ਪੰਜਾਬ ’ਚ ਸਾਰੀਆਂ ਵਿਧਾਨ ਸਭਾ ਸੀਟਾਂ ’ਤੇ ਚੋਣ ਲੜੇਗੀ ਪੰਜਾਬ ਭਾਜਪਾ : ਅਸ਼ਵਨੀ ਸ਼ਰਮਾ

09/30/2020 2:06:15 AM

ਲੁਧਿਆਣਾ, (ਗੁਪਤਾ)- ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪਾਰਟੀ ਪੰਜਾਬ ਦੀਆਂ 117 ਸੀਟਾਂ ’ਤੇ ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ ਲੜੇਗੀ, ਜਿਸ ਦੇ ਲਈ ਜਥੇਬੰਦੀ ਨੂੰ ਮਜ਼ਬੂਤ ਬਣਾਉਣ ਦੇ ਕੰਮ ਵਿਚ ਵਰਕਰ ਦਿਨ-ਰਾਤ ਜੁਟੇ ਹੋਏ ਹਨ।

ਅੱਜ ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ’ਚ ਕਿਸਾਨਾਂ ਦੇ ਸੰਘਰਸ਼ ਪਿੱਛੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਗੰਦੀ ਸਿਆਸਤ ਕੰਮ ਕਰ ਰਹੀ ਹੈ। ਕਾਂਗਰਸ ਪਾਰਟੀ ਦੀ ਪੰਜਾਬ ਸਰਕਾਰ ਜੋ ਕਿ ਪੰਜਾਬ ’ਚ ਹਰ ਫਰੰਟ ’ਤੇ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਹੈ, ਉਹ ਇਸ ਸੰਘਰਸ਼ ਜ਼ਰੀਏ ਲੋਕਾਂ ਦਾ ਧਿਆਨ ਕਾਂਗਰਸ ਸਰਕਾਰ ਦੀਆਂ ਨਕਾਮੀਆਂ ਤੋਂ ਹਟਾਉਣਾ ਚਾਹੁੰਦੀ ਹੈ, ਜਿਸ ਤਰ੍ਹਾਂ ਪੰਜਾਬ ’ਚ ਨਸ਼ੀਲੀ ਸ਼ਰਾਬ ਨਾਲ ਲੋਕਾਂ ਦੇ ਮਰਨ ਦੀਆਂ ਘਟਨਾਵਾਂ ਵਾਪਰੀਆਂ, ਨਸ਼ਾ ਘਰ-ਘਰ ਵਿਕਣ ਲੱਗਾ, ਸ਼ਰਾਬ ਅਤੇ ਮਾਈਨਿੰਗ ਮਾਫੀਆ ਨੇ ਪੈਰ ਪਸਾਰੇ, ਦਲਿਤ ਬੱਚਿਆਂ ਦੇ ਵਜ਼ੀਫੇ ਵਿਚ ਕਰੋੜਾਂ ਦਾ ਘਪਲਾ ਹੋਇਆ, ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ, ਬਜ਼ੁਰਗਾਂ ਨੂੰ ਡਬਲ ਪੈਨਸ਼ਨ ਨਹੀਂ ਮਿਲੀ, ਇਨ੍ਹਾਂ ਮੁੱਦਿਆਂ ਦਾ ਜਵਾਬ ਦੇਣਾ ਕੈਪਟਨ ਸਰਕਾਰ ਲਈ ਬੇਹੱਦ ਮੁਸ਼ਕਲ ਸਾਬਤ ਹੋ ਰਿਹਾ ਸੀ। ਇਸ ਲਈ ਕੈਪਟਨ ਸਰਕਾਰ ਨੇ ਕਿਸਾਨਾਂ ਨੂੰ ਗੁੰਮਰਾਹ ਕਰਨ ਲਈ ਜੋ ਨਾਟਕ ਸ਼ੁਰੂ ਕੀਤਾ ਹੈ, ਉਸ ਤੋਂ ਪੂਰਾ ਪੰਜਾਬ ਸ਼ਰਮਿੰਦਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੀ ਖੁਸ਼ਹਾਲੀ ਲਈ ਨਵੇਂ ਖੇਤੀ ਆਰਡੀਨੈਂਸਾਂ ਨੂੰ ਲਾਗੂ ਕਰਨ ਦਾ ਕੰਮ ਕੀਤਾ ਹੈ। ਕੇਂਦਰ ਸਰਕਾਰ ਵੱਲੋਂ ਖੇਤੀ ਸਬੰਧੀ ਲਿਆਂਦੇ ਗਏ ਤਿੰਨੋਂ ਕਾਨੂੰਨ ਕਿਸਾਨਾਂ ਦੇ ਹਿੱਤ ’ਚ ਹਨ। ਇਸ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਸਹੀ ਮੁੱਲ ਮਿਲੇਗਾ ਅਤੇ ਉਨ੍ਹਾਂ ਦੀ ਆਮਦਨ ਵਧੇਗੀ। ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨੋਂ ਕਾਨੂੰਨਾਂ ’ਚ ਕਿਸਾਨਾਂ ਦੀ ਫਸਲ ਦੇ ਘੱਟੋ-ਘੱਟ ਮੁੱਲ ਵਿਚ ਕਿਸੇ ਵੀ ਤਰ੍ਹਾਂ ਦੇ ਬਦਲਾਅ ਦੀ ਕੋਈ ਗੱਲ ਨਹੀਂ ਕਹੀ ਗਈ, ਸਗੋਂ ਰਾਜਗ ਸਰਕਾਰ ਨੇ ਖੇਤੀ ਲਾਗਤ ਦਾ ਡੇਢ ਗੁਣਾ ਐੱਮ. ਐੱਸ. ਪੀ. ਤੈਅ ਕੀਤਾ ਹੈ। ਐੱਮ. ਐੱਸ. ਪੀ. ਅਤੇ ਸਰਕਾਰੀ ਖਰੀਦ ਵਿਚ ਰਿਕਾਰਡ ਵਾਧਾ ਕੀਤਾ ਗਿਆ ਹੈ। ਇਕ ਸਵਾਲ ਦੇ ਜਵਾਬ ’ਚ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੈਪਟਨ ਵੱਲੋਂ ਇਹ ਕਹਿਣਾ ਕਿ ਕਿਸਾਨਾਂ ਦੇ ਅਸੰਤੋਸ਼ ਦਾ ਆਈ. ਐੱਸ. ਆਈ. ਫਾਇਦਾ ਉਠਾ ਸਕਦੀ ਹੈ, ਇਹ ਬੇਹੱਦ ਮੰਗਭਾਗਾ ਬਿਆਨ ਹੈ। ਇਸ ਬਿਆਨ ਨੇ ਕਾਂਗਰਸ ਦੀ ਮਾਨਸਿਕਤਾ ਸਾਹਮਣੇ ਲਿਆ ਦਿੱਤੀ ਹੈ। ਕੀ ਕੈਪਟਨ ਸਰਕਾਰ ਇੰਨੀ ਕਮਜ਼ੋਰ ਹੈ ਕਿ ਭਾਰਤ ਦੇ ਅੰਦਰੂਨੀ ਮਾਮਲਿਆਂ ਦਾ ਪੰਜਾਬ ਵਿਚ ਫਾਇਦਾ ਆਈ. ਐੱਸ. ਆਈ. ਨੂੰ ਮਿਲ ਸਕਦਾ ਹੈ।

ਇਸ ਮੌਕੇ ਪੰਜਾਬ ਭਾਜਪਾ ਦੇ ਜੀਵਨ ਗੁਪਤਾ, ਸੁਭਾਸ਼ ਸ਼ਰਮਾ, ਪੰਜਾਬ ਭਾਜਪਾ ਦੀ ਕਾਰਜਕਾਰਣੀ ਦੇ ਮੈਂਬਰ ਸੁਭਾਸ਼ ਡਾਬਰ, ਪ੍ਰੋ. ਰਜਿੰਦਰ ਭੰਡਾਰੀ, ਜ਼ਿਲਾ ਭਾਜਪਾ ਪ੍ਰਧਾਨ ਪੁਸ਼ਪਿੰਦਰ ਸਿੰਘਲ, ਕਾਂਤੇਂਦੂ ਸ਼ਰਮਾ, ਬੌਬੀ ਜਿੰਦਲ ਨੇ ਅਸ਼ਵਨੀ ਸ਼ਰਮਾ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰ ਕੇ ਸਨਮਾਨ ਕੀਤਾ।


Bharat Thapa

Content Editor

Related News