ਪੰਜਾਬ : ਰੇਪ ਪੀੜਤਾ ਨੇ ਖ਼ੁਦ ਨੂੰ ਲਾਈ ਅੱਗ, ਚੌਂਕੀ ਬਾਹਰ ਪਿਆ ਚੀਕ-ਚਿਹਾੜਾ, ਇਕੱਠੇ ਹੋ ਗਏ ਲੋਕ
Thursday, Apr 30, 2026 - 12:33 PM (IST)
ਮੋਹਾਲੀ (ਜੱਸੀ) : ਬਲਟਾਣਾ ’ਚ ਵਾਪਰੀ ਦਰਦਨਾਕ ਘਟਨਾ ਨੇ ਇਨਸਾਫ਼ ਦੀ ਉਡੀਕ ਕਰ ਰਹੀ ਔਰਤ ਦੀ ਪੀੜਾ ਨੂੰ ਸਾਰਿਆਂ ਸਾਹਮਣੇ ਉਜਾਗਰ ਕਰ ਦਿੱਤਾ। ਬਲਟਾਣਾ ਪੁਲਸ ਚੌਂਕੀ ਬਾਹਰ ਖੜ੍ਹੀ ਔਰਤ, ਜੋ ਕਈ ਦਿਨਾਂ ਤੋਂ ਆਪਣੀ ਆਵਾਜ਼ ਸੁਣਵਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਆਖ਼ਰਕਾਰ ਇਸ ਕਦਰ ਟੁੱਟ ਗਈ ਕਿ ਉਸਨੇ ਆਪਣੇ ’ਤੇ ਪੈਟਰੋਲ ਛਿੜਕ ਕੇ ਅੱਗ ਲਾ ਲਈ। ਇਸ ਘਟਨਾ ਸਿਰਫ਼ ਜ਼ਿੰਦਗੀ ਨੂੰ ਹੀ ਨਹੀਂ, ਸਗੋਂ ਪ੍ਰਣਾਲੀ ’ਤੇ ਵੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਔਰਤ ਦੀ ਹਾਲਤ ਗੰਭੀਰ ਹੈ ਅਤੇ ਉਹ 70 ਫ਼ੀਸਦੀ ਤੱਕ ਝੁਲਸ ਗਈ ਹੈ। ਉਸ ਨੂੰ ਪਹਿਲਾਂ ਸੈਕਟਰ-32 ਚੰਡੀਗੜ੍ਹ ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਪਰ ਹਾਲਤ ਵਿਗੜਦੀ ਦੇਖ ਕੇ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫ਼ਰ ਕਰਨਾ ਪਿਆ। ਹਸਪਤਾਲ ਦੇ ਬਿਸਤਰੇ ’ਤੇ ਜ਼ਿੰਦਗੀ ਅਤੇ ਮੌਤ ਨਾਲ ਜੰਗ ਲੜ ਰਹੀ ਔਰਤ ਅਜੇ ਵੀ ਇਨਸਾਫ਼ ਦੀ ਉਮੀਦ ਨਾਲ ਜੁੜੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਨੂੰ ਦੋ-ਟੁੱਕ, ਸਿੱਖਿਆ ਵਿਭਾਗ ਨੇ ਲਿਆ ਸਖ਼ਤ ਫ਼ੈਸਲਾ, ਪੜ੍ਹੋ ਕੀ ਹੈ ਖ਼ਬਰ
ਸ਼ਿਕਾਇਤ ਕਰਨ ਗਈ ਤਾਂ ਬਦਸਲੂਕੀ ਕਰਕੇ ਚੌਂਕੀ ਤੋਂ ਕੱਢਿਆ ਬਾਹਰ
ਪਰਿਵਾਰਕ ਮੈਂਬਰਾਂ ਮੁਤਾਬਕ ਉਹ ਕਈ ਦਿਨਾਂ ਤੋਂ ਜਬਰ-ਜ਼ਿਨਾਹ ਦੇ ਮਾਮਲੇ ’ਚ ਐੱਫ਼. ਆਈ. ਆਰ. ਦਰਜ ਕਰਵਾਉਣ ਲਈ ਪੁਲਸ ਚੌਂਕੀ ਦਾ ਦਰਵਾਜ਼ਾ ਖੜਕਾ ਰਹੀ ਸੀ। ਹਰ ਵਾਰ ਉਸ ਨੂੰ ਕਿਸੇ ਨਾ ਕਿਸੇ ਬਹਾਨੇ ਨਾਲ ਵਾਪਸ ਭੇਜ ਦਿੱਤਾ ਜਾਂਦਾ ਸੀ। ਉਹ ਮੰਗਲਵਾਰ ਨੂੰ ਆਪਣੇ ਭਰਾ ਨਾਲ ਆਖ਼ਰੀ ਵਾਰ ਉਮੀਦ ਲੈ ਕੇ ਚੌਂਕੀ ਪਹੁੰਚੀ ਸੀ ਪਰ ਉੱਥੇ ਵੀ ਉਸਦੀ ਸੁਣਵਾਈ ਨਹੀਂ ਹੋਈ। ਉਲਟਾ ਪਰਿਵਾਰ ਦਾ ਦੋਸ਼ ਹੈ ਕਿ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਤੇ ਚੌਂਕੀ ਤੋਂ ਬਾਹਰ ਕੱਢ ਦਿੱਤਾ। ਔਰਤ ਦੇ ਭਰਾ ਨੇ ਦਾਅਵਾ ਕੀਤਾ ਕਿ ਪੁਲਸ ਵੱਲੋਂ ਪਹਿਲਾਂ ਦਿਨ ’ਚ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਮੁਲਜ਼ਮ ਨੂੰ ਪੁਲਸ ਚੌਂਕੀ ’ਚ ਬੁਲਾਇਆ ਗਿਆ ਹੈ ਪਰ ਉਹ ਹਾਜ਼ਰ ਨਹੀਂ ਹੋਇਆ। ਜਦੋਂ ਔਰਤ ਨੇ ਤੁਰੰਤ ਕਾਰਵਾਈ ਅਤੇ ਕੇਸ ਦਰਜ ਕਰਨ ਲਈ ਦਬਾਅ ਬਣਾਇਆ ਤਾਂ ਵੀ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਬੇਬੱਸੀ ਤੇ ਅਣਸੁਣੀ ਦੇ ਦਰਮਿਆਨ ਕੁੱਝ ਮਿੰਟਾਂ ’ਚ ਹੀ ਸਭ ਕੁੱਝ ਬਦਲ ਗਿਆ। ਚੌਂਕੀ ਬਾਹਰ ਖੜ੍ਹੀ ਉਸ ਔਰਤ ਨੇ ਤੇਲ ਪਾ ਕੇ ਖ਼ੁਦ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਲੋਕਾਂ ਦੀ ਭੀੜ ਜੁੱਟ ਗਈ ਪਰ ਤਦ ਤੱਕ ਅੱਗ ਉਸਦੇ ਸਰੀਰ ਨੂੰ ਬੁਰੀ ਤਰ੍ਹਾਂ ਲਪੇਟ ’ਚ ਲੈ ਚੁੱਕੀ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਨਾਲ ਜੁੜੀ ਵੱਡੀ ਖ਼ਬਰ, ਹਾਈਕੋਰਟ ਨੇ ਮੰਗਿਆ ਜਵਾਬ
ਮਾਮਲਾ ਦਰਜ ਕਰਕੇ ਕੀਤੀ ਜਾ ਰਹੀ ਜਾਂਚ : ਐੱਸ. ਐੱਸ. ਪੀ.
ਘਟਨਾ ਤੋਂ ਬਾਅਦ ਪੁਲਸ ਪ੍ਰਸ਼ਾਸਨ ਹਰਕਤ ’ਚ ਆਇਆ। ਐੱਸ. ਐੱਸ. ਪੀ. ਮੋਹਾਲੀ ਹਰਮਨਦੀਪ ਸਿੰਘ ਹਾਂਸ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੀੜਤ ਔਰਤ ਦੀ ਸ਼ਿਕਾਇਤ ਦੇ ਆਧਾਰ ’ਤੇ ਐੱਫ. ਆਈ. ਆਰ. ਦਰਜ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਪੂਰੇ ਮਾਮਲੇ ਦੀ ਵਿਸਥਾਰ ਨਾਲ ਜਾਂਚ ਲਈ ਸੀਨੀਅਰ ਅਧਿਕਾਰੀ (ਐੱਸ. ਪੀ. ਪੱਧਰ) ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਦੱਸਿਆ ਕਿ ਔਰਤ ਵੱਲੋਂ ਖ਼ੁਦ ਨੂੰ ਅੱਗ ਲਾਉਣ ਦੇ ਹਾਲਾਤਾਂ ਦੀ ਪੂਰੀ ਜਾਂਚ ਕੀਤੀ ਜਾਵੇਗੀ। ਇਸ ਤੋਂ ਬਾਅਦ ਹੀ ਕੋਈ ਨਤੀਜਾ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਸ ਚੌਂਕੀ ’ਚ ਲੱਗੇ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਕੀ ਔਰਤ ਅਤੇ ਉਸਦੇ ਭਰਾ ਨਾਲ ਪੁਲਸ ਨੇ ਬਦਸਲੂਕੀ ਕੀਤੀ ਹੈ ਜਾਂ ਨਹੀਂ।
ਐੱਸ. ਐੱਸ. ਪੀ. ਕੋਲੋਂ ਮਾਮਲੇ ਦੀ ਰਿਪੋਰਟ ਕੀਤੀ ਤਲਬ : ਡੀ.ਸੀ.
ਉੱਧਰ, ਮਾਮਲਾ ਡਿਪਟੀ ਕਮਿਸ਼ਨਰ ਮੋਹਾਲੀ ਕੋਮਲ ਮਿੱਤਲ ਦੇ ਦਰਬਾਰ ਤੱਕ ਵੀ ਪਹੁੰਚ ਚੁੱਕਾ ਹੈ। ਡੀ. ਸੀ. ਨੇ ਦੱਸਿਆ ਕਿ ਐੱਸ. ਐੱਸ. ਪੀ ਕੋਲੋਂ ਮਾਮਲੇ ਸਬੰਧੀ ਰਿਪੋਰਟ ਮੰਗੀ ਗਈ ਹੈ। ਘਟਨਾ ਸਬੰਧੀ ਸਿਹਤ ਵਿਭਾਗ ਨੂੰ ਉਕਤ ਔਰਤ ਦੇ ਇਲਾਜ ’ਚ ਹਰ ਤਰ੍ਹਾਂ ਦਾ ਸਹਿਯੋਗ ਕਰਨ ਦੇ ਹੁਕਮ ਦਿੱਤੇ ਗਏ ਹਨ। ਸਿਵਲ ਸਰਜਨ ਮੋਹਾਲੀ ਖ਼ੁਦ ਹਸਪਤਾਲ ਜਾ ਕੇ ਔਰਤ ਦੇ ਇਲਾਜ ’ਚ ਸਹਿਯੋਗ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
