ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਹੜ੍ਹਾਂ ਤੋਂ ਬਾਅਦ ਫ਼ੈਲਣ ਲੱਗਿਆ ''ਵਾਇਰਸ''
Monday, Sep 15, 2025 - 12:42 PM (IST)

ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਦੇ ਕਿਸਾਨਾਂ ਨੂੰ ਹੜ੍ਹਾਂ ਤੋਂ ਬਾਅਦ ਹੁਣ ਇਕ ਨਵੀਂ ਪ੍ਰੇਸ਼ਾਨੀ ਨੇ ਘੇਰ ਲਿਆ ਹੈ। ਦਰਅਸਲ, ਹੁਣ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਝੋਨੇ ਦੀ ਫ਼ਸਲ 'ਚੀਨੀ ਵਾਇਰਸ' ਦੀ ਲਪੇਟ ਵਿਚ ਆਉਣ ਲੱਗ ਪਈ ਹੈ। ਇਸ ਵਾਇਰਸ ਨੇ ਪੱਕੀ-ਪਕਾਈ ਫ਼ਸਲ ਨੂੰ ਆਪਣੀ ਲਪੇਟ ਵਿਚ ਲੈ ਕੇ ਬਰਬਾਦ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਕ ਇਸ ਵਾਇਰਸ ਨੇ ਸੂਬੇ ਦੇ 7 ਜ਼ਿਲ੍ਹਿਆਂ ਵਿਚ ਮਾਰ ਕੀਤੀ ਹੈ। ਰੂਪਨਗਰ, ਫ਼ਤਹਿਗੜ੍ਹ ਸਾਹਿਬ, ਪਠਾਨਕੋਟ, ਮੋਹਾਲੀ, ਮਾਨਸਾ, ਸੰਗਰੂਰ ਤੇ ਪਟਿਆਲਾ ਜ਼ਿਲ੍ਹੇ ਵਿਚ ਇਸ ਵਾਇਰਸ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਕਿਸਾਨਾਂ ਦੀ ਤਕਰੀਬਨ 9 ਹਜ਼ਾਰ ਹੈਕਟੇਅਰ ਰਕਬੇ ਵਿਚਲੀ ਝੋਨੇ ਦੀ ਫ਼ਸਲ ਬਰਬਾਦ ਹੋ ਚੁੱਕੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਨਵੇਂ ਹੁਕਮ ਜਾਰੀ! 19 ਸਤੰਬਰ ਤਕ...
ਦੂਜੇ ਪਾਸੇ ਖੇਤੀਬਾੜੀ ਵਿਭਾਗ ਦੇ ਨਾਲ-ਨਾਲ ਪੰਜਾਬ ਖੇਤੀਬਾੜੀ ਯੂਨੀਵਰਿਸਟੀ ਦੇ ਮਾਹਰ ਇਨ੍ਹਾਂ ਜ਼ਿਲ੍ਹਿਆਂ ਦਾ ਦੌਰਾ ਕਰ ਰਹੇ ਹਨ ਤੇ ਵਾਇਰਸ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਵਿਭਾਗ ਦੀਆਂ 10 ਦੇ ਕਰੀਬ ਟੀਮਾਂ ਇਨ੍ਹਾਂ ਜ਼ਿਲ੍ਹਿਆਂ ਦਾ ਦੌਰਾ ਕਰ ਕੇ ਪੀੜਤ ਕਿਸਾਨਾਂ ਨਾਲ ਗੱਲਬਾਤ ਕਰ ਰਹੀਆਂ ਹਨ। ਹੜ੍ਹ ਦਾ ਪਾਣੀ ਅੱਗੇ ਜਾਣ ਨਾਲ ਇਹ ਵਾਇਰਸ ਹੋਰ ਫ਼ੈਲਣ ਦਾ ਵੀ ਖ਼ਤਰਾ ਹੈ।
ਮਹਿੰਗੀਆਂ ਦਵਾਈਆਂ ਦੇ ਛਿੜਕਾਅ ਦੇ ਬਾਵਜੂਦ ਤਬਾਹ ਹੋ ਗਈ ਫ਼ਸਲ
ਬਨੂੜ (ਗੁਰਪਾਲ)- ਬਨੂੜ ਇਲਾਕੇ ਦੇ ਕਿਸਾਨਾਂ ਦੀ ਸੈਂਕੜੇ ਏਕੜ ਦੇ ਕਰੀਬ ਝੋਨੇ ਦੀ ਫ਼ਸਲ ਵਾਇਰਸ ਦੀ ਭੇਟ ਚੜ ਗਈ ਹੈ। ਇਸ ਬਿਮਾਰੀ ਕਾਰਨ ਨੁਕਸਾਨੀ ਗਈ ਫਸਲ ਨੂੰ ਦਿਖਾਉਂਦੇ ਹੋਏ ਕਿਸਾਨ ਸਰਪੰਚ ਨਾਹਰ ਸਿੰਘ ਕੁਰੜੀ , ਇਕਬਾਲ ਸਿੰਘ ਢੋਲ, ਬਲਕਾਰ ਸਿੰਘ ਸਿਆਊ, ਕਰਨੈਲ ਸਿੰਘ ,ਤਰਲੋਚਨ ਸਿੰਘ ਨਡਿਆਲੀ, ਮਾਨ ਸਿੰਘ ਰਾਜਪੁਰਾ, ਗੁਰਮੀਤ ਸਿੰਘ ਸਾਬਕਾ ਸਰਪੰਚ, ਕਮਲਜੀਤ ਪੱਤੋਂ, ਕਰਨੈਲ ਸਿੰਘ ਫੌਜੀ, ਮਨਜੀਤ ਸਿੰਘ, ਬਹਾਦਰ ਸਿੰਘ, ਜਸਪਾਲ ਸਿੰਘ ਮੋਟੀ, ਗੁਰਜੰਟ ਸਿੰਘ ਹੁਲਕਾ ਨੇ ਨੇ ਕਿਹਾ ਕਿ ਉਹਨਾਂ ਵੱਲੋਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਝੋਨੇ ਦੀਆਂ ਪ੍ਰਮਾਣ ਕਿਸਮ 131 ਅਤੇ 126 ਦੀ ਬਜਾਈ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਝੋਨੇ ਦੀ ਕਿਸਮ ਉਤੇ ਵਾਇਰਸ ਰੋਗ ਨੇ ਹਮਲਾ ਕਰ ਦਿੱਤਾ ਹੈ ਜਿਸ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਫ਼ਸਲ ਤਬਾਹ ਹੋ ਗਈ ਹੈ।
ਕਿਸਾਨ ਨਾਹਰ ਸਿੰਘ ਕੁਰੜੀ ਨੇ ਦੱਸਿਆ ਕਿ ਉਸ ਦੀ ਪਿੰਡ ਕੁਰੜੀ ਦੇ ਕਿਸਾਨਾਂ ਦੀ 70 ਏਕੜ ਦੇ ਕਰੀਬ ਫਸਲ ਇਸ ਵਾਇਰਸ ਦੀ ਭੇਟ ਚੜ੍ਹ ਚੁੱਕੀ ਹੈ। ਪਿੰਡ ਸਿਆਊ ਦੇ ਸਾਬਕਾ ਸਰਪੰਚ ਗੁਰਮੀਤ ਸਿੰਘ ਦੀ 20 ਏਕੜ ਤੋਂ ਇਲਾਵਾ ਜਸਵੀਰ ਸਿੰਘ ਖਲੋਰ ਦੀ 12 ਏਕੜ ਕੁੱਲ ਮਿਲਾ ਕੇ ਇਲਾਕੇ ਦੇ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਪੁੱਤਾ ਵਾਂਗੂ ਪਾਲੀ ਹੋਈ ਫਸਲ ਇਸ ਵਾਇਰਸ ਦੀ ਭੇਟ ਚੜ੍ਹ ਗਈ ਹੈ। ਕਿਸਾਨਾਂ ਨੇ ਦੱਸਿਆ ਕਿ ਇਸ ਫ਼ਸਲ ਉੱਤੇ ਉਨ੍ਹਾਂ ਮਹਿੰਗੀਆਂ ਦਵਾਈਆਂ ਦਾ ਛਿੜਕਾਅ ਕੀਤਾ, ਪ੍ਰੰਤੂ ਇਸ ਦੇ ਬਾਵਜੂਦ ਵੀ ਫ਼ਸਲ ਬੁਰੀ ਤਰ੍ਹਾਂ ਤਬਾਹ ਹੋ ਗਈ ਹੈ, ਜਿਸ ਕਾਰਨ ਉਹ ਇਸ ਫ਼ਸਲ ਨੂੰ ਵਾਹੁਣ ਲਈ ਮਜਬੂਰ ਹਨ। ਪੀੜ੍ਹਤ ਕਿਸਾਨਾਂ ਨੇ ਸੂਬਾ ਸਰਕਾਰ ਤੋਂ ਝੋਨੇ ਦੀ ਵਾਇਰਸ ਕਾਰਨ ਨੁਕਸਾਨੀ ਗਈ ਫਸਲ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਪਹਿਲਾਂ ਹੀ ਆਰਥਿਕ ਮੰਦਹਾਲੀ ਵਿਚ ਘਿਰੇ ਕਿਸਾਨਾਂ ਨੂੰ ਰਾਹਤ ਦਿੱਤੀ ਜਾ ਸਕੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲਗਾਤਾਰ ਤਿੰਨ ਛੁੱਟੀਆਂ! ਲੱਗ ਗਈਆਂ ਮੌਜਾਂ
ਠੇਕੇ ’ਤੇ ਜ਼ਮੀਨ ਲੈ ਕੇ ਲਾਇਆ ਝੋਨਾ ਚੜ੍ਹਿਆ ‘ਵਾਇਰਸ’ ਭੇਟ
ਨਾਭਾ (ਪੁਰੀ)- ਨਾਭਾ ਹਲਕੇ ਦੇ ਪਿੰਡ ਰੋਹਟੀ ਬਸਤਾ ਸਿੰਘ ਵਿਖੇ ਝੋਨੇ ਦੀ ਫਸਲ ਨੂੰ ਇਕ ਵਾਇਰਸ ਨੇ ਆਪਣੀ ਲਪੇਟ ’ਚ ਲੈਣ ਕਰ ਕੇ ਫਸਲ ਨੂੰ ਬੁਰੀ ਤਰ੍ਹਾਂ ਨਸ਼ਟ ਕਰ ਕੇ ਰੱਖ ਦਿੱਤਾ ਹੈ। ਕਿਸਾਨ ਹਰਦੀਪ ਸਿੰਘ ਆਪਣੀ ਝੋਨੇ ਦੀ ਫਸਲ ਨੂੰ ਵਾਹੁਣ ਲਈ ਮਜਬੂਰ ਹੋ ਗਿਆ ਹੈ। ਗੱਲਬਾਤ ਕਰਦਿਆਂ ਕਿਸਾਨ ਹਰਦੀਪ ਸਿੰਘ ਅਤੇ ਮੱਖਣ ਸਿੰਘ ਨੇ ਦੱਸਿਆ ਕਿ ਅਸੀਂ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਦੇ ਹਾਂ। ਠੇਕੇ ’ਤੇ ਲਈ ਫਸਲ ਝੋਨੇ ਦੀ ਸਾਰੀ ਤਬਾਹ ਹੋ ਚੁੱਕੀ ਹੈ। ਕਿਸਾਨ ਨੇ ਪੰਜਾਬ ਸਰਕਾਰ ਤੋਂ ਤਬਾਅ ਹੋਈ ਫਸਲ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8