ਸ਼ਹੀਦ ਹੋਏ ਪੰਜਾਬ ਦੇ 4 ਫੌਜੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਤੇ ਨੌਕਰੀ ਦੇਣ ਦਾ ਐਲਾਨ
Wednesday, Jun 17, 2020 - 11:21 PM (IST)
ਜਲੰਧਰ,(ਧਵਨ)– ਗਲਵਾਨ ਘਾਟੀ 'ਚ ਚੀਨੀ ਫੌਜੀਆਂ ਨਾਲ ਝੜਪ 'ਚ ਸ਼ਹੀਦ ਹੋਏ ਪੰਜਾਬ ਦੇ 4 ਫੌਜੀਆਂ ਦੇ ਪਰਿਵਾਰਕ ਮੈਬਰਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਘ ਨੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸਰਕਾਰ ਵਲੋਂ ਤੈਅ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਲੱਦਾਖ ਦੀ ਗਲਵਾਨ ਘਾਟੀ 'ਚ ਹੋਈ ਹਿੰਸਕ ਝੜਪ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਸ ਨੇ ਸਾਡੇ 4 ਬਹਾਦਰ ਜਵਾਨਾਂ ਨੂੰ ਖੋਹ ਲਿਆ, ਜਿਨ੍ਹਾਂ ਦੀ ਕੁਰਬਾਨੀ ਨੂੰ ਰਾਸ਼ਟਰ ਹਮੇਸ਼ਾ ਯਾਦ ਰੱਖੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਪਰਿਵਾਰਾਂ ਨੂੰ ਜੋ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਕਰਨਾ ਸੰਭਵ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੂੰ ਭੌਤਿਕ ਚੀਜ਼ਾਂ ਨਾਲ ਪੂਰਾ ਕੀਤਾ ਜਾ ਸਕਦਾ ਹੈ ਪਰ ਸਰਕਾਰ ਵਲੋਂ ਉਨ੍ਹਾਂ ਦੇ ਆਸ਼ਰਿਤਾਂ ਨੂੰ ਮੁਆਵਜ਼ਾ ਅਤੇ ਨੌਕਰੀਆਂ ਦੇ ਕੇ ਉਨ੍ਹਾਂ ਦੇ ਦੁੱਖ ਨੂੰ ਥੋੜਾ ਘੱਟ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਪੰਜਾਬ ਦੇ ਸ਼ਹੀਦ ਜਵਾਨ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਕਿਹਾ ਕਿ ਚੀਨ ਨਾਲ ਐੱਲ. ਏ. ਸੀ. 'ਤੇ ਆਪਣੀ ਬਹਾਦਰੀ ਦਾ ਪ੍ਰਦਰਸ਼ਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੇ ਅੰਤਮ ਸੰਸਕਾਰ 'ਚ ਸੂਬਾ ਸਰਕਾਰ ਵਲੋਂ ਕੈਬਨਿਟ ਮੰਤਰੀ ਹਿੱਸਾ ਲੈਣਗੇ ਅਤੇ ਸਾਰੇ ਸ਼ਹੀਦਾਂ ਦਾ ਅੰਤਮ ਸਸਕਾਰ ਫੌਜੀ ਸਨਮਾਨ ਨਾਲ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਬੰਧਤ ਜ਼ਿਲਾ ਪ੍ਰਸ਼ਾਸਨ ਨੂੰ ਸ਼ਹੀਦ ਫੌਜੀਆਂ ਦੀਆਂ ਮ੍ਰਿਤਕ ਦੇਹਾਂ ਨੂੰ ਪ੍ਰਾਪਤ ਕਰ ਕੇ ਉਨ੍ਹਾਂ ਦੇ ਸਸਕਾਰ ਲਈ ਸਾਰੇ ਪ੍ਰਬੰਧ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਸੂਬੇਦਾਰ ਮਨਦੀਪ ਅਤੇ ਸਤਨਾਮ ਦੇ ਪਰਿਵਾਰਿਕ ਮੈਂਬਰਾਂ ਨੂੰ 12-12 ਲੱਖ ਅਤੇ ਸਿਪਾਹੀ ਗੁਰਤੇਜ ਅਤੇ ਗੁਰਬਿੰਦਰ ਨੂੰ 10-10 ਲੱਖ ਦਾ ਮਿਲੇਗਾ ਮੁਆਵਜ਼ਾ ਸਰਕਾਰੀ ਬੁਲਾਰੇ ਨੇ ਕਿਹਾ ਕਿ ਸਾਰੇ ਚਾਰੇ ਮਾਮਲਿਆਂ 'ਚ ਇਕ-ਇਕ ਪਰਿਵਾਰਿਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਨਾਇਬ ਸੂਬੇਦਾਰ ਮਨਦੀਪ ਸਿੰਘ ਅਤੇ ਨਾਇਬ ਸੂਬੇਦਾਰ ਸਤਨਾਮ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੂੰ ਸਰਕਾਰੀ ਨੀਤੀ ਮੁਤਾਬਕ 12-12 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਮਨਦੀਪ ਪਟਿਆਲਾ ਜ਼ਿਲੇ ਦੀ ਰਾਜਪੁਰਾ ਤਹਿਸੀਲ ਦੇ ਪਿੰਡ ਸੀਲ ਨਾਲ ਸਬੰਧ ਰੱਖਦੇ ਹਨ ਜਦੋਂ ਕਿ ਸਤਨਾਮ ਸਿੰਘ ਗੁਰਦਾਸਪੁਰ ਤਹਿਸੀਲ ਦੇ ਪਿੰਡ ਭੋਜਰਾਜ ਨਾਲ ਸਬੰਧ ਰੱਖਦੇ ਹਨ। 2 ਸ਼ਹੀਦ ਸਿਪਾਹੀ ਗੁਰਤੇਜ ਸਿੰਘ ਮਾਨਸਾ ਜ਼ਿਲੇ ਦੀ ਤਹਿਸੀਲ ਬੁਢਲਾਡਾ ਦੇ ਪਿੰਡ ਬੀਰਵਾਲਾ ਡੋਗਰਾ ਅਤੇ ਸਿਪਾਹੀ ਗੁਰਬਿੰਦਰ ਸਿੰਘ, ਪੁੱਤਰ ਲਾਭ ਸਿੰਘ ਪਿੰਡ ਥੋਲੋਵਾਨ ਜ਼ਿਲਾ ਸੰਗਰੂਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ (5 ਲੱਖ ਐਕਸਗ੍ਰੇਸ਼ੀਆ ਅਤੇ 5 ਲੱਖ ਦੀ ਰਾਸ਼ੀ ਭੂਮੀ ਦੇ ਬਦਲੇ ਦਿੱਤੀ ਜਾਵੇਗੀ) ਸਿਪਾਹੀ ਗੁਰਵਿੰਦਰ ਸਿੰਘ 3 ਪੰਜਾਬ ਰੈਜੀਮੈਂਟ ਨਾਲ ਸਬੰਧ ਰੱਖਦੇ ਹਨ।