ਪੰਜਾਬ ਭਾਜਪਾ 'ਚ ਬਦਲਾਅ ਦੀ ਚਰਚਾ ਵਿਚਾਲੇ ਆਈ ਨਵੀਂ ਖ਼ਬਰ, ਆਗੂਆਂ ਦੀ ਲੱਗੇਗੀ ਕਲਾਸ

Saturday, Jul 01, 2023 - 09:29 AM (IST)

ਜਲੰਧਰ (ਅਨਿਲ ਪਾਹਵਾ) : ਲੋਕ ਸਭਾ ਚੋਣਾਂ ਦੀ ਦਸਤਕ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ 'ਚ ਪੰਜਾਬ ਦੀ ਸਥਿਤੀ ਨੂੰ ਸੁਧਾਰਨ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਪੰਜਾਬ 'ਚ 2022 ਤੋਂ ਲੈ ਕੇ ਜਲੰਧਰ ਦੀ ਲੋਕ ਸਭਾ ਉਪ-ਚੋਣ ਤੱਕ ਦੀਆਂ ਚੋਣਾਂ 'ਚ ਭਾਜਪਾ ਨੂੰ ਬੁਰੀ ਤਰ੍ਹਾਂ ਮਾਤ ਖਾਣੀ ਪਈ ਹੈ ਪਰ 2024 ਦੀਆਂ ਲੋਕ ਸਭਾ ਚੋਣਾਂ ਲਈ ਭਾਜਪਾ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ। ਇਸ ਨੂੰ ਵੇਖਦੇ ਹੋਏ ਪਾਰਟੀ ਨੇ ਹੁਣੇ ਤੋਂ ਪੰਜਾਬ 'ਚ ਆਪਣੀ ਹਾਜ਼ਰੀ ਦਰਜ ਕਰਵਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ।
2 ਦਿਨ ਸੰਗਠਨ ਮੰਤਰੀ ਲੈਣਗੇ ਨੇਤਾਵਾਂ ਦੀ ਕਲਾਸ
ਹੁਣੇ ਜਿਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਪੰਜਾਬ 'ਚ 2 ਰੈਲੀਆਂ ਕਰ ਕੇ ਗਏ ਹਨ। ਪਾਰਟੀ ਦੇ ਹੋਰ ਨੇਤਾ ਵੀ ਸੂਬੇ ਦੇ ਲਗਾਤਾਰ ਦੌਰੇ ’ਤੇ ਹਨ ਪਰ ਸੰਗਠਨਾਤਮਕ ਸਥਿਤੀ ਨੂੰ ਸੁਧਾਰਨ ਲਈ ਪਾਰਟੀ ਦੇ ਕੌਮੀ ਸੰਗਠਨ ਮੰਤਰੀ ਬੀ. ਐੱਲ. ਸੰਤੋਸ਼ ਪੰਜਾਬ ਦੇ ਦੌਰੇ ’ਤੇ ਆ ਰਹੇ ਹਨ। ਪਤਾ ਲੱਗਾ ਹੈ ਕਿ ਸੰਤੋਸ਼ 2 ਦਿਨ ਪੰਜਾਬ 'ਚ ਰਹਿਣਗੇ। ਇਸ ਦੌਰਾਨ ਉਹ ਲੁਧਿਆਣਾ 'ਚ ਭਾਜਪਾ ਨੇਤਾਵਾਂ ਦੀਆਂ ਵੱਖ-ਵੱਖ ਬੈਠਕਾਂ 'ਚ ਹਿੱਸਾ ਲੈਣਗੇ। ਪਤਾ ਲੱਗਾ ਹੈ ਕਿ ਭਾਜਪਾ ਦੇ ਜ਼ਿਲ੍ਹਾ ਪ੍ਰਧਾਨਾਂ, ਪਾਰਟੀ ਦੇ ਸੂਬਾ ਅਹੁਦੇਦਾਰਾਂ, ਮੀਡੀਆ, ਆਈ. ਟੀ. ਅਤੇ ਹੋਰ ਵਿਭਾਗਾਂ ਦੀਆਂ ਬੈਠਕਾਂ ਰੱਖੀਆਂ ਗਈਆਂ ਹਨ। ਇਨ੍ਹਾਂ ਬੈਠਕਾਂ 'ਚ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਦੀਆਂ ਯੋਜਨਾਵਾਂ ’ਤੇ ਚਰਚਾ ਕੀਤੇ ਜਾਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਦੂਜੀ ਧੀ ਦੇ ਜਨਮ 'ਤੇ ਪੰਜਾਬ ਸਰਕਾਰ ਮਾਵਾਂ ਨੂੰ ਦੇਵੇਗੀ ਵੱਡੀ ਸੌਗਾਤ, ਲਾਹਾ ਲੈਣ ਲਈ ਇੰਝ ਕਰੋ Apply
ਲੋਕ ਸਭਾ ਉਪ-ਚੋਣ 'ਚ ਕਿਰਕਿਰੀ
ਉਂਝ ਪਾਰਟੀ ਕੋਲ ਜਲੰਧਰ ਲੋਕ ਸਭਾ ਉਪ-ਚੋਣ ਦੌਰਾਨ ਵਰਤੀਆਂ ਗਈਆਂ ਭਰਪੂਰ ਲਾਪਰਵਾਹੀਆਂ ਦੀ ਇਕ ਲੰਬੀ ਸੂਚੀ ਪਹੁੰਚੀ ਹੈ, ਜਿਸ 'ਚ ਮੀਡੀਆ ਦੇ ਨਾਂ ’ਤੇ ਪੈਸਿਆਂ ਦਾ ਹੇਰ-ਫੇਰ ਅਤੇ ਆਲੀਸ਼ਾਨ ਹੋਟਲਾਂ 'ਚ ਭਾਜਪਾ ਦੇ ਨੇਤਾਵਾਂ ਦਾ ਸਟੇਅ ਚਰਚਾ ਦਾ ਵਿਸ਼ਾ ਹੈ। ਪਾਰਟੀ ਦੇ ਨੇਤਾ ਹੋਟਲਾਂ 'ਚ ਹੀ ਬੈਠੇ ਰਹੇ। ਮੀਡੀਆ ਅਤੇ ਪੋਰਟਲਾਂ ਦੀਆਂ ਲੰਬੀਆਂ-ਚੌੜੀਆਂ ਲਿਸਟਾਂ ਬਣਾ ਕੇ ਉਨ੍ਹਾਂ 'ਚ ਵੀ ਕਾਫ਼ੀ ਹੇਰ-ਫੇਰ ਹੋਣ ਦੀ ਜਾਣਕਾਰੀ ਸੂਤਰਾਂ ਤੋਂ ਮਿਲੀ ਹੈ। ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਕਈ ਅਹੁਦੇਦਾਰਾਂ ਦੇ ਜਲੰਧਰ ਲੋਕ ਸਭਾ ਉਪ-ਚੋਣ ਨਾਲ ਵਾਰੇ-ਨਿਆਰੇ ਹੋ ਗਏ। ਹੁਣ ਇਹ ਲੋਕ ਬੜੀ ਬੇਸਬਰੀ ਨਾਲ ਅਗਲੀ ਚੋਣ ਦੀ ਉਡੀਕ ਕਰ ਰਹੇ ਹਨ।

ਇਹ ਵੀ ਪੜ੍ਹੋ : ਮਹਾਰਾਸ਼ਟਰ 'ਚ ਵਾਪਰਿਆ ਭਿਆਨਕ ਹਾਦਸਾ, ਬੱਸ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜੇ 25 ਲੋਕ
ਪਾਰਟੀ ਦਫ਼ਤਰਾਂ ਦੇ ਨਿਰਮਾਣ ’ਚ ਘਪਲੇ ਦੀ ਚਰਚਾ
ਪੰਜਾਬ 'ਚ 2024 ਦੀਆਂ ਚੋਣਾਂ ਤੋਂ ਪਹਿਲਾਂ ਪਾਰਟੀ ਨੇ ਜ਼ਿਲ੍ਹਾ ਪੱਧਰ ਦੇ ਕੁੱਝ ਪਾਰਟੀ ਦਫ਼ਤਰਾਂ ਦਾ ਨਿਰਮਾਣ ਪੂਰਾ ਕਰਨ ਦਾ ਟੀਚਾ ਰੱਖਿਆ ਸੀ। ਹੁਣ ਖ਼ਬਰ ਮਿਲੀ ਹੈ ਕਿ ਪੰਜਾਬ ਦੇ ਕੁੱਝ ਭਾਜਪਾ ਦਫ਼ਤਰਾਂ ਦੇ ਨਿਰਮਾਣ ਦੌਰਾਨ ਹੇਰ-ਫੇਰ ਸਬੰਧੀ ਵੀ ਇਕ ਰਿਪੋਰਟ ਪਾਰਟੀ ਕੋਲ ਪਹੁੰਚੀ ਹੈ। ਇਸ ਰਿਪੋਰਟ 'ਚ ਕੀ ਲਿਖਿਆ ਗਿਆ ਹੈ, ਇਹ ਤਾਂ ਸਪੱਸ਼ਟ ਨਹੀਂ ਪਰ ਪਾਰਟੀ ਨੇ ਇਨ੍ਹਾਂ ਰਿਪੋਰਟਾਂ ਦੇ ਆਧਾਰ ’ਤੇ ਕੁੱਝ ਨੇਤਾਵਾਂ ਦੀ ਜ਼ਿੰਮੇਵਾਰੀ ਜ਼ਰੂਰ ਲਾਈ ਹੈ ਅਤੇ ਉਨ੍ਹਾਂ ਨੂੰ ਰਿਪੋਰਟ ਦੇਣ ਲਈ ਕਿਹਾ ਹੈ। ਖ਼ਬਰ ਹੈ ਕਿ ਇਨ੍ਹਾਂ ਦਫ਼ਤਰਾਂ ਦੇ ਨਿਰਮਾਣ ਦੌਰਾਨ ਲੱਖਾਂ ਰੁਪਏ ਦਾ ਘਪਲਾ ਹੋਇਆ ਹੈ, ਜਿਸ 'ਚ ਕੁੱਝ ਨੇਤਾਵਾਂ ਨੇ ਫਰਜ਼ੀ ਬਿੱਲਾਂ ਦੇ ਨਾਲ ਖ਼ਰਚਾ ਵਧਾ ਕੇ ਵਿਖਾਉਣ ਦੀ ਕੋਸ਼ਿਸ਼ ਕੀਤੀ। ਉਂਝ ਅਜਿਹੀ ਹੀ ਕੋਸ਼ਿਸ਼ ਹੁਣੇ ਜਿਹੇ ਦੀ ਜਲੰਧਰ ਲੋਕ ਸਭਾ ਉਪ-ਚੋਣ 'ਚ ਕੁੱਝ ਨੇਤਾਵਾਂ ਵਲੋਂ ਕਥਿਤ ਤੌਰ ’ਤੇ ਕੀਤੀ ਗਈ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News