ਖਨੌਰੀ ਬਾਰਡਰ ''ਤੇ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਪਹੁੰਚਿਆ ਪੰਜਾਬ ਸਰਕਾਰ ਦਾ ਵਫਦ
Wednesday, Dec 25, 2024 - 06:28 PM (IST)
ਪਟਿਆਲਾ : ਕਿਸਾਨ ਆਗੂ ਬੀਤੇ ਤਕਰੀਬਨ ਇਕ ਮਹੀਨੇ ਤੋਂ ਖਨੌਰੀ ਬਾਰਡਰ ਉੱਤੇ ਐੱਮਐੱਸਪੀ ਸਣੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ਉੱਤੇ ਬੈਠੇ ਹੋਏ ਹਨ। ਇਸ ਦੌਰਾਨ ਅੱਜ ਕਿਸਾਨ ਆਗੂ ਨੂੰ ਮਿਲਣ ਲਈ ਪੰਜਾਬ ਕੈਬਨਿਟ ਦਾ ਇਕ ਵਫਦ ਖਨੌਰੀ ਬਾਰਡਰ ਉੱਤੇ ਪਹੁੰਚਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਇਸ ਵਫਦ ਵਿਚ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਤੋਂ ਇਲਾਵਾ ਡਾਕਟਰ ਬਲਵੀਰ ਸਿੰਘ, ਕੁਲਦੀਪ ਧਾਲੀਵਾਲ, ਗੁਰਮੀਤ ਖੁੱਡੀਆਂ, ਬਰਿੰਦਰ ਗੋਇਲ ਤੇ ਤਰਨਜੀਤ ਸੌਂਧ ਸ਼ਾਮਲ ਹਨ ਇਸ ਤੋਂ ਪਹਿਲਾਂ ਕੈਬਨਿਟ ਮੰਤਰੀਆਂ ਨੇ ਪਟਿਆਲਾ ਵਿੱਚ ਸਰਕਟ ਹਾਊਸ ਪਹੁੰਚ ਕੇ ਪਟਿਆਲਾ ਦੇ ਕੁਝ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਪੈਸ਼ਲ ਡੀਜੀਪੀ ਅਰਪਤ ਸ਼ੁਕਲਾ ਵੀ ਕੁਝ ਹੋਰ ਪੁਲਿਸ ਅਧਿਕਾਰੀਆਂ ਸਮੇਤ ਢਾਬੀ ਗੁੱਜਰਾਂ ਬਾਰਡਰ ’ਤੇ ਪੁੱਜੇ ਹੋਏ ਸਨ।
ਸ੍ਰੀ ਸ਼ੁਕਲਾ ਨੇ ਉੱਥੇ ਪਹਿਲਾਂ ਕੁਝ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ। ਸਮਝਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਦੌਰਾਨ ਕਿਸਾਨ ਨੇਤਾਵਾਂ ਵੱਲੋਂ ਹਾਮੀ ਭਰੇ ਜਾਣ ਤੋਂ ਬਾਅਦ ਹੀ ਪੁਲਸ ਵੱਲੋਂ ਦੋਵੇਂ ਮੰਤਰੀਆਂ ਨੂੰ ਉਥੇ ਪਹੁੰਚਣ ਲਈ ਹਾਂ ਕੀਤੀ ਗਈ ਹੈ। ਦੱਸ ਦਈਏ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ। ਸਿਹਤ ਮਾਹਰਾਂ ਵੱਲੋਂ ਲਗਾਤਾਰ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਏ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ।