ਅੱਜ ''ਪੰਜਾਬ'' ''ਚ ਰਹੇਗਾ ਚੱਕਾ ਜਾਮ, ਜਾਣੋ ਕੀ ਹੈ ਸਮਾਂ
Saturday, Oct 10, 2020 - 07:26 AM (IST)
ਚੰਡੀਗੜ੍ਹ : ਪੋਸਟ ਮੈਟ੍ਰਿਕ ਵਜ਼ੀਫ਼ਾ ਘਪਲੇ ਦੇ ਮਾਮਲੇ 'ਚ ਸੰਤ ਸਮਾਜ ਵੱਲੋਂ 10 ਅਕਤਬੂਰ ਮਤਲਬ ਕਿ ਅੱਜ 'ਪੰਜਾਬ ਬੰਦ' ਦਾ ਸੱਦਾ ਦਿੱਤਾ ਗਿਆ ਹੈ। ਇਸ ਦੌਰਾਨ ਪੰਜਾਬ 'ਚ ਚੱਕਾ ਜਾਮ ਰਹੇਗਾ। ਇਸ ਬੰਦ ਦੇ ਸਮਰਥਨ 'ਚ ਆਮ ਆਦਮੀ ਪਾਰਟੀ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਸਮੇਤ ਸ਼ਡਿਊਲ ਕਾਸਟ ਅਲਾਇੰਸ ਨੇ ਵੀ ਸਾਥ ਦਿੱਤਾ ਹੈ। ਸੰਤ ਸਮਾਜ ਅਤੇ ਸਾਰੀਆਂ ਅਨੁਸੂਚਿਤ ਜਾਤੀ ਜੱਥੇਬੰਦੀਆਂ ਦੇ ਵਰਕਰਾਂ ਵੱਲੋਂ 10 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ ਇਕ ਵਜੇ ਤੱਕ ਪੰਜਾਬ ਭਰ 'ਚ ਚੱਕਾ ਜਾਮ ਕੀਤਾ ਜਾਵੇਗਾ।
ਇੱਥੇ ਹੀ ਬਸ ਨਹੀਂ ਵਜ਼ੀਫ਼ਾ ਘਪਲੇ ਨੂੰ ਲੈ ਕੇ ਸਾਬਕਾ ਆਈ. ਏ. ਐੱਸ. ਅਧਿਕਾਰੀ ਐੱਸ. ਆਰ. ਲੱਦੜ ਵੀ ਇਸ ਮੁੱਦੇ 'ਤੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਚੁੱਕੇ ਹਨ। ਸਿਆਸੀ ਪਾਰਟੀਆਂ ਅਤੇ ਸਮਾਜਿਕ ਜੱਥੇਬੰਦੀਆਂ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕੈਬਨਿਟ 'ਚੋਂ ਬਰਖ਼ਾਸਤ ਕਰਨ ਦੀ ਮੰਗ ਕਰ ਰਹੀਆਂ ਹਨ। ਇਸ ਤੋਂ ਇਲਾਵਾ ਭਗਵਾਨ ਵਾਲਮੀਕਿ ਟਾਈਗਰ ਫੋਰਸ ਵੱਲੋਂ ਵੀ 10 ਅਕਤੂਬਰ ਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ।
ਫੋਰਸ ਦੇ ਚੇਅਰਮੈਨ ਅਜੇ ਖੋਸਲਾ ਨੇ ਕਿਹਾ ਕਿ ਹਾਥਰਸ ਦੀ ਘਟਨਾ 'ਚ ਅਜੇ ਤੱਕ ਸਰਕਾਰ ਕੋਈ ਸਖ਼ਤ ਕਦਮ ਨਹੀਂ ਚੁੱਕ ਸਕੀ ਹੈ। ਖੋਸਲਾ ਨੇ ਕਿਹਾ ਕਿ ਯੂ. ਪੀ. ਸਰਕਾਰ ਅਜੇ ਤੱਕ ਮੁਲਜ਼ਮਾਂ ਤਕ ਨਹੀਂ ਪਹੁੰਚ ਸਕੀ ਹੈ ਅਤੇ ਪੁਲਸ ਦੀ ਕਾਰਜ ਪ੍ਰਣਾਲੀ ਵੀ ਸ਼ੱਕੀ ਹੈ, ਹਰ ਵਾਰ ਕੋਈ ਨਾ ਕੋਈ ਕਹਾਣੀ ਬਣਾ ਕੇ ਇਸ ਘਟਨਾ 'ਚ ਪੇਸ਼ ਕੀਤੀ ਜਾ ਰਹੀ ਹੈ। ਇਸ ਦੇ ਵਿਰੋਧ 'ਚ ਉਨ੍ਹਾਂ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ, ਜਿਹੜਾ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਰਹੇਗਾ। ਉਨ੍ਹਾਂ ਸਾਰੀਆਂ ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆਂ ਤੋਂ ਇਲਾਵਾ ਦੁਕਾਨਾਂਦਾਰਾਂ ਨੂੰ ਵੀ ਬੰਦ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ।