...ਅਖੀਰ ਕਦੋਂ ਮਿਲੇਗਾ ''ਕਮਲ'' ਨੂੰ ਮੁੜ ਦੇਖਭਾਲ ਕਰਨ ਵਾਲਾ ਨਵਾਂ ''ਮਾਲੀ''

Tuesday, Jan 16, 2018 - 07:45 AM (IST)

...ਅਖੀਰ ਕਦੋਂ ਮਿਲੇਗਾ ''ਕਮਲ'' ਨੂੰ ਮੁੜ ਦੇਖਭਾਲ ਕਰਨ ਵਾਲਾ ਨਵਾਂ ''ਮਾਲੀ''

ਪੰਜਾਬ ਵਿਚ ਹੁਣ ਹੋਰ ਕਿਸ ਹਾਰ ਦੇ ਇੰਤਜ਼ਾਰ 'ਚ ਹੈ ਭਾਜਪਾ
ਅੰਮ੍ਰਿਤਸਰ(ਮਮਤਾ)-ਪੰਜਾਬ ਵਿਚ ਲਗਭਗ ਇਕ ਸਾਲ ਤੋਂ ਲਗਾਤਾਰ ਮਿਲੀਆਂ ਤਿੰਨ ਵੱਡੀਆਂ ਹਾਰਾਂ ਦੇ ਬਾਵਜੂਦ ਹੁਣ ਕਿਸ ਹੋਰ ਵੱਡੀ ਹਾਰ ਦਾ ਇੰਤਜ਼ਾਰ ਹੈ, ਦਿੱਲੀ ਸਥਿਤ ਭਾਰਤੀ ਜਨਤਾ ਪਾਰਟੀ ਹਾਈਕਮਾਨ ਨੂੰ? ਇਸ ਸਵਾਲ ਦੇ ਜਵਾਬ ਦੀ ਤਲਾਸ਼ ਵਿਚ ਲਗਾਤਾਰ ਹਾਰ ਦਾ ਦਰਦ ਸਹਿ ਰਹੇ ਹਤਾਸ਼ ਅਤੇ ਨਿਰਾਸ਼ ਪਾਰਟੀ ਵਰਕਰ ਹੁਣ ਪਾਰਟੀ ਹਾਈਕਮਾਨ 'ਤੇ ਨਜ਼ਰਾਂ ਟਿਕਾਈ ਬੈਠੇ ਹਨ ਕਿ ਇਹ ਹਾਰ ਦਾ ਸਿਲਸਿਲਾ ਕਦੋਂ ਰੁਕੇਗਾ। ਦੇਸ਼ ਦੇ ਹੋਰ ਰਾਜਾਂ ਦੇ ਵਰਕਰਾਂ ਦੀ ਤਰ੍ਹਾਂ ਪੰਜਾਬ ਦੇ ਵਰਕਰ ਵੀ ਜਿੱਤ ਦੇ ਜਸ਼ਨ ਵਿਚ ਢੋਲ ਦੀ ਥਾਪ 'ਤੇ ਕਦੋਂ ਭੰਗੜੇ ਪਾਉਣਗੇ।
ਪੰਜਾਬ ਵਿਚ ਭਾਜਪਾ ਦੀ ਬਦਕਿਸਮਤੀ ਹੈ ਕਿ ਇਕ ਪਾਸੇ ਪਾਰਟੀ ਪੂਰੇ ਦੇਸ਼ ਵਿਚ ਜਿੱਤ ਦੇ ਝੰਡੇ ਗੱਡ ਰਹੀ ਹੈ ਅਤੇ ਪੰਜਾਬ ਇਕ ਸਿਰਫ ਅਜਿਹਾ ਰਾਜ ਹੈ ਜੋ ਸੰਗਠਨ ਦੀਆਂ ਕਮਜ਼ੋਰੀਆਂ ਦੀ ਪ੍ਰਬਲ ਅਗਵਾਈ ਦੇ ਨਾ ਹੋਣ ਕਾਰਨ ਭਾਜਪਾ ਨੂੰ ਦਸ ਮਹੀਨਿਆਂ ਵਿਚ ਤਿੰਨ ਵੱਡੀ ਹਾਰਾਂ ਦਾ ਮੂੰਹ ਵੇਖਣਾ ਪਿਆ। ਵਿਧਾਨ ਸਭਾ ਦੀਆਂ ਚੋਣਾਂ ਵਿਚ ਪਾਰਟੀ 12 ਸੀਟਾਂ ਤੋਂ 3 ਸੀਟਾਂ ਤੱਕ ਸਿਮਟ ਕੇ ਰਹਿ ਗਈ, ਇਹ ਚੋਣ ਪਾਰਟੀ ਵਰਕਰਾਂ ਨੇ ਨਿਰਾਸ਼ਾ ਅਤੇ ਬੁਝੇ ਹੋਏ ਮਨ ਨਾਲ ਲੜੀ ਜਿਸ ਦਾ  ਸਿਰਫ ਇਕ ਕਾਰਨ ਪੰਜਾਬ ਦੀ ਅਗਵਾਈ ਪੂਰੀ ਤਰ੍ਹਾਂ ਨਾਲ ਕਮਜ਼ੋਰ ਸੀ। ਦੇਸ਼ ਦੇ ਹੋਰ ਰਾਜਾਂ ਦੀ ਤਰ੍ਹਾਂ ਕੋਈ ਰਣਨੀਤੀ ਨਹੀਂ ਸੀ। ਜਿਥੋਂ ਤੱਕ ਇਸ ਵਿਧਾਨ ਸਭਾ ਚੋਣ ਵਿਚ ਵਰਕਰਾਂ ਨੇ ਆਪਣੇ ਹਾਈਕਮਾਨ ਤੋਂ ਪੁਰਜ਼ੋਰ ਮੰਗ ਕੀਤੀ ਸੀ ਕਿ ਉਹ ਮਹਾਰਾਸ਼ਟਰ ਦੀ ਤਰ੍ਹਾਂ ਪੰਜਾਬ ਵਿਚ ਵੀ ਆਪਣੇ ਦਮ 'ਤੇ ਚੋਣ ਲੜੇ। ਪ੍ਰਦੇਸ਼ ਇਕਾਈ ਨੇ ਇਸ ਬਾਰੇ ਨਾ ਤਾਂ ਦਿੱਲੀ ਸਥਿਤ ਪਾਰਟੀ ਦੀ ਅਗਵਾਈ ਕਰਨ ਵਾਲਿਆਂ ਤੱਕ ਆਪਣੇ ਵਰਕਰਾਂ ਦੀ ਆਵਾਜ਼ ਪਹੁੰਚਾਈ ਸਗੋਂ ਉਲਟਾ ਇਹ ਕਹਿ ਕੇ ਗੁੰਮਰਾਹ ਕੀਤਾ ਕਿ ਗਠਜੋੜ ਨਾਲ ਚੋਣਾਂ ਲੜਨ ਵਿਚ ਹੀ ਲਾਭ ਹੋਵੇਗਾ।  ਨਤੀਜਾ ਇਹ ਨਿਕਲਿਆ ਕਿ ਇਕ ਪਾਸੇ ਪਾਰਟੀ ਤਿੰਨ ਸੀਟਾਂ ਤੱਕ ਸਿਮਟ ਗਈ ਅਤੇ ਦੂਜਾ ਨਵਜੋਤ ਸਿੰਘ ਸਿੱਧੂ ਜੋ ਕਿ ਪਾਰਟੀ ਦਾ ਇਕ ਸਿੱਖ ਚਿਹਰਾ ਅਤੇ ਰਾਸ਼ਟਰੀ ਸਟਾਰ ਪ੍ਰਚਾਰਕ ਸੀ ਉਹ ਵੀ ਹੱਥੋਂ ਗਵਾ ਦਿੱਤਾ। ਪਾਰਟੀ ਇਕੱਲੇ ਚੋਣ ਲੜਦੀ ਤਾਂ ਇਹ ਹਾਲਤ ਨਾ ਹੁੰਦੇ ਪਾਰਟੀ ਦੇ ਪੁਰਾਣੇ ਵਰਕਰਾਂ ਦਾ ਮੰਨਣਾ ਹੈ ਕਿ ਆਪਣੇ ਦਮ 'ਤੇ ਚੋਣ ਲੜਦੇ ਤਾਂ ਘੱਟ ਤੋਂ ਘੱਟ 30 ਸੀਟਾਂ ਜਿੱਤ ਸਕਦੇ ਸਨ। ਗੁਰਦਾਸਪੁਰ ਉਪ ਚੋਣ ਵਿਚ ਪਾਰਟੀ ਦੀ ਲਗਭਗ ਦੋ ਲੱਖ ਵੋਟਾਂ ਨਾਲ ਹੋਈ ਹਾਰ ਨੇ ਪਾਰਟੀ ਵਰਕਰਾਂ ਨੂੰ ਵਿਧਾਨ ਸਭਾ ਚੋਣ ਵਿਚ ਮਿਲੇ ਜ਼ਖਮਾਂ 'ਤੇ ਲੂਣ ਛਿੜਕਣ ਦਾ ਕੰਮ ਕੀਤਾ। ਬਾਅਦ 'ਚ ਨਗਰ ਨਿਗਮ ਚੋਣਾਂ ਵਿਚ ਪਾਰਟੀ ਪਟਿਆਲਾ ਵਿਚ ਖਾਤਾ ਵੀ ਨਹੀਂ ਖੋਲ੍ਹ ਸਕੀ ਅਤੇ ਅੰਮ੍ਰਿਤਸਰ, ਜਲੰਧਰ ਇਹ ਜੋ 6-6 ਕੌਂਸਲਰ ਜਿੱਤੇ ਉਨ੍ਹਾਂ ਦਾ ਆਪਣਾ ਰਸੂਖ ਸੀ।  ਜਿਸ ਉਦੇਸ਼ ਨਾਲ ਸਾਂਪਲਾ ਨੂੰ ਪ੍ਰਧਾਨ ਬਣਾਇਆ, ਉਹ ਰਿਹਾ ਅਸਫਲ : ਪਾਰਟੀ ਨੇ ਵਿਧਾਨ ਸਭਾ ਚੋਣ ਜਿੱਤਣ ਲਈ ਆਪਣੀ ਰਣਨੀਤੀ ਦੇ ਤਹਿਤ ਵਿਜੇ ਸਾਂਪਲਾ ਨੂੰ ਇਸ ਲਈ ਪ੍ਰਧਾਨ ਬਣਾਇਆ ਕਿ ਉਹ ਦਲਿਤ ਵੋਟਾਂ ਨੂੰ ਪਾਰਟੀ ਦੇ ਨਾਲ ਜੋੜਨ ਵਿਚ ਕਾਮਯਾਬ ਹੋਣਗੇ। ਵੋਟ ਜ਼ਿਆਦਾ ਪ੍ਰਾਪਤ ਕਰਨਾ ਤਾਂ ਦੂਰ ਪਾਰਟੀ ਨੂੰ ਦਲਿਤ ਖੇਤਰਾਂ ਵਿਚ ਬੁਰੀ ਤਰ੍ਹਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ।  ਸਾਂਪਲਾ ਭਾਜਪਾ ਦੇ ਦਲਿਤ ਵੋਟ ਬੈਂਕ ਵਿਚ ਕਾਂਗਰਸ ਦੀ ਸੰਨ੍ਹਮਾਰੀ ਰੋਕਣ ਵਿਚ ਬੁਰੀ ਤਰ੍ਹਾਂ ਨਾਲ ਅਸਫਲ ਰਹੇ । ਜਿਥੋਂ ਤੱਕ ਪਾਰਟੀ ਨੇ ਇਕ ਵਿਅਕਤੀ ਇਕ ਅਹੁਦੇ 'ਤੇ ਪ੍ਰਥਾ ਨੂੰ ਤੋੜਦੇ ਹੋਏ ਸਾਂਪਲਾ ਨੂੰ ਮੰਤਰੀ ਅਹੁਦੇ ਦੇ ਨਾਲ - ਨਾਲ ਪ੍ਰਧਾਨਗੀ ਦਾ ਅਹੁਦਾ ਵੀ ਸੌਂਪ ਦਿੱਤਾ ਤੇ ਉਨ੍ਹਾਂ ਰਾਹੀਂ ਆਪਣਾ ਉਦੇਸ਼ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਪਰ ਵਿਜੇ ਸਾਂਪਲਾ ਇਸ ਵਿਚ ਅਸਫਲ ਰਹੇ। 
ਅਮਿਤ ਸ਼ਾਹ ਪੰਜਾਬ ਨੂੰ ਭਾਰਤ ਦੇ ਨਕਸ਼ੇ ਵਿਚ ਨਹੀਂ ਵੇਖਦੇ? : ਪੰਜਾਬ ਦੇ ਵਰਕਰਾਂ ਦਾ ਦੁੱਖ ਇਹ ਹੈ ਕਿ ਵਿਧਾਨ ਸਭਾ ਚੋਣ ਵਿਚ ਰਾਜ ਵਿਚ ਸਾਂਪਲਾ ਦੀਆਂ ਸਾਰੀਆਂ ਰੈਲੀਆਂ ਫੇਲ ਰਹੀਆਂ ਜਿਥੋਂ ਤੱਕ ਪੰਜਾਬ ਦੇ ਵਰਕਰ ਦੇਸ਼ ਦੇ ਹੋਰ ਰਾਜਾਂ ਦੇ ਵਰਕਰਾਂ ਦੀ ਤਰ੍ਹਾਂ ਪੂਰੀ ਤਰ੍ਹਾਂ ਨਾਲ ਜੁਝਾਰੂ ਅਤੇ ਸੰਗਠਨ ਨੂੰ ਸਮਰਪਿਤ ਹਨ ਇਸ ਦੇ ਬਾਵਜੂਦ ਚੋਣ ਰੈਲੀਆਂ ਫੇਲ ਹੋਣ ਦਾ ਇਕ ਕਾਰਨ ਰਾਜ ਦੀ ਅਗਵਾਈ ਸੀ । ਪਾਰਟੀ ਵਰਕਰ ਦਿੱਲੀ ਬੈਠੇ ਨੇਤਾਵਾਂ 'ਤੇ ਰੋਸ ਕੱਢਦੇ ਹੋਏ ਇਥੋਂ ਤੱਕ ਕਹਿੰਦੇ ਹਨ ਕਿ ਸ਼ਾਇਦ ਰਾਸ਼ਟਰੀ ਪ੍ਰਧਾਨ ਆਪਣੇ ਆਜ਼ਾਦ ਭਾਰਤ ਦੇ ਏਜੰਡੇ ਵਿਚ ਦੇਸ਼ ਦੇ ਨਕਸ਼ੇ ਵਿਚ ਪੰਜਾਬ ਨੂੰ ਵੇਖਦੇ ਨਹੀਂ।
ਪੰਜਾਬ ਵਿਚ ਜੇਕਰ ਪਾਰਟੀ ਨੂੰ ਬਚਾਉਣਾ ਹੈ ਤਾਂ ਨਵਾਂ ਪ੍ਰਧਾਨ ਅਜਿਹਾ ਹੋਵੇ ਜੋ ਵਰਕਰਾਂ ਦੀ ਗੱਲ ਸੁਣਨ ਦਾ ਮਾਦਾ ਰੱਖਦਾ ਹੋਵੇ। ਆਪਣੇ ਕੱਪੜੇ ਖ਼ਰਾਬ ਹੋਣ ਦੀ ਚਿੰਤਾ ਨਾ ਕਰਦੇ ਹੋਏ ਉਨ੍ਹਾਂ ਦੇ ਨਾਲ ਜ਼ਮੀਨ 'ਤੇ ਬੈਠਣ ਵਾਲਾ ਹੋਵੇ ਉਦੋਂ ਜਾ ਕੇ ਪਾਰਟੀ ਪੰਜਾਬ ਵਿਚ ਪੂਰੀ ਤਰ੍ਹਾਂ ਜ਼ਿੰਦਾ ਹੋ ਸਕਦੀ ਹੈ ਨਹੀਂ ਤਾਂ 2019 ਦੀਆਂ ਲੋਕ ਸਭਾ ਚੋਣਾਂ ਵਿਚ ਵਰਕਰ ਚੌਥੀ ਵਾਰ ਦਾ ਦੁੱਖ ਸਹਿਣ ਨੂੰ ਤਿਆਰ ਰਹਿਣ।


Related News