ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ’ਤੇ ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ

Monday, Jun 19, 2023 - 06:33 PM (IST)

ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ’ਤੇ ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ

ਚੰਡੀਗੜ੍ਹ : ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਤਰਕਾਰਾਂ ਨੂੰ ਮੁਖਾਤਿਬ ਹੁੰਦਿਆਂ ਆਖਿਆ ਹੈ ਕਿ ਪੰਜਾਬ ਸਰਕਾਰ ਸਿੱਖ ਗੁਰਦੁਆਰਾ ਅਮੈਂਡਮੈਂਟ ਐਕਟ 2023 ਲਿਆਉਣ ਜਾ ਰਹੀ ਹੈ। ਜਿਸ ਵਿਚ ਇਹ ਸਾਫ ਆਖਿਆ ਗਿਆ ਹੈ ਕਿ ਮਨੁੱਖਤਾ ਦੀ ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦਾ ਪ੍ਰਸਾਰਣ ਜਨਤਾ ਲਈ ਪੂਰੀ ਤਰ੍ਹਾਂ ਮੁਫਤ ਉਪਲੱਬਧ ਹੋਵੇਗਾ। ਇਹ ਐਕਟ ਇਹ ਕਹਿੰਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਨਿਸ਼ਚਿਤ ਕਰੇ ਕਿ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਸਭਨਾਂ ਲਈ ਫ੍ਰੀ ਹੋਵੇ। ਇਸ ਐਕਟ ਤਹਿਤ ਗੁਰਬਾਣੀ ਦੇ ਪ੍ਰਸਾਰਣ ਤੋਂ ਅੱਧਾ ਘੰਟਾ ਪਹਿਲਾਂ ਅਤੇ ਅੱਧਾ ਘੰਟਾ ਬਾਅਦ ਵਿਚ ਕੋਈ ਕਮਰਸ਼ੀਅਲ ਐਡ ਚੈਨਲ ’ਤੇ ਨਹੀਂ ਆਵੇਗੀ ਅਤੇ ਨਾ ਹੋਈ ਕੋਈ ਸਕ੍ਰੀਨ ’ਤੇ ਹੇਠਾਂ ਕੋਈ ਰਨਿੰਗ ਐਡ ਚੱਲੇਗੀ। ਜੇ ਕਿਸੇ ਨੇ ਇਹ ਨਿਯਮ ਤੋੜਿਆ ਤਾਂ ਉਸ ’ਤੇ ਕਾਰਵਾਈ ਕੀਤੀ ਜਾਵੇਗੀ। ਮਾਨ ਨੇ ਕਿਹਾ ਕਿ ਗੁਰਬਾਣੀ ਨੂੰ ਰੇਡੀਓ ’ਤੇ ਵੀ ਲੈ ਕੇ ਆਵਾਂਗੇ। ਕੈਨੇਡਾ-ਅਮਰੀਕਾ ਵਿਚ ਟਰੱਕ ਡਰਾਈਵਰ ਰੇਡੀਓ ’ਤੇ ਵੀ ਗੁਰਬਾਣੀ ਸੁਣ ਸਕਣਗੇ। ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਦਾ ਹੱਕ ਕਿਸੇ ਇਕ ਚੈਨਲ ਕੋਲ ਨਾ ਹੋ ਕੇ ਸਗੋਂ ਸਾਰਿਆਂ ਚੈਨਲਾਂ ਕੋਲ ਹੋਵੇਗਾ। 

ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਦਾ ਵੱਡਾ ਫ਼ੈਸਲਾ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ’ਤੇ ਵੱਡਾ ਹਮਲਾ ਬੋਲਦਿਆਂ ਮਾਨ ਨੇ ਕਿਹਾ ਕਿ ਇਹ ਧਰਮ ਦੇ ਠੇਕੇਦਾਰ ਬਣੇ ਫਿਰਦੇ ਹਨ, ਕਦੇ ਕਿਸੇ ਜਥੇਦਾਰ ਨੂੰ ਲਾਹ ਦਿੱਤਾ ਜਾਂਦਾ ਹੈ ਕਦੇ ਕਿਸੇ ਨੂੰ। ਧਰਮ ’ਤੇ ਇਸ ਤੋਂ ਵੱਡਾ ਹਮਲਾ ਹੋਰ ਕੀ ਹੋ ਸਕਦਾ ਹੈ। ਮਾਨ ਨੇ ਕਿਹਾ ਕਿ ਇਹ ਫ਼ੈਸਲਾ ਲੋਕਾਂ ਨੂੰ ਧੋਖੇਬਾਜ਼ੀ ਤੋਂ ਬਚਾਉਣ ਲਈ ਬਿਨਾਂ ਕਿਸੇ ਭੇਦ-ਭਾਵ ਦੇ ਨਿਰਪੱਖਤਾ ਨਾਲ ਸੱਚੇ ਦਿਲੋਂ ਲਿਆ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖ ਗੁਰਦੁਆਰਾ ਐਕਟ 1925 ਦੇ ਅੰਡਰ ਬਣਾਈ ਗਈ ਸੀ। ਪਹਿਲੀ ਗੱਲ ਇਹ ਹੈ ਕਿ ਇਸ ਐਕਟ ਵਿਚ ਕਿਤੇ ਵੀ ਬਰਾਡਕਾਸਟ ਜਾਂ ਲਾਈਵ ਟੈਲੀਕਾਸਟ ਦੀ ਕੋਈ ਗੱਲ ਨਹੀਂ ਲਿਖੀ ਗਈ ਹੈ। ਜਦਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਸਿਰਫ ਇਕ ਪਰਿਵਾਰ ਦਾ ਕਬਜ਼ਾ ਹੈ, ਇਸੇ ਪਰਿਵਾਰ ਨੇ ਚੈਨਲ ਖੋਲ੍ਹਿਆ ਅਤੇ ਸਿੱਖ ਜਗਤ ਦੀਆਂ ਭਾਵਨਾਵਾਂ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਦੇ ਤਹਿਤ 2012 ਵਿਚ 11 ਸਾਲ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਉਣ ਵਾਲੀ ਗੁਰਬਾਣੀ ਦੇ ਅਧਿਕਾਰ ਇਸ ਪਰਿਵਾਰ ਦੇ ਚੈਨਲ ਨੂੰ ਵੇਚ ਦਿੱਤੇ ਗਏ। 

ਇਹ ਵੀ ਪੜ੍ਹੋ : ਮੋਗਾ ’ਚ ਲੁੱਟ ਦੌਰਾਨ ਜਿਊਲਰ ਦਾ ਕਤਲ ਕਰਨ ਵਾਲੇ ਗ੍ਰਿਫ਼ਤਾਰ

ਮਾਨ ਨੇ ਕਿਹਾ ਕਿ ਗੁਰਬਾਣੀ ਸੁਣਨ ਲਈ ਉਕਤ ਚੈੱਨਲ ਨੂੰ ਕੇਵਲ ਟੀ. ਵੀ. ’ਤੇ ਖਰੀਦਣਾ ਹੀ ਪੈਂਦਾ ਹੈ। ਇਹ ਚੈਨਲ ਸਭ ਤੋਂ ਮਹਿੰਗਾ ਹੈ, ਇਸ ਚੈਨਲ ਨਾਲ ਤਿੰਨ-ਚਾਰ ਹੋਰ ਚੈਨਲ ਜੋੜ ਕੇ ਇਕ ਪੈਕੇਜ ਬਣਾ ਕੇ ਦਿੱਤਾ ਜਾਂਦਾ ਹੈ। ਗੁਰਬਾਣੀ ਸਭ ਦੀ ਸਾਂਝੀ ਹੈ ਅਤੇ ਮਨੁੱਖਤਾ ਦੇ ਭਲੇ ਦੀ ਗੱਲ ਕਰਦੀ ਹੈ ਲਿਹਾਜ਼ਾ ਇਸ ’ਤੇ ਕੋਈ ਪੈਸਾ ਨਹੀਂ ਲੱਗਣਾ ਚਾਹੀਦਾ। ਹੁਣ ਐੱਸ. ਜੀ. ਪੀ. ਸੀ ਨੇ ਕਿਹਾ ਕਿ ਗੁਰਬਾਣੀ ਦੇ ਪ੍ਰਸਾਰਣ ਲਈ ਟੈਂਡਰ ਲਿਆਂਦੇ ਜਾਣਗੇ। ਜੇ ਅਸੀਂ ਇਸ ਵਾਰ ਕੁੱਝ ਨਾ ਕਰਦੇ ਤਾਂ ਇਨ੍ਹਾਂ ਨੇ ਫਿਰ 10-11 ਸਾਲਾਂ ਲਈ ਆਪਣੇ ਚਹੇਤੇ ਚੈਨਲ ਨੂੰ ਅਧਿਕਾਰ ਵੇਚ ਦੇਣੇ ਸਨ। 

ਇਹ ਵੀ ਪੜ੍ਹੋ : ਇਕ ਛੋਟੀ ਜਿਹੀ ਗ਼ਲਤੀ ਨਾਲ ਫੜੀ ਗਈ 8.49 ਕਰੋੜ ਦੀ ਲੁੱਟ ਨੂੰ ਅੰਜਾਮ ਦੇਣ ਵਾਲੀ ‘ਡਾਕੂ ਹਸੀਨਾ’

ਇਹ ਮਾਡਰਨ ਮਸੰਦ ਹਨ

ਭਗਵੰਤ ਮਾਨ ਨੇ ਕਿਹਾ ਕਿ ਪਵਿੱਤਰ ਗੁਰਬਾਣੀ ਨੂੰ ਵੇਚਣ ਵਾਲੇ ਇਹ ਮਾਡਰਨ ਮਸੰਦ ਹਨ, ਜਿਨ੍ਹਾਂ ਤੋਂ ਗੁਰਬਾਣੀ ਨੂੰ ਛੁਡਾਉਣਾ ਹੈ। ਉਨ੍ਹਾਂ ਕਿਹਾ ਕਿ ਜਦੋਂ ਹਰਿਆਣਾ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਰਹੀ ਸੀ ਤਾਂ ਉਸ ਸਮੇਂ ਐੱਸ. ਜੀ. ਪੀ. ਸੀ. ਨੇ ਸੁਪਰੀਮ ਕੋਰਟ ਵਿਚ ਅਪੀਲ ਦਾਇਰ ਕੀਤੀ, ਜਿਸ ’ਤੇ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਸਟੇਟ ਐਕਟ ਹੈ ਕੋਈ ਵੀ ਸਟੇਟ ਕਮੇਟੀ ਬਣਾ ਸਕਦੀ ਹੈ। ਜਦਕਿ ਹੁਣ ਆਖਿਆ ਜਾ ਰਿਹਾ ਹੈ ਕਿ ਗੁਰਦੁਆਰਾ ਐਕਟ ਸੈਂਟਰ ਸਰਕਾਰ ਦੇ ਅਧੀਨ ਹੈ। ਇਕ ਨਿਮਾਣਾ ਸਿੱਖ ਹੋਣ ਦੇ ਨਾਤੇ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਸਾਰਾ ਅਸਮਾਨ ਖੋਲ੍ਹਣ ਦਾ ਹੱਕਦਾਰ ਹਾਂ। ਮਾਨ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਇਹ ਸਾਫ ਕਰਨ ਕਿ ਉਹ ਅਕਾਲੀ ਦਲ ਦੇ ਪ੍ਰਧਾਨ ਦੇ ਤੌਰ ’ਤੇ ਵਿਰੋਧ ਕਰ ਰਹੇ ਹਨ ਜਾਂ ਫਿਰ ਉਸ ਚੈੱਨਲ ਦੇ ਮਾਲਕ ਹੋਣ ਦੇ ਨਾਤੇ ਵਿਰੋਧ ਕਰ ਰਹੇ ਹਨ। 

ਇਹ ਵੀ ਪੜ੍ਹੋ : ਮਾਪਿਆਂ ਦੇ ਇਕਲੌਤੇ ਪੁੱਤ ਨਾਲ ਮੱਧ ਪ੍ਰਦੇਸ਼ 'ਚ ਵਾਪਰਿਆ ਹਾਦਸਾ, ਇੰਝ ਆਵੇਗੀ ਮੌਤ ਸੋਚਿਆ ਨਾ ਸੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

Gurminder Singh

Content Editor

Related News