PAU ''ਚ ਭੂਮੀ ਤੇ ਪਾਣੀ ਦੀ ਸੰਭਾਲ ਬਾਰੇ ਖੋਜ ਅਤੇ ਪਸਾਰ ਮਾਹਿਰਾਂ ਦੀ ਹੋਈ ਵਰਕਸ਼ਾਪ

05/14/2022 3:20:09 PM

ਲੁਧਿਆਣਾ (ਸਲੂਜਾ) : ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਭੂਮੀ ਅਤੇ ਪਾਣੀ ਦੀ ਸੰਭਾਲ ਦੇ ਮੁੱਦੇ 'ਤੇ ਵਿਚਾਰ ਕਰਨ ਲਈ ਖੋਜ ਅਤੇ ਪਸਾਰ ਮਾਹਿਰਾਂ ਦੀ ਗੋਸ਼ਟੀ ਹੋਈ। ਕੋਰੋਨਾ ਕਾਲ ਤੋਂ ਬਾਅਦ ਹਕੀਕੀ ਰੂਪ ਵਿੱਚ ਕਰਵਾਈ ਗਈ ਇਸ ਗੋਸ਼ਟੀ ਵਿੱਚ ਪੰਜਾਬ ਦੇ ਭੂਮੀ ਸੰਭਾਲ ਅਧਿਕਾਰੀ, ਪਾਣੀ ਸੰਭਾਲ ਅਧਿਕਾਰੀ, ਖੇਤੀ ਵਿਗਿਆਨ ਕੇਂਦਰਾਂ ਦੇ ਮਾਹਿਰ, ਕਿਸਾਨ ਸੇਵਾ ਸਲਾਹਕਾਰ ਕੇਂਦਰਾਂ ਦੇ ਵਿਗਿਆਨੀ ਅਤੇ ਪੀ. ਏ. ਯੂ. ਦੇ ਮਾਹਿਰ ਭਾਰੀ ਗਿਣਤੀ ਵਿੱਚ ਸ਼ਾਮਲ ਹੋਏ। ਇਸ ਗੋਸ਼ਟੀ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਪੰਜਾਬ ਦੇ ਮੁੱਖ ਭੂਮੀ ਸੰਭਾਲ ਅਧਿਕਾਰੀ ਮਹਿੰਦਰ ਸਿੰਘ ਸ਼ਾਮਲ ਸਨ। ਮਹਿੰਦਰ ਸਿੰਘ ਨੇ ਆਪਣੇ ਵਿਸ਼ੇਸ਼ ਭਾਸ਼ਣ ਦੌਰਾਨ ਇਹ ਵਰਕਸ਼ਾਪ ਆਯੋਜਿਤ ਕਰਨ ਲਈ ਪੀ. ਏ. ਯੂ. ਨੂੰ ਵਧਾਈ ਦਿੱਤੀ। ਉਨ੍ਹਾਂ ਲਾਕਡਾਊਨ ਦੌਰਾਨ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਯੂਨੀਵਰਸਿਟੀ ਵੱਲੋਂ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਖੇਤੀ ਸਾਹਮਣੇ ਜੋ ਸਮੱਸਿਆਵਾਂ ਹਨ, ਉਨ੍ਹਾਂ ਵਿੱਚੋਂ ਪਾਣੀ ਸਭ ਤੋਂ ਅਹਿਮ ਹੈ। ਵੱਖ-ਵੱਖ ਧਰਮਾਂ ਵਿੱਚ ਵੀ ਪਾਣੀ ਦੀ ਵਡਿਆਈ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਸਾਰੇ ਸਹਿਯੋਗੀਆਂ ਨੂੰ ਮਿਲ ਕੇ ਪਾਣੀ ਦੀ ਸੰਭਾਲ ਲਈ ਕੰਮ ਕਰਨ ਦੀ ਲੋੜ ਹੈ। ਮਹਿੰਦਰ ਸਿੰਘ ਨੇ ਕਿਹਾ ਕਿ ਜ਼ਮੀਨ ਹੇਠਲੇ ਪਾਣੀ ਦੀ ਥਾਂ ਸਤ੍ਹਾ ਉੱਪਰਲੇ ਪਾਣੀ ਦੀ ਵਰਤੋਂ ਜ਼ਿਆਦਾ ਕੀਤੀ ਜਾਵੇ। ਉਨ੍ਹਾਂ ਅੰਕੜਿਆਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਪੰਜਾਬ ਦੇ 150 ਵਿੱਚੋਂ 117 ਬਲਾਕ ਪਾਣੀ ਦੀ ਕਮੀ ਨਾਲ ਜੂਝ ਰਹੇ ਹਨ। ਇਸ ਦੇ ਮੱਦੇਨਜ਼ਰ ਸਿੱਧੀ ਬਿਜਾਈ ਇੱਕ ਸਾਰਥਕ ਕੋਸ਼ਿਸ਼ ਹੈ। ਉਨ੍ਹਾਂ ਆਪਣੇ ਵਿਭਾਗ ਵੱਲੋਂ ਵੀ ਪਾਣੀ ਦੀ ਸੰਭਾਲ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਜਾਣਕਾਰੀ ਦਿੱਤੀ। ਮਹਿੰਦਰ ਸਿੰਘ ਨੇ ਕਿਹਾ ਕਿ ਕੰਢੀ ਖੇਤਰ ਵਿੱਚ ਪਾਣੀ ਦੀ ਰੀਚਾਰਜਿੰਗ ਲਈ ਵਿਸ਼ੇਸ਼ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਸੂਖਮ ਸਿੰਚਾਰੀ ਵਿਧੀ ਨੂੰ ਲਾਗੂ ਕਰਨ ਦੀ ਲੋੜ ਹੈ। ਉਨ੍ਹਾਂ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਅਪਨਾਉਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਸਰਕਾਰ ਇਸ ਦਿਸ਼ਾ ਵਿੱਚ ਸੰਜੀਦਗੀ ਨਾਲ ਕੋਸ਼ਿਸ਼ਾਂ ਕਰ ਰਹੀ ਹੈ। ਪੀ. ਏ. ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਪਾਣੀ ਅਤੇ ਭੂਮੀ ਦੀ ਸੰਭਾਲ ਬਾਰੇ ਪੀ. ਏ. ਯੂ. ਦੀਆਂ ਸਿਫ਼ਾਰਸ਼ਾਂ ਦਾ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਤਰ-ਵੱਤਰ ਖੇਤਾਂ ਵਿੱਚ ਵੱਟਾਂ 'ਤੇ ਝੋਨੇ ਦੇ ਸੋਧੇ ਹੋਏ ਬੀਜ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।

ਇਸ ਦੇ ਨਾਲ-ਨਾਲ ਪਹਿਲਾਂ ਪਾਣੀ 21 ਦਿਨ ਬਾਅਦ ਲਾਉਣ ਲਈ ਸਿਫ਼ਾਰਸ਼ ਹੈ ਤਾਂ ਜੋ ਵਧੇਰੇ ਝਾੜ ਅਤੇ ਪਾਣੀ ਦੀ ਬੱਚਤ ਹੋ ਸਕੇ। ਇਸਦੇ ਨਾਲ ਹੀ ਪੀ. ਆਰ-126 ਦੀ ਪਨੀਰੀ 20 ਜੂਨ ਤੱਕ ਬੀਜਣ ਦੀ ਸਿਫ਼ਾਰਸ਼ ਪੀ. ਏ. ਯੂ. ਵੱਲੋਂ ਕੀਤੀ ਜਾਂਦੀ ਹੈ। ਡਾ. ਢੱਟ ਨੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਲਗਾਤਰ ਵਾਹੁਣ ਨਾਲ ਮਿੱਟੀ ਵਿੱਚ ਸੁਧਾਰ ਅਤੇ ਝਾੜ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਲਗਾਤਾਰ 8 ਸਾਲ ਅਜਿਹਾ ਕਰਨ ਨਾਲ ਯੂਰੀਏ ਦੀ ਮਾਤਰਾ 20 ਕਿੱਲੋ ਤੱਕ ਘਟਾਈ ਜਾ ਸਕਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੱਤਾ ਰੰਗ ਚਾਰਟ ਦੀ ਵਰਤੋਂ ਦਾ ਵੀ ਜ਼ਿਕਰ ਕੀਤਾ। ਡਾ. ਢੱਟ ਨੇ ਫ਼ਸਲੀ ਵਿਭਿੰਨਤਾ ਬਾਰੇ ਪੀ. ਏ. ਯੂ. ਦੀਆਂ ਸਿਫ਼ਾਰਸ਼ਾਂ ਵਿੱਚ ਮੂੰਗਫਲੀ-ਮੱਕੀ/ਮੂੰਗੀ-ਆਲੂ/ਮਟਰ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਜੈਵਿਕ ਖੇਤੀ ਅਧੀਨ ਸਾਉਣੀ ਰੁੱਤ ਦੀ ਮੂੰਗੀ-ਕਣਕ-ਗਰਮੀ ਰੁੱਤ ਦੀ ਮੂੰਗੀ ਦਾ ਫ਼ਸਲੀ ਚੱਕਰ ਵੀ ਸਿਫ਼ਾਰਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨਰਮਾ, ਛੋਲੇ, ਕਮਾਦ, ਮੱਕੀ, ਅਰਹਰ, ਸੋਇਆਬੀਨ ਅਤੇ ਅਦਰਕ ਦੀ ਕਾਸ਼ਤ ਬਾਰੇ ਸਿਫ਼ਾਰਸ਼ਾਂ ਦਾ ਜ਼ਿਕਰ ਕਰਦਿਆਂ ਡਾ. ਢੱਟ ਨੇ ਇਨ੍ਹਾਂ ਦੇ ਵਾਤਾਵਰਣ ਪੱਖੀ ਨੁਕਤਿਆਂ ਵੱਲ ਧਿਆਨ ਦਿਵਾਇਆ। ਸਵਾਗਤੀ ਸ਼ਬਦ ਬੋਲਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਕਿਹਾ ਕਿ ਇਸ ਵਰਕਸ਼ਾਪ ਨਾਲ ਦੁਬਾਰਾ ਪਸਾਰ ਅਤੇ ਖੋਜ ਗਤੀਵਿਧੀਆਂ ਬਾਰੇ ਵਰਕਸ਼ਾਪਾਂ ਦੀ ਸ਼ੁਰੂਆਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੀ. ਏ. ਯੂ. ਨੇ ਲਗਾਤਾਰ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਯਤਨ ਕੀਤੇ ਹਨ ਪਰ ਇਸ ਦਿਸ਼ਾ ਵਿੱਚ ਹੋਰ ਜਾਗਰੂਕਤਾ ਫੈਲਾਉਣ ਦੀ ਲੋੜ ਹੈ। 
ਉਦਘਾਟਨੀ ਸੈਸ਼ਨ ਵਿੱਚ ਖੇਤੀਬਾੜੀ ਕਾਲਜ ਦੇ ਡੀਨ ਡਾ. ਐੱਮ. ਆਈ. ਐੱਸ. ਗਿੱਲ ਨੇ ਧੰਨਵਾਦ ਦੇ ਸ਼ਬਦ ਕਹੇ। ਇਸ ਸੈਸ਼ਨ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤਾ। 
ਇਸ ਤੋਂ ਬਾਅਦ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਕਾਰਵਾਈ ਰਿਪੋਰਟ ਪੇਸ਼ ਕੀਤੀ। ਮਾਹਿਰਾਂ ਨੇ ਪਾਣੀ ਅਤੇ ਭੂਮੀ ਦੀ ਸੰਭਾਲ ਦੇ ਵੱਖ-ਵੱਖ ਨੁਕਤਿਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਨ੍ਹਾਂ ਵਿੱਚ ਸੂਖਮ ਸਿੰਚਾਈ, ਖੇਤਾਂ ਵਿੱਚ ਪਾਣੀ ਦੀ ਬੱਚਤ, ਕੰਢੀ ਖੇਤਰ ਵਿੱਚ ਪਾਣੀ ਅਤੇ ਮਿੱਟੀ ਦੀ ਸੰਭਾਲ ਦੀਆਂ ਕੋਸ਼ਿਸ਼ਾਂ, ਪੰਜਾਬ ਦੇ ਦੱਖਣ-ਪੱਛਮ ਵਿੱਚ ਕਾਸ਼ਤ ਲਈ ਵਰਤੇ ਜਾ ਰਹੇ ਪਾਣੀ ਦੀ ਢੁੱਕਵੀਂ ਵਰਤੋਂ, ਪਾਣੀ ਦੀ ਪਰਖ ਦੇ ਤਰੀਕੇ, ਲੂਣੇ ਅਤੇ ਖਾਰੇ ਪਾਣੀਆਂ ਦੀ ਵਰਤੋਂ, ਪੰਜਾਬ ਵਿੱਚ ਪ੍ਰਦੂਸ਼ਿਤ ਪਾਣੀ ਦੀ ਸਥਿਤੀ, ਪੰਜਾਬ ਵਿੱਚ ਬਰਸਾਤ ਦੀ ਦਸ਼ਾ ਆਦਿ ਵਿਸ਼ੇ ਪ੍ਰਮੁੱਖ ਸਨ।


Babita

Content Editor

Related News