ਪੰਜਾਬ ''ਚ ਇਸ ਵਾਰ ਘੱਟ ਸਕਦੀ ਹੈ ਗੰਨੇ ਦੀ ਫਸਲ
Thursday, Jun 06, 2019 - 01:08 PM (IST)

ਸੰਗਰੂਰ (ਰਾਜੇਸ਼ ਕੋਹਲੀ) : ਪੰਜਾਬ ਵਿਚ ਇਸ ਵਾਰ ਗੰਨੇ ਦੀ ਫਸਲ ਦਾ ਰਕਬਾ ਘੱਟ ਸਕਦਾ ਹੈ, ਕਿਉਂਕਿ ਪਿਛਲੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਸਹੀ ਸਮੇਂ 'ਤੇ ਸਹੀ ਮੁੱਲ ਨਾ ਮਿਲਣ ਕਾਰਨ ਕਿਸਾਨ ਬਹੁਤ ਪਰੇਸ਼ਾਨ ਹੋਏ ਸਨ। ਇਸ ਲਈ ਵਾਰ ਜ਼ਿਆਦਾਤਰ ਕਿਸਾਨ ਹੋਰ ਫਸਲਾਂ ਵੱਲ ਰੁੱਖ ਕਰ ਰਹੇ ਹਨ।
ਦੱਸ ਦੇਈਏ ਕਿ ਸੰਗਰੂਰ ਵਿਚ ਗੰਨੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੇ ਪਿਛਲੇ ਸੀਜ਼ਨ ਦੌਰਾਨ ਗੰਨੇ ਦੀ ਫਸਲ ਦੀ ਪੇਮੈਂਟ ਲੈਣ ਲਈ ਸਰਦੀ ਦੀਆਂ ਰਾਤਾਂ ਵਿਚ ਸੜਕਾਂ 'ਤੇ ਧਰਨੇ-ਪ੍ਰਦਰਸ਼ਨ ਕੀਤੇ ਸਨ, ਜਿਸ ਦੇ ਚਲਦੇ ਉਨ੍ਹਾਂ ਨੂੰ ਥੋੜ੍ਹੀ ਬਹੁਤ ਗੰਨੇ ਦੀ ਫਸਲ ਦੀ ਪੇਮੈਂਟ ਨਿੱਜੀ ਸ਼ੂਗਰ ਮਿਲ ਵੱਲੋਂ ਦਿੱਤੀ ਗਈ ਸੀ ਅਤੇ ਜਿਸ ਦੇ ਲਈ ਅਜੇ ਵੀ ਸੰਘਰਸ਼ ਜਾਰੀ ਹੈ। ਇਸ ਤੋਂ ਦੁਖੀ ਹੋ ਕੇ ਇਸ ਵਾਰ ਸੰਗਰੂਰ ਦੇ 50 ਫੀਸਦੀ ਕਿਸਾਨਾਂ ਨੇ ਗੰਨੇ ਦੀ ਖੇਤੀ ਛੱਡ ਕੇ ਦੂਜੀ ਫਸਲਾਂ ਵੱਲ ਰੁਖ ਕਰ ਲਿਆ ਹੈ।
ਸੰਗਰੂਰ ਦਾ ਖੇਤੀਬਾੜੀ ਵਿਭਾਗ ਵੀ ਇਸ ਵਾਰ ਗੰਨੇ ਦੀ ਫਸਲ ਵਿਚ 50 ਫੀਸਦੀ ਦੀ ਕਮੀ ਦੱਸ ਰਿਹਾ ਹੈ। ਉਨ੍ਹਾਂ ਅਨੁਸਾਰ ਕਿਸਾਨਾਂ ਨੂੰ ਪਿਛਲੇ ਸੀਜ਼ਨ ਦੌਰਾਨ ਗੰਨੇ ਦੀ ਠੀਕ ਸਮੇਂ 'ਤੇ ਪੇਮੈਂਟ ਨਾ ਮਿਲਣ ਦੇ ਚਲਦੇ ਇਸ ਵਾਰ ਇੰਨੇ ਵੱਡੇ ਪੱਧਰ 'ਤੇ ਗਿਰਾਵਟ ਆਈ ਹੈ। ਖੇਤੀਬਾੜੀ ਅਧਿਕਾਰੀ ਦਾ ਕਹਿਣਾ ਹੈ ਕਿ ਪਹਿਲਾਂ ਸੰਗਰੂਰ ਵਿਚ 34 ਹੈਕਟੇਅਰ ਵਿਚ ਗੰਨੇ ਦੀ ਖੇਤੀ ਹੁੰਦੀ ਸੀ ਜੋ ਹੁਣ ਘੱਟ ਕੇ 2000 ਹੇਕਟੇਅਰ ਤੱਕ ਪਹੁੰਚ ਗਈ ਹੈ।