ਪੰਜਾਬ ’ਚ ਤੇਜ਼ ਹਵਾਵਾਂ ਨਾਲ ਕੱਲ੍ਹ ਤੇ ਪਰਸੋਂ ਫਿਰ ਹੋ ਸਕਦੀ ਹੈ ਗੜੇਮਾਰੀ

Monday, Feb 18, 2019 - 06:59 PM (IST)

ਪੰਜਾਬ ’ਚ ਤੇਜ਼ ਹਵਾਵਾਂ ਨਾਲ ਕੱਲ੍ਹ ਤੇ ਪਰਸੋਂ ਫਿਰ ਹੋ ਸਕਦੀ ਹੈ ਗੜੇਮਾਰੀ

ਚੰਡੀਗੜ੍ਹ (ਯੂ.ਐੱਨ.ਆਈ.)–ਪੰਜਾਬ ਤੇ ਹਰਿਆਣਾ ’ਚ ਬੁੱਧਵਾਰ ਤੇ ਵੀਰਵਾਰ ਨੂੰ ਤੇਜ਼ ਹਵਾਵਾਂ ਨਾਲ ਕਈ ਥਾਵਾਂ ’ਤੇ ਹਲਕੀ ਵਰਖਾ ਤੇ ਗੜੇਮਾਰੀ ਸੰਭਵ ਹੈ। ਮੌਸਮ ਵਿਭਾਗ ਮੁਤਾਬਕ ਉਸ ਤੋਂ ਅਗਲੇ ਦੋ ਦਿਨਾਂ ਦੌਰਾਨ ਕਈ ਥਾਵਾਂ ’ਤੇ ਭਾਰੀ ਮੀਂਹ ਵੀ ਪੈ ਸਕਦਾ ਹੈ। ਇਸ ਕਾਰਨ ਕਿਸਾਨਾਂ ’ਚ ਚਿੰਤਾ ਪਾਈ ਜਾ ਰਹੀ ਹੈ। ਸੋਮਵਾਰ ਨੂੰ ਪੰਜਾਬ ਦੇ ਕਈ ਹਿੱਸਿਆਂ ’ਚ ਬੱਦਲ ਛਾਏ ਰਹੇ ਤੇ ਕਿਤੇ-ਕਿਤੇ ਹਲਕੀ ਵਰਖਾ ਵੀ ਹੋਈ। ਚੰਡੀਗੜ੍ਹ, ਅੰਬਾਲਾ, ਬਠਿੰਡਾ ਅਤੇ ਦਿੱਲੀ ’ਚ ਘੱਟੋ-ਘੱਟ ਤਾਪਮਾਨ 11 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਕਰਨਾਲ ਵਿਖੇ 8, ਨਾਰਨੌਲ ਵਿਖੇ 10, ਅੰਮ੍ਰਿਤਸਰ ਵਿਖੇ 9, ਲੁਧਿਆਣਾ ਵਿਖੇ 9, ਜਲੰਧਰ ਨੇੜਲੇ ਆਦਮਪੁਰ ਵਿਖੇ 9 ਅਤੇ ਬਠਿੰਡਾ ਵਿਖੇ 11 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

ਹਿਮਾਚਲ ਦੇ ਕਈ ਇਲਾਕਿਆਂ ’ਚ ਬਰਫਬਾਰੀ
ਸ਼ਿਮਲਾ ਤੋਂ ਮਿਲੀਆਂ ਖਬਰਾਂ ਮੁਤਾਬਕ ਸੂਬੇ ਦੇ ਕਈ ਹਿੱਸਿਆਂ ’ਚ ਤਾਜ਼ਾ ਬਰਫਬਾਰੀ ਹੋਣ ਕਾਰਨ ਸੀਤ ਲਹਿਰ ਮੁੜ ਵਧ ਗਈ ਹੈ। ਮੌਸਮ ਵਿਭਾਗ ਨੇ ਵੀਰਵਾਰ ਸ਼ਾਮ ਤਕ ਹਿਮਾਚਲ ’ਚ ਕਈ ਥਾਵਾਂ ’ਤੇ ਭਾਰੀ ਬਰਫਬਾਰੀ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ। ਸ਼ਿਮਲਾ ਨੇੜੇ ਕੁਫਰੀ ’ਚ 4, ਡਲਹੌਜ਼ੀ ’ਚ 2 ਅਤੇ ਕਿਲੋਂਗ ਵਿਖੇ 5 ਸੈਂਟੀਮੀਟਰ ਬਰਫਬਾਰੀ ਹੋਣ ਦੀ ਖਬਰ ਹੈ।

ਜੰਮੂ-ਸ਼੍ਰੀਨਗਰ ਸੜਕ ’ਤੇ ਇਕ ਪਾਸੜ ਆਵਾਜਾਈ ਜਾਰੀ
ਤਾਜ਼ਾ ਬਰਫਬਾਰੀ ਅਤੇ ਮੀਂਹ ਦੇ ਬਾਵਜੂਦ ਸੋਮਵਾਰ ਸ਼੍ਰੀਨਗਰ-ਜੰਮੂ ਸੜਕ ’ਤੇ ਇਕ ਪਾਸੜ ਆਵਾਜਾਈ ਜਾਰੀ ਰਹੀ। ਬਰਫਬਾਰੀ ਕਾਰਨ ਇਤਿਹਾਸਕ ਮੁਗਲ ਰੋਡ ਅਤੇ ਸ਼੍ਰੀਨਗਰ-ਲੇਹ ਸੜਕ ਪਿਛਲੀ ਦਸੰਬਰ ਤੋਂ ਹੀ ਬੰਦ ਹੈ। ਜੰਮੂ-ਕਸ਼ਮੀਰ ’ਚ ਮੰਗਲਵਾਰ ਤੋਂ 21 ਫਰਵਰੀ ਤਕ ਭਾਰੀ ਬਰਫਬਾਰੀ ਹੋਣ ਅਤੇ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ, ਜਿਸ ਕਾਰਨ ਜੰਮੂ-ਸ਼੍ਰੀਨਗਰ ਸੜਕ ’ਤੇ ਆਵਾਜਾਈ ਦੇ ਪ੍ਰਭਾਵਿਤ ਹੋਣ ਦਾ ਡਰ ਹੈ।


author

Sunny Mehra

Content Editor

Related News