ਨਵ-ਨਿਯੁਕਤ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਦੀ ਚੰਡੀਗੜ੍ਹ ''ਚ ਤਾਜ਼ਪੋਸ਼ੀ
Sunday, Apr 08, 2018 - 06:34 PM (IST)
ਚੰਡੀਗੜ੍ਹ (ਮਨਮੋਹਨ) : ਨਵ-ਨਿਯੁਕਤ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਦੀ ਤਾਜ਼ਪੋਸ਼ੀ ਲਈ ਚੰਡੀਗੜ੍ਹ ਸਥਿਤ ਭਾਜਪਾ ਦਫਤਰ 'ਚ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਭਾਜਪਾ ਵਰਕਰਾਂ ਵਲੋਂ ਸ਼ਵੇਤ ਮਲਿਕ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਭਾਜਪਾ ਆਗੂ ਅਤੇ ਵਰਕਰ ਮੌਜੂਦ ਸਨ। ਇਸ ਦੌਰਾਨ ਮਲਿਕ ਨੇ ਕਿਹਾ ਕਿ ਜਿਹੜੀ ਜ਼ਿੰਮੇਵਾਰੀ ਪਾਰਟੀ ਵਲੋਂ ਉਨ੍ਹਾਂ ਨੂੰ ਸੌਂਪੀ ਗਈ ਹੈ ਉਹ ਇਸ ਨੂੰ ਪੂਰੀ ਈਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਸੂਬਾ ਭਾਜਪਾ ਪ੍ਰਧਾਨ ਨੇ ਨਵੇਕਲੀ ਪਹਿਲ ਕਰਦੇ ਹੋਏ ਵਰਕਰਾਂ ਤੋਂ ਸੁਝਾਅ ਮੰਗੇ। ਮਲਿਕ ਨੇ ਮੰਚ 'ਤੇ ਇਕ ਪੇਟੀ ਰਖਵਾਈ ਅਤੇ ਵਰਕਰਾਂ ਤੋਂ ਸੁਝਾਅ ਮੰਗਦੇ ਹੋਏ ਕਿਹਾ ਕਿ ਇਨ੍ਹਾਂ ਸੁਝਾਅ ਨਾਲ ਹੀ ਪਾਰਟੀ ਨੂੰ ਨਵੀਂ ਦਿਸ਼ਾ ਵੱਲ ਵਧਾਇਆ ਜਾ ਸਕਦਾ ਹੈ ਜਿਸ ਨਾਲ ਪਾਰਟੀ ਨੂੰ ਹੋਰ ਵੀ ਮਜ਼ਬੂਤੀ ਮਿਲੇਗੀ।
ਇਸ ਪ੍ਰੋਗਰਾਮ ਦੌਰਾਨ ਪੰਜਾਬ ਭਾਜਪਾ ਇੰਚਾਰਜ ਪ੍ਰਭਾਤ ਝਾ ਨੇ ਕਿਹਾ ਕਿ ਲੋਕਤੰਤਰ ਵਿਚ ਨਵੇਂ ਜੋਸ਼ ਨਾਲ ਹੀ ਅੱਗੇ ਵਧਣਾ ਪੈਂਦਾ ਹੈ। ਵੱਡਿਆਂ ਦੇ ਤਜ਼ਰਬੇ ਅਤੇ ਨੌਜਵਾਨਾਂ ਦੀ ਊਰਜਾ ਹੀ ਸਾਡੀ ਪਾਰਟੀ ਦੀ ਵਿਸ਼ੇਸ਼ਤਾ ਹੈ। ਉਨ੍ਹਾਂ ਕਿਹਾ ਕਿ 2019 ਦੀਆਂ ਚੋਣਾਂ ਲਈ ਪਾਰਟੀ ਪੂਰੀ ਤਰ੍ਹਾਂ ਤਿਆਰ ਹੈ।
ਇਸ ਤਾਜ਼ਪੋਸ਼ੀ ਸਮਾਗਮ ਵਿਚ ਜਿੱਥੇ ਵਰਕਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਉਥੇ ਹੀ ਇਸ ਦੌਰਾਨ ਸੁਰੱਖਿਆ ਪ੍ਰਬੰਧਾਂ ਦੀ ਵੀ ਪੋਲ ਖੁੱਲ੍ਹਦੀ ਨਜ਼ਰ ਆਈ। ਵਰਕਰ ਸਟੇਜ ਦੇ ਨਜ਼ਦੀਕ ਪਹੁੰਚਣ ਲਈ ਇਕ-ਦੂਜੇ ਨਾਲ ਧੱਕਾ-ਮੁੱਕੀ ਕਰਦੇ ਨਜ਼ਰ ਆਏ।
