ਪੰਜਾਬ ਦੇ ਨੰਬਰਦਾਰ ਮੰਗਾਂ ਸਬੰਧੀ ਸੰਘਰਸ਼ ਕਰਨ ਲਈ ਮਜਬੂਰ ਹੋਣਗੇ

Thursday, Jan 04, 2018 - 10:53 AM (IST)


ਫਿਰੋਜ਼ਪੁਰ (ਪਰਮਜੀਤ ਸੋਢੀ) - ਜ਼ਿਲਾ ਫਿਰੋਜ਼ਪੁਰ ਦੇ ਨੰਬਰਦਾਰਾਂ ਨੇ ਕੈਪਟਨ ਸਰਕਾਰ ਵੱਲੋਂ ਪੰਜਾਬ ਦੇ ਨੰਬਰਦਾਰਾਂ ਦੀਆਂ ਮੰਗਾਂ ਨੂੰ ਲਾਗੂ ਨਾ ਕੀਤੇ ਜਾਣ 'ਤੇ ਪੰਜਾਬ ਸਰਕਾਰ ਨੂੰ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਆਪਣੀਆਂ ਅਹਿਮ ਮੰਗਾਂ ਸਬੰਧੀ ਜ਼ਿਲੇ ਦੇ ਨੰਬਰਦਾਰਾਂ ਨੇ ਆਖਿਆ ਕਿ ਮੌਜੂਦਾ ਕੈਪਟਨ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਪੰਜਾਬ ਭਰ ਦੇ ਨੰਬਰਦਾਰਾਂ ਨਾਲ ਇਕ ਵੱਡਾ ਵਾਅਦਾ ਕਰਦਿਆਂ ਆਖਿਆ ਸੀ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਆਉਣ 'ਤੇ ਨੰਬਰਦਾਰੀ ਨੂੰ ਜੱਦੀ-ਪੁਸ਼ਤੀ ਅਤੇ ਪੰਜ ਹਜ਼ਾਰ ਰੁਪਏ ਮਾਣਭੱਤਾ ਦਿੱਤਾ ਜਾਵੇਗਾ ਪਰ ਅੱਜ ਸੂਬੇ ਵਿਚ ਕਾਂਗਰਸ ਸਰਕਾਰ ਹੋਣ ਦੇ ਬਾਵਜੂਦ ਮੁੱਖ ਮੰਤਰੀ ਪੰਜਾਬ ਵੱਲੋਂ ਆਪਣੇ ਕੀਤੇ ਵਾਅਦਿਆਂ ਤੋਂ ਪਿੱਛੇ ਹਟਦੇ ਹੋਏ ਪੰਜਾਬ ਦੇ ਨੰਬਰਦਾਰਾਂ ਦੀਆਂ ਮੁੱਖ ਮੰਗਾਂ ਨੂੰ ਨਜ਼ਰ-ਅੰਦਾਜ਼ ਕੀਤੇ ਜਾਣ 'ਤੇ ਸੂਬੇ ਭਰ ਦੇ ਨੰਬਰਦਾਰਾਂ ਵਿਚ ਕਾਂਗਰਸ ਸਰਕਾਰ ਪ੍ਰਤੀ ਕਾਫੀ ਰੋਸ ਪਾਇਆ ਜਾ ਰਿਹਾ ਹੈ। ਨੰਬਰਦਾਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਨਾਲ ਸਖਤ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਭਰ ਦੇ ਨੰਬਰਦਾਰਾਂ ਦਾ ਸਬਰ ਦਾ ਪਿਆਲਾ ਭਰ ਚੁੱਕਿਆ ਹੈ, ਜੇਕਰ ਪੰਜਾਬ ਦੀ ਕੈਪਟਨ ਸਰਕਾਰ ਨੇ ਪੰਜਾਬ ਦੇ ਨੰਬਰਦਾਰਾਂ ਦੀਆਂ ਮੰਗਾਂ ਨੂੰ ਜਲਦ ਲਾਗੂ ਨਾ ਕੀਤਾ ਤਾਂ ਪੰਜਾਬ ਭਰ ਵਿਚ ਇਕ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਕੈਪਟਨ ਸਰਕਾਰ ਦੀ ਹੋਵੇਗੀ।  


Related News