ਖੇਤੀ ਕਾਨੂੰਨਾਂ ''ਤੇ ਵਿਰੋਧੀ ਭਰਮ ਫੈਲਾਉਣਾ ਬੰਦ ਕਰਨ : ਅਸ਼ਵਨੀ ਸ਼ਰਮਾ
Tuesday, Dec 01, 2020 - 08:43 PM (IST)
ਲੁਧਿਆਣਾ,(ਗੁਪਤਾ)-ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਪੰਜਾਬ ਭਾਜਪਾ ਇੰਡਸਟਰੀ ਸੈੱਲ ਦੇ ਪ੍ਰਦੇਸ਼ ਪ੍ਰਧਾਨ ਰਾਕੇਸ਼ ਕਪੂਰ ਨੇ ਅੱਜ ਇਥੇ ਜਾਰੀ ਵੱਖ-ਵੱਖ ਬਿਆਨਾਂ ਵਿਚ ਨਵੇਂ ਖੇਤੀ ਕਾਨੂੰਨਾਂ ਸਬੰਧੀ ਕੀਤੇ ਜਾ ਰਹੇ ਵਿਰੋਧ 'ਤੇ ਵਿਰੋਧੀਆਂ ਨੂੰ ਸ਼ੀਸ਼ਾ ਦਿਖਾਉਂਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਵਿਚ ਤਾਂ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਕਾਨੂੰਨਾਂ ਦਾ ਸਮਰਥਨ ਕਰ ਰਹੀ ਹੈ ਪਰ ਪੰਜਾਬ ਵਿਚ ਇਨ੍ਹਾਂ ਹੀ ਕਾਨੂੰਨਾਂ ਸਬੰਧੀ ਕਾਂਗਰਸ ਦੇ ਨਾਲ ਮਿਲ ਕੇ ਕਿਸਾਨਾਂ 'ਚ ਭਰਮ ਫੈਲਾਅ ਕੇ ਉਨ੍ਹਾਂ ਨੂੰ ਸੰਘਰਸ਼ ਲਈ ਉਕਸਾ ਰਹੀ ਹੈ।
ਉਕਤ ਭਾਜਪਾ ਨੇਤਾਵਾਂ ਨੇ ਕਿਹਾ ਕਿ ਵਿਰੋਧੀ ਜਾਣਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦੀ ਭਲਾਈ ਚਾਹੁੰਦੇ ਹਨ ਪਰ ਉਹ ਉਨ੍ਹਾਂ ਦਾ ਵਿਰੋਧ ਇਸ ਲਈ ਕਰਵਾ ਰਹੇ ਹਨ ਕਿ ਜੇਕਰ ਮੋਦੀ ਸਰਕਾਰ ਦੀ ਜੈ ਜੈ ਕਾਰ ਹੋਈ ਤਾਂ ਉਨ੍ਹਾਂ ਦੇ ਦਿਨ ਲੱਦ ਜਾਣਗੇ। ਨਵੇਂ ਕਾਨੂੰਨਾਂ ਨੂੰ ਲੈ ਕੇ ਉਹੀ ਲੋਕ ਭਰਮ ਫੈਲਾਅ ਰਹੇ ਹਨ, ਜੋ ਆਪਣੇ ਲੰਬੇ ਸ਼ਾਸਨਕਾਲ 'ਚ ਕਿਸਾਨਾਂ ਨਾਲ ਝੂਠੇ ਵਾਅਦੇ ਕਰ ਕੇ ਉਨ੍ਹਾਂ ਨੂੰ ਠੱਗਦੇ ਰਹੇ ਹਨ, ਜਦੋਂਕਿ ਨਵੇਂ ਕਾਨੂੰਨਾਂ ਵਿਚ ਪੁਰਾਣੀਆਂ ਵਿਵਸਥਾਵਾਂ ਨੂੰ ਸੁਰੱਖਿਅਤ ਕੀਤਾ ਗਿਆ ਹੈ। ਮੰਡੀ ਤੱਕ ਨਾ ਪਹੁੰਚ ਸਕਣ ਵਾਲੇ ਕਿਸਾਨਾਂ ਨੂੰ ਧੋਖੇ ਤੋਂ ਬਚਾਉਣ ਲਈ ਕਾਨੂੰਨੀ ਸਰਪ੍ਰਸਤੀ ਦਿੱਤੀ ਗਈ ਹੈ। ਸਰਕਾਰ ਸਪੱਸ਼ਟ ਰੂਪ ਨਾਲ ਕਹਿ ਰਹੀ ਹੈ ਕਿ ਮੰਡੀਆਂ ਅਤੇ ਘੱਟੋ-ਘੱਟ ਸਮਰਥਨ ਮੁੱਲ ਨੂੰ ਨਹੀਂ ਹਟਾਏਗੀ। ਨਵੇਂ ਖੇਤੀ ਕਾਨੂੰਨ ਕਿਸਾਨਾਂ ਲਈ ਬਦਲ ਹਨ। ਪੁਰਾਣੇ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ। ਪਹਿਲਾਂ ਮੰਡੀ ਤੋਂ ਬਾਹਰ ਉਤਪਾਦ ਵੇਚਣ 'ਤੇ ਕਾਰਵਾਈ ਹੁੰਦੀ ਸੀ, ਹੁਣ ਉਹ ਕਿਤੇ ਵੀ ਆਪਣੇ ਉਤਪਾਦ ਵੇਚ ਸਕਦੇ ਹਨ। ਸਰਕਾਰ ਕਿਸਾਨਾਂ ਦੀ ਆਮਦਨ ਵਿਚ ਵਾਧੇ ਲਈ ਸਵਾਮੀਨਾਥਨ ਕਮਿਸ਼ਨਰ ਦੀ ਸਿਫਾਰਸ਼ ਤਹਿਤ ਕਾਰਜ ਕਰਨ ਦੀ ਦਾ ਅਹਿਦ ਦੋਹਰਾ ਰਹੀ ਹੈ। ਮੋਦੀ ਸਰਕਾਰ ਵੱਲੋਂ 4 ਕਰੋੜ ਕਿਸਾਨ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਫਸਲ ਬੀਮਾ ਦਾ ਲਾਭ ਅਤੇ 47 ਲੱਖ ਹੈਕਟੇਅਰ ਜ਼ਮੀਨ ਵਿਚ ਸਿੰਚਾਈ ਦੀ ਸਹੂਲਤ ਦਿੱਤੀ ਗਈ ਹੈ। ਕੇਂਦਰ ਸਰਕਾਰ ਚਾਹੁੰਦੀ ਹੈ ਕਿ ਦੇਸ਼ ਦੇ ਕਿਸਾਨਾਂ ਦੀ ਪਹੁੰਚ ਸਿੱਧਾ ਵੱਡੇ ਬਾਜ਼ਾਰ ਤੱਕ ਹੋਵੇ।