ਮਾਨਸੂਨ ਸੈਸ਼ਨ ਤੋਂ ਪਹਿਲਾਂ ਪੰਜਾਬ ਕੈਬਨਿਟ ਦੀ ਮੀਟਿੰਗ, ਲਏ 2 ਅਹਿਮ ਫੈਸਲੇ (ਵੀਡੀਓ)

08/23/2018 1:32:04 PM

ਚੰਡੀਗੜ੍ਹ (ਰਵਿੰਦਰ) : ਪੰਜਾਬ ਵਿਧਾਨ ਸਭਾ 'ਚ ਮਾਨਸੂਨ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦੌਰਾਨ 2 ਫੈਸਲੇ ਲਏ ਗਏ, ਜਿਨ੍ਹਾਂ 'ਚ 2 ਕਾਨੂੰਨਾਂ ਤੇ ਬਿੱਲ 'ਚ ਸੋਧ ਕੀਤੀ ਗਈ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਦੱਸਿਆ ਕਿ 'ਪੰਜਾਬ ਸੈਟਲਮੈਂਟ ਆਫ ਐਗਰੀਕਲਚਰ ਇੰਟੀਟੇਨੈਂਸ ਐਕਟ' ਸਾਲ 2016 'ਚ ਬਣਿਆ ਸੀ, ਜਿਸ ਦੀ ਧਾਰਾ-5 ਤਹਿਤ ਕਿਹਾ ਗਿਆ ਸੀ ਕਿ ਇਕ ਫੋਰਮ ਬਣੇਗਾ, ਜਿਸ 'ਚ ਇਕ ਜੱਜ, ਰੈਵੇਨਿਊ ਵਿਭਾਗ ਅਤੇ ਐਗਰੀਕਲਚਰ ਨਾਲ ਸਬੰਧਿਤ ਵਿਅਕਤੀ ਸ਼ਾਮਲ ਹੋਵੇਗਾ। ਇਸ ਤਹਿਤ ਹਰ ਜ਼ਿਲੇ 'ਚ ਕਿਸਾਨ ਅਦਾਲਤ ਬਣਨੀ ਸੀ ਪਰ ਕੈਬਨਿਟ ਨੇ ਫੈਸਲਾ ਕੀਤਾ ਗਿਆ ਕਿ ਹਰ ਜ਼ਿਲੇ ਦੀ ਬਜਾਏ ਹਰ 3 ਜ਼ਿਲਿਆਂ 'ਚ ਕਿਸਾਨ ਅਦਾਲਤਾਂ ਸਥਾਪਤ ਕੀਤੀਆਂ ਜਾਣਗੀਆਂ ਕਿਉਂਕਿ ਸਰਕਾਰ ਨੇ ਇਹ ਲੋੜ ਮਹਿਸੂਸ ਕੀਤੀ ਕਿ ਜ਼ਰੂਰੀ ਨਹੀਂ ਕਿ ਹਰ ਜ਼ਿਲੇ 'ਚ ਇੰਨੇ ਲੋਕ ਜਾਣ। ਇਸ ਲਈ ਇਸ ਐਕਟ 'ਚ ਸੋਧ ਕੀਤੀ ਗਈ। 

ਦੂਜੇ ਐਕਟ ਤਹਿਤ ਇਹ ਫੈਸਲਾ ਲਿਆ ਗਿਆ ਕਿ ਹੁਣ ਇਕ ਕਿਸਾਨ ਇਕ ਏਕੜ 'ਤੇ ਕਿੰਨਾ ਕਰਜ਼ਾ ਲੈ ਸਕਦਾ ਹੈ, ਇਹ ਸਰਕਾਰ ਤੈਅ ਕਰੇਗੀ ਅਤੇ ਇਹ ਨਿਯਮ ਸਾਰੇ ਕਿਸਾਨਾਂ ਤੇ ਮਜ਼ਦੂਰਾਂ ਲਈ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਜਸਟਿਸ ਰਣਜੀਤ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ 'ਚ ਰੱਖੀ ਜਾਵੇਗੀ ਤੇ ਜੇਕਰ ਸਪੀਕਰ ਨੇ ਇਜਾਜ਼ਤ ਦਿੱਤੀ ਤਾਂ ਇਸ 'ਤੇ ਬਹਿਸ ਵੀ ਹੋਵੇਗੀ।


Related News