ਪੰਜਾਬ ਭਾਜਪਾ ਮੈਂਬਰਾਂ ’ਚ ਪੈਦਾ ਹੋ ਰਿਹਾ ਰੋਸ ਪਾਰਟੀ ਸਥਿਤੀ ਦੀ ਗੰਭੀਰਤਾ ਨੂੰ ਸਮਝੇ

Saturday, Aug 21, 2021 - 10:14 AM (IST)

ਜਲੰਧਰ- ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲਾਗੂ ਤਿੰਨਾਂ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ 26 ਨਵੰਬਰ 2020 ਤੋਂ ਜਾਰੀ ਕਿਸਾਨਾਂ ਦੇ ਅੰਦੋਲਨ ਦਾ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ। ਇਸ ਦਰਮਿਆਨ ਪਾਰਟੀ ਦੇ ਕਈ ਨੇਤਾ ਆਪਣੀ ਕੇਂਦਰੀ ਲੀਡਰਸ਼ਿਪ ਨੂੰ ਕਿਸਾਨਾਂ ਦੀ ਸਮੱਸਿਆ ਦਾ ਹੱਲ ਕੱਢਣ ਦੀ ਅਪੀਲ ਕਰ ਚੁੱਕੇ ਹਨ। ਸੀਨੀਅਰ ਭਾਜਪਾ ਨੇਤਾ ਚੌਧਰੀ ਬੀਰੇਂਦਰ ਸਿੰਘ, ਮੇਘਾਲਿਆ ਦੇ ਰਾਜਪਾਲ ਸਤਿਆਪਾਲ ਮਲਿਕ, ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ, ਹਰਿਆਣਾ ਦੀ ਭਾਜਪਾ ਸਰਕਾਰ ’ਚ ਸਹਿਯੋਗੀ ‘ਜਜਪਾ’ ਦੇ ਨੇਤਾ ਅਤੇ ਉੱਪ-ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਆਦਿ ਕਿਸੇ ਨਾ ਕਿਸੇ ਰੂਪ ’ਚ ਇਸ ਸਮੱਸਿਆ ਨੂੰ ਸੁਲਝਾਉਣ ਦੀ ਗੱਲ ਕਹਿ ਚੁੱਕੇ ਹਨ ਜਦਕਿ ਕੁਝ ਕੁ ਨੇਤਾਵਾਂ ਨੇ ਇਸ ਮਸਲੇ ’ਤੇ ਆਪਣੀ ਗੱਲ ਨਾ ਸੁਣੀ ਜਾਣ ਦੇ ਕਾਰਨ ਪਾਰਟੀ ਛੱਡ ਦਿੱਤੀ ਹੈ।

ਇਹ ਵੀ ਪੜ੍ਹੋ: ਜਲੰਧਰ: ਟਿਫਨ ਬੰਬ ਮਿਲਣ ਦੇ ਮਾਮਲੇ 'ਚ ਐੱਨ.ਆਈ.ਏ. ਦੀ ਵੱਡੀ ਕਾਰਵਾਈ, ਜਸਬੀਰ ਰੋਡੇ ਦਾ ਪੁੱਤਰ ਗ੍ਰਿਫ਼ਤਾਰ

ਹੁਣ 19 ਅਗਸਤ ਨੂੰ ਪੰਜਾਬ ਦੇ ਸਾਬਕਾ ਭਾਜਪਾ ਮੁੱਖ ਸੰਸਦੀ ਸਕੱਤਰ ਅਤੇ ਦੋ ਵਾਰ ਫਿਰੋਜ਼ਪੁਰ ਤੋਂ ਵਿਧਾਇਕ ਰਹੇ ਸੁਖਪਾਲ ਸਿੰਘ ਨੰਨੂੰ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਅਤੇ ਪਾਰਟੀ ਛੱਡਣ ਦਾ ਐਲਾਨ ਕਰਨ ਦੇ ਨਾਲ ਹੀ ਆਪਣੇ ਮਕਾਨ ’ਤੇ 54 ਸਾਲਾਂ ਤੋਂ ਲਹਿਰਾ ਰਿਹਾ ਭਾਜਪਾ ਦਾ ਝੰਡਾ ਉਤਾਰ ਕੇ ਕਿਸਾਨਾਂ ਦਾ ਝੰਡਾ ਲਹਿਰਾ ਦਿੱਤਾ ਹੈ। ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਨੰਨੂੰ ਆਪਣੀਆਂ ਭਾਵਨਾਵਾਂ ’ਤੇ ਕੰਟਰੋਲ ਨਾ ਰੱਖ ਸਕੇ। ਉਨ੍ਹਾਂ ਦੀਆਂ ਅੱਖਾਂ ’ਚੋਂ ਹੰਝੂ ਵਹਿ ਤੁਰੇ ਅਤੇ ਉਨ੍ਹਾਂ ਨੇ ਕਿਹਾ, ‘‘ਇਹ ਫੈਸਲਾ ਲੈਣਾ ਮੇਰੇ ਲਈ ਬਹੁਤ ਦੁਖ਼ਦਾਈ ਸੀ। ਕਿਸਾਨਾਂ ਦੇ ਅੰਦੋਲਨ ਅਤੇ ਇਸ ਦੌਰਾਨ ਹੋਣ ਵਾਲੀਆਂ ਮੌਤਾਂ ਨਾਲ ਮੇਰੇ ਸਮਰਥਕ ਬਹੁਤ ਗੁੱਸੇ ’ਚ ਸਨ। ਭਾਜਪਾ ਕਿਸਾਨ ਸੈੱਲ ਦਾ ਸੂਬਾ ਪ੍ਰਧਾਨ ਹੋਣ ਦੇ ਨਾਤੇ ਕਿਸਾਨਾਂ ਨਾਲ ਮੇਰਾ ਲਗਾਅ ਜ਼ਿਆਦਾ ਰਿਹਾ ਹੈ। ਇਸ ਲਈ ਮੈਂ ਉਨ੍ਹਾਂ ਦੀ ਪੀੜ ਨੂੰ ਆਪਣੀ ਪੀੜ ਸਮਝਦੇ ਹੋਏ ਉਨ੍ਹਾਂ ਦੇ ਨਾਲ ਖੜ੍ਹਾ ਹਾਂ।’’

ਉਨ੍ਹਾਂ ਨੇ ਸੂਬੇ ਦੀ ਪਾਰਟੀ ਲੀਡਰਸ਼ਿਪ ’ਤੇ ਪਾਰਟੀ ਨੂੰ ਇਕਜੁੱਟ ਰੱਖਣ ’ਚ ਅਸਫਲ ਰਹਿਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ‘‘ਪਾਰਟੀ ਦੇ ਪ੍ਰਤੀ ਅੱਜ ਵੀ ਮੇਰੇ ਦਿਲ ’ਚ ਸਤਿਕਾਰ ਹੈ ਪਰ ਪੰਜਾਬ ਭਾਜਪਾ ਲੀਡਰਸ਼ਿਪ ਵਰਕਰਾਂ ਦੀ ਲਗਾਤਾਰ ਅਣਦੇਖੀ ਕਰ ਰਹੀ ਹੈ।’’ ਜਿੱਥੇ 19 ਅਗਸਤ ਦਾ ਦਿਨ ਭਾਰਤੀ ਜਨਤਾ ਪਾਰਟੀ ਦੇ ਲਈ ਇਕ ਮਹੱਤਵਪੂਰਨ ਸਾਥੀ ਤੋਂ ਵੱਖਰੇ ਹੋਣ ਦਾ ਦਿਨ ਰਿਹਾ ਉੱਥੇ 20 ਅਗਸਤ ਦਾ ਦਿਨ ਵੀ ਪਾਰਟੀ ਦੇ ਲਈ ਇਕ ਪੀੜਾਦਾਇਕ ਖਬਰ ਲੈ ਕੇ ਆਇਆ ਜਦੋਂ ਭਾਜਪਾ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਆਪਣੇ ਕਈ ਸਮਰਥਕਾਂ ਦੇ ਨਾਲ ਸ਼੍ਰੋਅਦ ਦਾ ਪੱਲਾ ਫੜ ਲਿਆ ਪਰ ਕੁਝ ਕੁ ਭਾਜਪਾ ਸਮਰਥਕ ਕਹਿ ਰਹੇ ਹਨ ਕਿ ਇਹ ਸੱਤਾ ਦਾ ਲਾਲਚ ਹੈ।

ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਦੀ ਕਿਸਾਨਾਂ ਨੂੰ ਵੱਡੀ ਸੌਗਾਤ, ਕਰੋੜਾਂ ਦਾ ਕਰਜ਼ਾ ਕੀਤਾ ਮੁਆਫ਼

ਇਸ ਤਰ੍ਹਾਂ ਦਾ ਘਟਨਾਕ੍ਰਮ ਯਕੀਨਨ ਹੀ ਭਾਜਪਾ ਦੀ ਲੀਡਰਸ਼ਿਪ ਤੋਂ ਗੰਭੀਰਤਾਪੂਰਵਕ ਚਿੰਤਤ-ਮਨਨ ਕਰਨ ਦੀ ਮੰਗ ਕਰਦਾ ਹੈ ਜਿਸ ਨਾਲ ਪਾਰਟੀ ’ਚ ਨਾਰਾਜ਼ਗੀ ਦੂਰ ਹੋਵੇ ਅਤੇ ਅੰਦੋਲਨਕਾਰੀ ਕਿਸਾਨਾਂ ਦੀ ਸਮੱਸਿਆ ਸੁਲਝਾ ਕੇ ਆਉਣ ਵਾਲੀਆਂ ਚੋਣਾਂ ’ਚ ਇਸ ਦਾ ਰਸਤਾ ਸੌਖਾ ਬਣੇ ਤਾਂ ਕਿ ਪਾਰਟੀ ਨੂੰ ਨੁਕਸਾਨ ਨਾ ਪਹੁੰਚੇ। -ਵਿਜੇ ਕੁਮਾਰ

ਇਹ ਵੀ ਪੜ੍ਹੋ: ਜਲੰਧਰ: ਹੁਣ ਜੇਲ੍ਹ ’ਚੋਂ ਨਵੇਂ ਨਾਂ ਨਾਲ ਚਲਾਇਆ ਜਾ ਰਿਹੈ ਸਪਾ ਸੈਂਟਰ, ਖੇਡੀ ਜਾ ਰਹੀ ਫਿਰ ਪੁਰਾਣੀ ਗੰਦੀ ਖੇਡ!

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News