ਪੰਜਾਬ ਦੀ ਮੌਜੂਦਾ ਹਾਲਤ ਲਈ ਕਾਂਗਰਸ ਸਰਕਾਰ ਜ਼ਿੰਮੇਵਾਰ : ਅਸ਼ਵਨੀ ਸ਼ਰਮਾ

Monday, Nov 23, 2020 - 10:53 PM (IST)

ਪੰਜਾਬ ਦੀ ਮੌਜੂਦਾ ਹਾਲਤ ਲਈ ਕਾਂਗਰਸ ਸਰਕਾਰ ਜ਼ਿੰਮੇਵਾਰ : ਅਸ਼ਵਨੀ ਸ਼ਰਮਾ

ਚੰਡੀਗੜ੍ਹ,(ਸ਼ਰਮਾ)- ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਸੀਨੀਅਰ ਭਾਜਪਾ ਨੇਤਾਵਾਂ ਨੇ ਪੰਜਾਬ ਭਾਜਪਾ ਦੇ ਨਵ-ਨਿਯੁਕਤ ਸੂਬਾ ਭਾਜਪਾ ਇੰਚਾਰਜ ਅਤੇ ਰਾਜ ਸਭਾ ਮੈਂਬਰ ਦੁਸ਼ਯੰਤ ਕੁਮਾਰ ਗੌਤਮ ਨਾਲ ਮੁਲਾਕਾਤ ਕੀਤੀ। ਇਨ੍ਹਾਂ ਭਾਜਪਾ ਨੇਤਾਵਾਂ 'ਚ ਸੂਬਾ ਭਾਜਪਾ ਸੰਗਠਨ ਦੇ ਜਨਰਲ ਸਕੱਤਰ ਦਿਨੇਸ਼ ਕੁਮਾਰ, ਸੂਬਾ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ, ਡਾ. ਸੁਭਾਸ਼ ਸ਼ਰਮਾ ਅਤੇ ਰਾਜੇਸ਼ ਬਾਗਾ ਸ਼ਾਮਲ ਸਨ।

ਅਸ਼ਵਨੀ ਸ਼ਰਮਾ ਨੇ ਇਸ ਮੀਟਿੰਗ ਨਾਲ ਸਬੰਧਤ ਆਪਣੇ ਬਿਆਨ ਵਿਚ ਕਿਹਾ ਕਿ ਉਨ੍ਹਾਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਦੁਸ਼ਯੰਤ ਗੌਤਮ ਨਾਲ ਸੰਗਠਨਾਤਮਕ ਢਾਂਚੇ ਅਤੇ ਇਸ ਦੇ ਕੰਮਕਾਜ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ। ਸ਼ਰਮਾ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿਚ ਸੰਗਠਨ ਅਤੇ ਵਰਕਰ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਆਪਣੀ ਰਾਜਨੀਤਕ ਲਾਲਸਾ ਦੇ ਚਲਦਿਆਂ ਭਾਜਪਾ ਨਾਲ ਵੱਖ ਹੋਇਆ ਹੈ। ਬਿਹਾਰ ਵਿਧਾਨ ਸਭਾ ਚੋਣਾਂ ਅਤੇ ਹੋਰ ਸੂਬਿਆਂ ਦੀਆਂ ਉਪ ਚੋਣਾਂ ਭਾਜਪਾ ਦੀ ਕਾਰਗੁਜ਼ਾਰੀ ਦਾ ਸਪੱਸ਼ਟ ਪ੍ਰਮਾਣ ਹਨ। ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਥਿਤੀ ਲਈ ਕਾਂਗਰਸ ਦੀ ਕੈਪਟਨ ਸਰਕਾਰ ਜ਼ਿੰਮੇਵਾਰ ਹੈ।

ਦੁਸ਼ਯੰਤ ਗੌਤਮ ਨੇ ਪੰਜਾਬ ਭਾਜਪਾ ਦੇ ਨੇਤਾਵਾਂ ਦੀ ਗੱਲ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਪੰਜਾਬ ਦਾ ਦੌਰਾ ਕਰਨ ਆਉਣਗੇ ਅਤੇ ਵਰਕਰਾਂ ਨਾਲ ਮੁਲਾਕਾਤ ਕਰ ਨਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਰਣਨੀਤੀ ਤੈਅ ਕਰਨਗੇ। ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਭਾਜਪਾ ਆਪਣੇ ਦਮ 'ਤੇ ਚੋਣ ਲੜੇਗੀ ਅਤੇ ਲੋਕਾਂ ਦੇ ਸਮਰਥਨ ਨਾਲ ਹਾਸਲ ਪ੍ਰਚੰਡ ਬਹੁਮਤ ਨਾਲ ਸੂਬੇ ਵਿਚ ਸੱਤਾ ਹਾਸਲ ਕਰੇਗੀ।
 


author

Deepak Kumar

Content Editor

Related News