ਪੰਜਾਬ ਬੋਰਡ ਦੀ 5ਵੀਂ ਅਤੇ 8ਵੀਂ ਦੀ ਪ੍ਰੀਖਿਆ 20 ਦਸੰਬਰ ਤੋਂ
Wednesday, Nov 24, 2021 - 12:05 PM (IST)
ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਦੀ 5ਵੀਂ ਅਤੇ 8ਵੀਂ ਜਮਾਤ ਦੀ ਦਸੰਬਰ ਵਿਚ ਹੋਣ ਵਾਲੀ ਟਰਮ-1 ਦੀ ਪ੍ਰੀਖਿਆ 20 ਤੋਂ 22 ਦਸੰਬਰ ਤੱਕ ਕਰਵਾਈ ਜਾਵੇਗੀ। ਸਿੱਖਿਆ ਬੋਰਡ ਦੇ ਪ੍ਰੀਖਿਆ ਕੰਟਰੋਲਰ ਜਨਕਰਾਜ ਮਹਿਰੋਕ ਨੇ ਦੱਸਿਆ ਕਿ ਇਹ ਪ੍ਰੀਖਿਆ ਸਵੇਰੇ 9 ਵਜੇ ਸ਼ੁਰੂ ਹੋਵੇਗੀ ਅਤੇ ਕੋਵਿਡ-19 ਦੀਆਂ ਹਦਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰੀਖਿਆ ਕਰਵਾਈ ਜਾਵੇਗੀ। 5ਵੀਂ ਜਮਾਤ ਦੀ ਪ੍ਰੀਖਿਆ ਸੈਲਫ ਪ੍ਰੀਖਿਆ ਕੇਂਦਰਾਂ ਵਿਚ ਅਤੇ 8ਵੀਂ ਜਮਾਤ ਦੀ ਪ੍ਰੀਖਿਆ ਬੋਰਡ ਵੱਲੋਂ ਸਥਾਪਿਤ ਕੀਤੇ ਗਏ ਪ੍ਰੀਖਿਆ ਕੇਂਦਰਾਂ ਵਿਚ ਆਯੋਜਿਤ ਕੀਤੀ ਜਾਵੇਗੀ। ਪ੍ਰੀਖਿਆ ਨਾਲ ਸਬੰਧਿਤ ਡੇਟਸ਼ੀਟ ਅਤੇ ਹੋਰ ਜਾਣਕਾਰੀ ਸਿੱਖਿਆ ਬੋਰਡ ਦੀ ਵੈੱਬਸਾਈਟ ’ਤੇ ਉਪਲੱਬਧ ਕਰਵਾ ਦਿੱਤੀ ਗਈ ਹੈ। 5ਵੀਂ ਜਮਾਤ ਦੀ ਇਹ ਪ੍ਰੀਖਿਆ ਬਹੁਵਿਕਲਪਿਤ ਪ੍ਰਸ਼ਨਾਂ 'ਤੇ ਆਧਾਰਿਤ ਹੋਵੇਗੀ ਅਤੇ ਇਨ੍ਹਾਂ ਪ੍ਰਸ਼ਨ ਪੱਤਰਾਂ ਦਾ ਹੱਲ ਓ. ਐੱਮ. ਆਰ. ਸ਼ੀਟ ’ਤੇ ਕੀਤਾ ਜਾਵੇਗਾ। ਇਹ ਪ੍ਰੀਖਿਆ 5 ਮੁੱਖ ਵਿਸ਼ਿਆਂ ਦੀ ਲਈ ਜਾਵੇਗੀ ਅਤੇ ਹਰ ਇਕ ਵਿਸ਼ਾ ਦੀ 50 ਫ਼ੀਸਦੀ ਕੋਰਸ ਅਨੁਸਾਰ ਪ੍ਰੀਖਿਆ ਹੋਵੇਗੀ। 8ਵੀਂ ਜਮਾਤ ਦੀ ਪ੍ਰੀਖਿਆ ਲਈ 3 ਘੰਟੇ ਦਾ ਸਮਾਂ ਦਿੱਤਾ ਜਾਵੇਗਾ। ਇਹ ਪ੍ਰੀਖਿਆ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 12:15 ਵਜੇ ਤਕ ਹੋਵੇਗੀ। ਪ੍ਰੀਖਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਓ. ਐੱਮ. ਆਰ. ਸ਼ੀਟ 'ਤੇ ਵੇਰਵਾ ਭਰਨ ਲਈ 15 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ।
5ਵੀਂ ਦੀ ਡੇਟਸ਼ੀਟ
20 ਦਸੰਬਰ ਨੂੰ ਪਹਿਲੀ ਭਾਸ਼ਾ (ਪੰਜਾਬੀ, ਹਿੰਦੀ, ਉਰਦੂ ਅਤੇ ਵਾਤਾਵਰਣ ਸਿੱਖਿਆ), 21 ਦਸੰਬਰ ਨੂੰ ਦੂਜੀ ਭਾਸ਼ਾ (ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ) ਅਤੇ 22 ਦਸੰਬਰ ਨੂੰ ਗਣਿਤ ਵਿਸ਼ੇ ਦੀ ਪ੍ਰੀਖਿਆ ਹੋਵੇਗੀ। ਗਣਿਤ ਵਿਸ਼ੇ ਦੀ ਪ੍ਰੀਖਿਆ ਦਾ ਸਮਾਂ 1 ਘੰਟੇ ਦਾ ਹੋਵੇਗਾ।
8ਵੀਂ ਦੀ ਡੇਟਸ਼ੀਟ
20 ਦਸੰਬਰ ਨੂੰ ਪਹਿਲੀ ਭਾਸ਼ਾ (ਪੰਜਾਬੀ, ਹਿੰਦੀ, ਉਰਦੂ ਅਤੇ ਗਣਿਤ), 21 ਦਸੰਬਰ ਨੂੰ ਦੂਜੀ ਭਾਸ਼ਾ (ਪੰਜਾਬੀ, ਹਿੰਦੀ, ਉਰਦੂ ਅਤੇ ਸਮਾਜਿਕ ਸਿੱਖਿਆ) ਅਤੇ 22 ਦਸੰਬਰ ਨੂੰ ਅੰਗਰੇਜ਼ੀ ਅਤੇ ਵਿਗਿਆਨ ਵਿਸ਼ਿਆਂ ਦੀ ਪ੍ਰੀਖਿਆ ਲਈ ਜਾਵੇਗੀ। ਪਹਿਲੀ ਟਰਮ ਦੀ ਇਸ ਪ੍ਰੀਖਿਆ ਵਿਚ 8ਵੀਂ ਜਮਾਤ ਦੀ ਕੋਈ ਪ੍ਰਾਯੋਗਿਕ ਪ੍ਰੀਖਿਆ ਨਹੀਂ ਹੋਵੇਗੀ।