਿਕ ਅਤੇ ਵਿਸ਼ਵ ਪੱਧਰੀ ਲੀਹਾਂ ''ਤੇ ਪਹੁੰਚਣ ਦਾ ਮਾਣ ਹਾਸਲ ਕਰਦੇ ਹੋਏ ਵੇਖਿਆ, ਉਥੇ ਸੂਬੇ ਵਿਚ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲੈ ਕੇ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿਰਾਸਤੀ ਸੁੰਦਰੀਕਰਨ ਤੱਕ ਹਰ ਪਹਿਲੂ ਵਿਚ ਬੇਮਿਸਾਲ ਮੱਲਾਂ ਮਾਰੀਆਂ ਗਈਆਂ।''''
ਇਸ ਦੌਰਾਨ ਮੰਤਰੀ ਮੰਡਲ ਵਲੋਂ ਕਿਹਾ ਗਿਆ ਕਿ ਇਹ ਇਕੱਤਰਤਾ ਪਿਛਲੇ 10 ਸਾਲਾਂ ਦੌਰਾਨ ਸੂਬੇ ਦੇ ਪੁਲਸ ਅਤੇ ਸਿਵਲ ਪ੍ਰਸ਼ਾਸਨਿਕ ਢਾਂਚੇ, ਸਮੂਹ ਸਰਕਾਰੀ, ਨੀਮ ਸਰਕਾਰੀ ਅਤੇ ਹੋਰ ਸਭ ਅਦਾਰਿਆਂ ਅਤੇ ਜਥੇਬੰਦੀਆਂ ਵੱਲੋਂ ਦਿੱਤੇ ਗਏ ਸਹਿਯੋਗ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਅਤੇ ਅਕਾਲ ਪੁਰਖ ਅੱਗੇ ਅਰਦਾਸ ਕਰਦੀ ਹੈ ਕਿ ਆਉਣ ਵਾਲੇ ਦਿਨਾਂ ਅੰਦਰ ਪੰਜਾਬ ਵਿਚ ਚੱਲ ਰਿਹਾ ਅਮਨ ਅਤੇ ਵਿਕਾਸ ਦੀ ਚੜ੍ਹਤ ਵਾਲਾ ਬੇਮਿਸਾਲ ਮਾਹੌਲ ਨਾ ਸਿਰਫ ਬਾਦਸਤੂਰ ਜਾਰੀ ਰਹੇ ਸਗੋਂ ਇਹ ਨਵੀਆਂ ਬੁਲੰਦੀਆਂ ਨੂੰ ਵੀ ਛੂਹੇ। ਇਕੱਤਰਤਾ ਨੇ ਸੂਬੇ ਦੇ ਹੱਕਾਂ ਅਤੇ ਹਿੱਤਾਂ ਦੀ ਰਾਖੀ ਲਈ ਡਟ ਕੇ ਪਹਿਰਾ ਦੇਣ ਵਾਸਤੇ ਨਵੀਂ ਸਰਕਾਰ ਨੂੰ ਪੂਰਨ ਸਹਿਯੋਗ ਦੇਣ ਦਾ ਵੀ ਵਿਸ਼ਵਾਸ ਦਿਵਾਇਆ।


Gurminder Singh

Content Editor

Related News