ਪੰਜਾਬ ਮੰਤਰੀ ਮੰਡਲ ਦੀ ਬੈਠਕ ਅੱਜ, ਪੰਜ ਓ.ਐੱਸ.ਡੀ.ਜ਼ ਨੂੰ ਬਕਾਏ ਦੇਣ ''ਤੇ ਲਗੇਗੀ ਮੋਹਰ
Thursday, Sep 20, 2018 - 12:57 PM (IST)

ਚੰਡੀਗੜ੍ਹ - ਪੰਜਾਬ ਮੰਤਰੀ ਮੰਡਲ ਦੀ ਅਹਿਮ ਬੈਠਕ ਅੱਜ ਹੋਣ ਜਾ ਰਹੀ ਹੈ। ਸੂਤਰਾਂ ਅਨੁਸਾਰ ਇਸ ਬੈਠਕ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੰਜ ਵਿਸ਼ੇਸ਼ ਕਾਰਜਸਾਧਕ ਅਧਿਕਾਰੀਆਂ (ਓ.ਐੱਸ.ਡੀ'ਜ਼) ਨੂੰ ਨਿਯੁਕਤੀ ਦੇ ਸਮੇਂ ਤੋਂ 20 ਫੀਸਦੀ ਮਕਾਨ ਕਿਰਾਇਆ ਦੇਣ ਦੀ ਤਿਆਰੀ 'ਚ ਹਨ। ਇਸ ਫੈਸਲੇ ਨੂੰ ਲਾਗੂ ਕਰਨ 'ਤੇ ਹਰੇਕ ਓ.ਐੱਸ.ਡੀ. ਨੂੰ ਡੇਢ ਤੋਂ 2 ਲੱਖ ਰੁਪਏ ਮਿਲਣ ਦੀ ਉਮੀਦ ਹੈ। ਇਸ ਤੋਂ ਇਲਾਵਾ ਇਸ ਮੌਕੇ ਮੁੱਖ ਮੰਤਰੀ ਦੇ ਸਕੱਤਰ ਕਮ ਓ.ਐੱਸ.ਡੀ. ਐੱਮ.ਪੀ. ਸਿੰਘ ਨੂੰ ਉੱਕਾ ਪੁੱਕਾ ਸਵਾ ਲੱਖ ਰੁਪਏ ਮਹੀਨਾ ਦੇਣ ਦੇ ਫੈਸਲੇ 'ਤੇ ਵੀ ਮੋਹਰ ਲਾਈ ਜਾਵੇਗੀ ਅਤੇ ਨਿੱਜੀ ਖੰਡ ਮਿੱਲਾਂ ਨੂੰ ਦਿੱਤੇ ਪੈਸੇ ਵਾਪਸ ਲੈਣ ਦੇ ਬਾਰੇ ਵੀ ਵਿਚਾਰ ਚਰਚਾ ਕੀਤੀ ਜਾਵੇਗੀ।
ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰਾਂ ਤੋਂ ਇਲਾਵਾ ਪੰਜ ਓ.ਐੱਸ.ਡੀ. ਗੁਰਪ੍ਰੀਤ ਸਿੰਘ, ਦਮਨਜੀਤ ਸਿੰਘ ਮੋਹੀ, ਜਗਦੀਪ ਸਿੰਘ ਸਿੱਧੂ, ਸੰਦੀਪ ਸਿੰਘ ਬਰਾੜ ਅਤੇ ਅੰਕਿਤ ਬਾਂਸਲ ਹਨ, ਜਿਨ੍ਹਾਂ ਦੀ ਨਿਯੁਕਤੀ ਹੋਣ ਤੋਂ ਬਾਅਦ ਨਾ ਹੀ ਮਕਾਨ ਅਤੇ ਨਾ ਹੀ ਕਿਰਾਇਆ ਮਿਲਿਆ ਸੀ। ਇਸੇ ਕਾਰਨ ਸਰਕਾਰ ਨੇ ਫੈਸਲਾ ਲਿਆ ਹੈ ਕਿ ਇਨ੍ਹਾਂ ਨੂੰ ਨਿਯੁਕਤੀ ਦੇ ਸਮੇਂ ਤੋਂ ਹੀ ਟਾਈਪ 8 ਦੇ ਮਕਾਨ ਦਿੱਤੇ ਜਾਣ ਜਾਂ 20 ਫੀਸਦੀ ਤੱਕ ਦਾ ਕਿਰਾਇਆ ਦਿੱਤਾ ਜਾਵੇ। ਇਸ ਤੋਂ ਇਲਾਵਾ ਮੁੱਖ ਮੰਤਰੀ ਦੇ ਸਕੱਤਰ ਅਤੇ ਵਿਸ਼ੇਸ਼ ਕਾਰਜਸਾਧਕ ਅਧਿਕਾਰੀ ਐੱਮ.ਪੀ. ਸਿੰਘ ਜਿਨ੍ਹਾਂ ਨੂੰ ਪਹਿਲਾਂ ਹੀ ਸਵਾ ਲੱਖ ਰੁਪਏ ਮਹੀਨਾਵਾਰ ਉੱਕਾ ਪੁੱਕਾ ਤਨਖਾਹ ਦੇਣ ਦਾ ਫੈਸਲਾ ਹੋ ਚੁੱਕਾ ਹੈ, 'ਤੇ ਵੀ ਅੱਜ ਮੋਹਰ ਲਾਈ ਜਾਵੇਗੀ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਸਾਲ 2015-16 'ਚ ਪ੍ਰਾਇਵੇਟ ਖੰਡ ਮਿੱਲਾਂ ਨੂੰ ਖੰਡ ਦੇ ਭਾਅ ਕਾਫੀ ਡਿੱਗ ਜਾਣ ਕਾਰਨ ਲਗਭਗ 115 ਕਰੋੜ ਰੁਪਏ ਦੀ ਅਦਾਇਗੀ ਕੀਤੀ ਸੀ, ਜਿਸ ਤੋਂ ਬਾਅਦ ਖੰਡ ਦੇ ਭਾਅ ਵੱਧ ਗਏ ਸਨ। ਪਤਾ ਲੱਗਾ ਹੈ ਕਿ ਲਏ ਗਏ ਫੈਸਲੇ ਮੁਤਾਬਕ ਪ੍ਰਾਈਵੇਟ ਖੰਡ ਮਿੱਲਾਂ ਨੇ ਇਸ ਪੈਸੇ ਦੀ ਅਦਾਇਗੀ ਰਾਜ ਸਰਕਾਰ ਨੂੰ ਕਰਨੀ ਸੀ ਪਰ ਮਿੱਲ ਮਾਲਕਾਂ ਨੇ ਅੱਜ ਤੱਕ ਇਸ ਦੀ ਅਦਾਇਗੀ ਨਹੀਂ ਕੀਤੀ। ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਕੋਲ ਚਲਾ ਗਿਆ ਸੀ, ਜਿਸ ਤੋਂ ਬਾਅਦ ਅਦਾਲਤ ਨੇ ਵਸੂਲੀ ਕਰਨ ਲਈ ਕਹਿ ਦਿੱਤਾ ਸੀ। ਇਸੇ ਕਾਰਨ ਅੱਜ ਵਜ਼ਾਰਤ ਦੀ ਮੀਟਿੰਗ 'ਚ ਇਸ ਬਾਰੇ ਫੈਸਲਾ ਕੀਤਾ ਜਾਵੇਗਾ। ਏਮਜ਼ ਬਠਿੰਡਾ ਨੂੰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਚਾਰ ਏਕੜ ਅਤੇ 33 ਮਰਲੇ ਜ਼ਮੀਨ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਦੇ ਨਾਂ ਤਬਦੀਲ ਕਰਨ ਅਤੇ ਪਹਿਲਾਂ ਤੋਂ ਹੀ ਤਬਦੀਲ ਕੀਤੀ ਗਈ 175 ਏਕੜ ਜ਼ਮੀਨ ਨੂੰ ਵੀ ਪ੍ਰਵਾਨਗੀ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਮੀਟਿੰਗ 'ਚ ਪੰਜਾਬ ਸਰਕਾਰ ਦੇ ਪਹਿਲੇ 3 ਮਹੀਨਿਆਂ ਦੀ ਮਾਲੀ ਸਥਿਤੀ, ਝੋਨੇ ਦੀ ਖਰੀਦ ਲਈ ਕੀਤੇ ਜਾ ਰਹੇ ਪ੍ਰਬੰਧਾਂ, ਭਾਰਤੀ ਰਿਜ਼ਰਵ ਬੈਂਕ ਕੋਲੋ ਸੀ.ਸੀ.ਐੱਲ ਲੈਣ ਦੇ ਮਾਮਲੇ ਬਾਰੇ ਵੀ ਵਿਚਾਰ ਚਰਚਾ ਕੀਤੀ ਜਾਵੇਗੀ।