ਮੁੜ ਪਰਤਣ ਲੱਗਾ ਪੰਜਾਬ ਦਾ ''ਸੱਭਿਆਚਾਰ''

Monday, Jan 15, 2018 - 06:51 AM (IST)

ਝਬਾਲ/ਬੀੜ ਸਾਹਿਬ,   (ਲਾਲੂਘੁੰਮਣ, ਬਖਤਾਵਰ)-  ਪੰਜਾਬ 'ਚੋਂ ਵਿਸਰਦਾ ਜਾ ਰਿਹਾ ਸੱਭਿਆਚਾਰ ਅਤੇ ਅਲੋਪ ਹੋ ਰਹੀਆਂ ਰਵਾਇਤੀ ਪ੍ਰੰਪਰਾਵਾਂ ਹੌਲੀ-ਹੌਲੀ ਵਾਪਸ ਪਰਤਣ ਕਾਰਨ ਹੁਣ ਇੰਝ ਮਹਿਸੂਸ ਹੁੰਦਾ ਹੈ ਕਿ ਜਿਵੇਂ ਪੁਰਾਣਾ ਪੰਜਾਬ ਮੁੜ ਜੀਵਤ ਹੋ ਰਿਹਾ ਹੈ। ਪੰਜਾਬ ਦੀ ਇਕ ਪੁਰਾਰਤਨ ਰਵਾਇਤ ਹੈ ਕਿ ਲੋਹੜੀ ਦੇ ਤਿਉਹਾਰ ਵਾਲੇ ਦਿਨ ਪਿੰਡਾਂ ਦੇ ਬਾਹਰਵਾਰ ਖੂਹ 'ਤੇ ਲੱਗੇ ਵੇਲਣੇ ਨਾਲ ਸਾਰੇ ਪਿੰਡ ਦੇ ਲੋਕ ਕਿਸਾਨਾਂ ਦੇ ਖੇਤਾਂ 'ਚੋਂ ਆਪੇ ਗੰਨੇ ਭੰਨ ਕੇ ਰਸ ਕੱਢ ਕੇ ਲੈ ਆਉਂਦੇ ਸਨ ਤੇ ਲੋਹੜੀ ਵਾਲੀ ਸ਼ਾਮ ਰਸ ਦੀ ਖੀਰ ਤੇ ਖਿਚੜੀ ਤਿਆਰ ਕਰ ਕੇ ਮਾਘੀ ਦੀ ਸੰਗਰਾਂਦ ਵਾਲੇ ਦਿਨ ਖਾਂਦੇ ਤੇ ਇਹ ਕਹਿੰਦੇ ਸਨ 'ਪੋਹ ਰਿੱਧੀ, ਮਾਘ ਖਾਧੀ', ਪਰ ਅੱਜ ਅਜਿਹੀਆਂ ਪੁਰਾਤਨ ਰਵਾਇਤਾਂ ਹੀ ਅਲੋਪ ਨਹੀਂ ਹੁੰਦੀਆਂ ਜਾ ਰਹੀਆਂ ਸਗੋਂ ਲੋਕਾਂ 'ਚ ਭਾਈਚਾਰਕ ਸਾਂਝ ਵੀ ਖਤਮ ਹੁੰਦੀ ਜਾ ਰਹੀ ਹੈ।
ਅੱਜ ਪਿੰਡਾਂ ਦੀਆਂ ਸੱਥਾਂ ਅਲੋਪ ਹੋ ਗਈਆਂ ਹਨ। ਭੱਠੀਆਂ 'ਤੇ ਮੱਕੀ ਦੇ ਦਾਣੇ ਭੁੰਨਣ ਵਾਲੀ ਮਾਈ ਕਿੱਧਰੇ ਵੀ ਦਿਖਾਈ ਨਹੀਂ ਦਿੰਦੀ ਹੈ। ਭਾਵੇਂ ਹੁਣ ਨਾ ਹੀ ਖੂਹ ਤੇ ਨਾ ਹੀ ਉਥੇ ਲੱਗੇ ਰਸ ਕੱਢਣ ਵਾਲੇ ਵੇਲਣੇ ਰਹੇ ਹਨ ਪਰ ਸਮੇਂ ਦੀ ਬਦਲੀ ਕਰਵਟ ਨੇ ਪੰਜਾਬ ਦੇ ਸੱਭਿਆਚਾਰ ਦੇ ਕੁਝ ਅੰਸ਼ ਜੀਵਤ ਜ਼ਰੂਰ ਕਰ ਦਿੱਤੇ ਹਨ। 
ਇਸ ਦਾ ਹੀ ਇਕ ਹਿੱਸਾ ਹੈ ਕਿ ਕਿਤੇ ਨਾ ਕਿਤੇ ਅੱਜਕਲ ਰਸ ਕੱਢਣ ਵਾਲੇ ਵੇਲਣੇ ਜਿੱਥੇ ਦਿਖਾਈ ਦੇਣ ਲੱਗ ਪਏ ਹਨ, ਉਥੇ ਹੀ ਕਿਸਾਨਾਂ ਵੱਲੋਂ ਹੱਥੀਂ ਗੁੜ ਤਿਆਰ ਕਰਨ ਦਾ ਕੰਮ ਮੁੜ ਸ਼ੁਰੂ ਕਰ ਲਿਆ ਗਿਆ ਹੈ। ਵੇਲਣਿਆਂ 'ਤੇ ਬੇਸ਼ੱਕ ਟੱਲੀਆਂ ਵਾਲੇ ਬਲਦ ਦਿਖਾਈ ਨਹੀਂ ਦਿੰਦੇ ਹਨ ਪਰ ਕਿਸਾਨ ਟਰੈਕਟਰ ਨਾਲ ਵੇਲਣੇ ਚਲਾਉਂਦੇ ਤੁਹਾਨੂੰ ਆਮ ਦਿਖਾਈ ਦਿੰਦੇ ਹੋਣਗੇ। ਝਬਾਲ ਵਾਸੀ ਕਿਸਾਨ ਨਿਰਮਲ ਸਿੰਘ ਦੀ ਮੰਨੀਏ ਤਾਂ ਘੱਟ ਜ਼ਮੀਨਾਂ ਵਾਲੇ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਵੱਲ ਮੁੜਨਾ ਪਵੇਗਾ ਨਹੀਂ ਤਾਂ ਅਜੋਕੀ ਖੇਤੀ ਦੀ ਕਰਜ਼ਿਆਂ ਭਰੀ ਪੰਡ ਦਾ ਭਾਰ ਸਹਿਣਾ ਬਹੁਤ ਮੁਸ਼ਕਿਲ ਹੋਵੇਗਾ। 
ਉਸ ਨੇ ਦੱਸਿਆ ਕਿ ਉਹ ਗੰਨੇ ਦੀ ਕਾਸ਼ਤ ਕਰ ਕੇ ਹੱਥੀਂ ਸ਼ੁੱਧ ਗੁੜ ਤਿਆਰ ਕਰ ਕੇ ਗਾਹਕਾਂ ਨੂੰ ਵੇਚਦਾ ਹੈ। ਉਸ ਨੇ ਦੱਸਿਆ ਕਿ ਸਰਦੀ ਦੇ ਮੌਸਮ 'ਚ ਸਪੈਸ਼ਲ ਗੁੜ ਖਰੀਦਣ ਵਾਲਿਆਂ ਦੀ ਮੰਗ ਜ਼ਿਆਦਾ ਹੋਣ ਕਰ ਕੇ ਉਸ ਵੱਲੋਂ ਆਰਡਰ 'ਤੇ ਗੁੜ ਤਿਆਰ ਕੀਤਾ ਜਾ ਰਿਹਾ ਹੈ। ਕਿਸਾਨ ਨਿਰਮਲ ਸਿੰਘ ਦਾ ਕਹਿਣਾ ਹੈ ਕਿ ਜੇਕਰ ਕਿਸਾਨ ਨੇ ਕਰਜ਼ ਮੁਕਤ ਤੇ ਪ੍ਰੇਸ਼ਾਨੀਆਂ ਤੋਂ ਦੂਰ ਰਹਿ ਕੇ ਵਧੀਆ ਢੰਗ ਨਾਲ ਜ਼ਿੰਦਗੀ ਜਿਊਣੀ ਹੈ ਤਾਂ ਉਸ ਨੂੰ ਬੇਫਜ਼ੂਲਾ ਖਰਚ ਤੇ ਫੋਕੀ ਸ਼ੋਹਰਤ ਨੂੰ ਛੱਡ ਕੇ ਹੱਥੀਂ ਮਿਹਨਤ ਦੇ ਨਾਲ ਸਹਾਇਕ ਧੰਦੇ ਜ਼ਰੂਰ ਕਰਨੇ ਪੈਣਗੇ।


Related News