ਪੰਜਾਬ ਭਾਜਪਾ ਨੂੰ ਕਿਸਾਨਾਂ ਦੇ ਹੱਕ ’ਚ ਖੜ੍ਹਨਾ ਚਾਹੀਦੈ: ਢੀਂਡਸਾ
Monday, Jan 04, 2021 - 10:56 PM (IST)
ਸੰਗਰਰੂ, (ਬੇਦੀ)- ‘‘ਭਾਜਪਾ ਜੇਕਰ ਇੰਝ ਹੀ ਦੇਸ਼ ਦੇ ਕਿਸਾਨਾਂ ਦੀ ਬੇਰੁਖੀ ਕਰਦੀ ਰਹੀ ਤਾਂ ਉਹ 1985 ਵਾਲੀ ਸਥਿਤੀ ’ਚ ਪੁੱਜ ਜਾਵੇ, ਜਦੋਂ ਉਸਦੀਆਂ ਸਿਰਫ਼ 4-5 ਸੀਟਾਂ ਸਨ ਤੇ ਇਸ ਲਈ ਪ੍ਰਧਾਨ ਮੰਤਰੀ ਮੋਦੀ ਜ਼ਿੰਮੇਵਾਰ ਹੋਣਗੇ।’’ ਉਕਤ ਵਿਚਾਰਾਂ ਦਾ ਪ੍ਰਗਟਾਵਾ ਡੈਮੋਕ੍ਰੇਟਿਕ ਅਕਾਲੀ ਦਲ ਦੇ ਆਗੂ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਨੂੰ ਕਿਸਾਨਾਂ ਦੇ ਹੱਕ ’ਚ ਖੜ੍ਹਨਾ ਚਾਹੀਦਾ ਹੈ ਨਾ ਕਿ ਮਾਹੌਲ ਨੂੰ ਭੜਕਾਉਣਾ ਚਾਹੀਦਾ ਹੈ। ਪੰਜਾਬ ਦਾ ਮਾਹੌਲ ਖਰਾਬ ਹੋਣ ’ਤੇ ਜ਼ਿੰਮੇਵਾਰ ਭਾਜਪਾ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਨੂੰ ਕਿਸਾਨਾਂ ਦਾ ਸਾਥ ਦੇ ਕੇ ਕੇਂਦਰ ’ਤੇ ਦਬਾਅ ਪਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ’ਚ ਕਾਂਗਰਸ, ਅਕਾਲੀ ਤੇ ਭਾਜਪਾ ਆਪਣਾ ਆਧਾਰ ਖੋ ਚੁੱਕੇ ਹਨ ਅਤੇ ਇਸ ਲਈ ਪੰਜਾਬ ਪ੍ਰਸਤ ਪਾਰਟੀਆਂ ਨੂੰ ਇਕ ਹੋ ਕੇ ਬਦਲਾਅ ਦੇਣਾ ਚਾਹੀਦਾ ਹੈ। ਇਸ ਮੌਕੇ ਸਤਗੁਰ ਸਿੰਘ ਨਮੋਲ ਤੇ ਗੁਰਮੀਤ ਸਿੰਘ ਜੌਹਲ ਵੀ ਹਾਜ਼ਰ ਸਨ।