ਅਸਮਾਨੀਂ ਚੜ੍ਹੇ ਸਬਜੀਆਂ ਦੇ ਭਾਅ, ਪੰਜਾਬ ’ਚ ਮੁਰਗਾ ਸਸਤਾ, ਟਮਾਟਰ ਮਹਿੰਗਾ

07/05/2023 1:57:00 PM

ਪਟਿਆਲਾ (ਜ. ਬ., ਲਖਵਿੰਦਰ) : ਪੰਜਾਬ ਵਿਚ ਬਰਸਾਤ ਦੇ ਮੌਸਮ ’ਚ ਮੁਰਗਾ ਸਸਤਾ ਅਤੇ ਟਮਾਟਰ ਮਹਿੰਗਾ ਹੋ ਗਿਆ ਹੈ। ਟਮਾਟਰ ਸਮੇਤ ਸਬਜ਼ੀਆਂ ਦੇ ਭਾਅ ਅਸਮਾਨੀਂ ਚੜ੍ਹ ਗਏ ਹਨ। ਟਮਾਟਰ ਜਿੱਥੇ ਪਹਿਲਾਂ ਸੈਂਕੜੇ ਨੂੰ ਛੂਹ ਗਿਆ ਸੀ, ਅੱਜ ਉਹ ਡੇਢ ਸੈਂਕੜਾ ਯਾਨੀ 150 ਰੁਪਏ ਕਿੱਲੋ ਦੇ ਭਾਅ ਵਿਕ ਰਿਹਾ ਹੈ। ਪੰਜਾਬ ’ਚ ਪੈਟਰੋਲ ਦੇ ਮੁਕਾਬਲੇ ਇਹ ਭਾਅ ਡੇਢ ਗੁਣਾ ਜ਼ਿਆਦਾ ਬਣਦਾ ਹੈ। ਦੂਜੇ ਪਾਸੇ ਮੁਰਗਾ ਥੋਕ ਭਾਅ ’ਚ 76 ਰੁਪਏ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਇਸੇ ਤਰੀਕੇ ਪਿਆਜ ਦੇ ਰੇਟ ਵੀ ਦੁੱਗਣੇ ਮਹਿੰਗੇ ਹੋ ਗਏ ਹਨ। ਜਿਹੜਾ ਪਿਆਜ ਕੁਝ ਦਿਨ ਪਹਿਲਾਂ ਤੱਕ 15-16 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਸੀ, ਉਹ ਅੱਜ 25 ਤੋ 30 ਰੁਪਏ ਪ੍ਰਤੀ ਕਿੱਲੋ ਹੋ ਗਿਆ ਹੈ। ਇਸੇ ਤਰੀਕੇ ਹਰੀ ਮਿਰਚ ਜੋ ਕੁਝ ਦਿਨ ਪਹਿਲਾਂ ਤੱਕ ਥੋਕ ਮੰਡੀ ’ਚ 25 ਤੋਂ 30 ਰੁਪਏ ਪ੍ਰਤੀ ਕਿੱਲੋ ਸੀ, ਅੱਜ ਉਹ 60 ਰੁਪਏ ਪ੍ਰਤੀ ਕਿੱਲੋ ਦੀ ਦਰ ਨਾਲ ਵਿਕ ਰਹੀ ਹੈ।

ਅਦਰਕ ਜਿਹੜਾ ਕੁਝ ਸਮਾਂ ਪਹਿਲਾਂ ਤੱਕ 120 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਸੀ, ਉਹ ਅੱਜ 300 ਰੁਪਏ ਪ੍ਰਤੀ ਕਿੱਲੋ ਤੱਕ ਵਿਕ ਰਿਹਾ ਹੈ। ਗੋਭੀ ਜੋ ਪਹਿਲਾਂ 70 ਤੋਂ 80 ਰੁਪਏ ਪ੍ਰਤੀ ਕਿੱਲੋ ਵਿਕ ਰਹੀ ਸੀ, ਹੁਣ 100 ਰੁਪਏ ਪ੍ਰਤੀ ਕਿੱਲੋ ਵਿਕ ਰਹੀ ਹੈ। ਕਰੇਲਾ ਜੋ ਮੰਡੀ ’ਚ ਪਹਿਲਾਂ 20 ਤੋਂ 25 ਰੁਪਏ ਪ੍ਰਤੀ ਕਿੱਲੋ ਸੀ, ਅੱਜ 40 ਰੁਪਏ ਪ੍ਰਤੀ ਕਿੱਲੋ ਹੋ ਗਿਆ ਹੈ। ਬੈਂਗਡ਼ੀ ਜੋ ਪਹਿਲਾਂ 15 ਤੋਂ 20 ਰੁਪਏ ਸੀ, ਹੁਣ 30 ਰੁਪਏ ਪ੍ਰਤੀ ਕਿੱਲੋ ਹੋ ਗਈ ਹੈ। ਪੇਠਾ 15 ਤੋਂ 20 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ, ਜਦੋਂ ਕਿ ਲੱਸਣ ਜਿਹੜਾ ਪਹਿਲਾਂ 50 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਸੀ, ਹੁਣ 100 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ।

ਬਰਸਾਤ ’ਚ ਸਬਜ਼ੀ ਕਾਸ਼ਤਕਾਰਾਂ ਦਾ ਹੋਇਆ ਵੱਡਾ ਨੁਕਸਾਨ, ਵਪਾਰੀ ਮੁਨਾਫੇ ’ਚ

ਪੰਜਾਬ ’ਚ ਮੌਨਸੂਨ ਦੀ ਆਮਦ ਨਾਲ ਹਰ ਪਾਸੇ ਹੋਈ ਵਿਆਪਕ ਬਰਸਾਤ ਕਾਰਨ ਸਬਜ਼ੀ ਕਾਸ਼ਤਕਾਰਾਂ ਦਾ ਵੱਡਾ ਨੁਕਸਾਨ ਹੋਇਆ ਹੈ, ਜਦੋਂ ਕਿ ਵਪਾਰੀ ਮੁਨਾਫੇ ਵਿਚ ਹਨ। ਜਿੱਥੇ ਖੇਤਾਂ ’ਚ ਪਾਣੀ ਖੜਨ ਨਾਲ ਫਸਲਾਂ ਤਬਾਹ ਹੋ ਗਈਆਂ ਹਨ, ਉੱਥੇ ਹੀ ਵਪਾਰੀਆਂ ਨੇ ਉਨ੍ਹਾਂ ਕੋਲ ਆਈ ਜਿਣਸ ਨੂੰ ਬਚਾਅ ਕੇ ਮੰਡੀ ’ਚ ਥੋਕ ’ਚ ਮਹਿੰਗੇ ਭਾਅ ਵੇਚ ਕੇ ਚੰਗਾ ਮੁਨਾਫਾ ਕਮਾਇਆ ਹੈ।

ਟਮਾਟਰ ਦੀ ਥਾਂ ਸਬਜ਼ੀ ’ਚ ਪੈ ਰਹੀ ਸੋਸ

ਪੰਜਾਬ ’ਚ ਟਮਾਟਰ ਦਾ ਭਾਅ 100 ਰੁਪਏ ਤੋਂ ਟੱਪਣ ਤੋਂ ਬਾਅਦ ਆਮ ਲੋਕਾਂ ਨੇ ਸਬਜ਼ੀ ’ਚ ਤੜਕੇ ਵਾਸਤੇ ਟਮਾਟਰ ਵਰਤਣ ਦੀ ਥਾਂ ਟਮਾਟੋ ਸੋਸ ਵਰਤਣੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਟਮਾਟੋ ਸੋਸ ਸਿਰਫ ਟਮਾਟਰ ਪਿਊਰੀ ਨਹੀਂ ਹੁੰਦੀ, ਬਲਕਿ ਹੋਰ ਵੀ ਕਈ ਕੈਮੀਕਲ ਹੁੰਦੇ ਹਨ ਪਰ ਆਮ ਲੋਕਾਂ ਦੇ ਸਾਹਮਣੇ ਸਸਤੀ ਸੋਸ ਦੇ ਮੁਕਾਬਲੇ ਮਹਿੰਗੇ ਟਮਾਟਰ ਵਰਤਣੇ ਬਹੁਤ ਔਖੇ ਹਨ।


Gurminder Singh

Content Editor

Related News