ਪੰਜਾਬ ਵਾਸੀਆਂ ਲਈ ਵੱਡੀ ਖ਼ੁਸ਼ਖ਼ਬਰੀ, ਨਿਊ ਚੰਡੀਗੜ੍ਹ ’ਚ ਘਰ ਬਣਾਉਣ ਦਾ ਸੁਨਹਿਰੀ ਮੌਕਾ
Tuesday, Dec 29, 2020 - 05:33 PM (IST)
ਚੰਡੀਗੜ੍ਹ : ਪੰਜਾਬ ਵਾਸੀ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿਚ ਆਪਣਾ ਘਰ ਬਣਾਉਣ ਦਾ ਸੁਪਨਾ ਪੂਰਾ ਕਰ ਸਕਦੇ ਹਨ। ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਵਲੋਂ ਈਕੋ ਸਿਟੀ-2, ਨਿਊ ਚੰਡੀਗੜ੍ਹ ਵਿਖੇ 289 ਰਿਹਾਇਸ਼ੀ ਪਲਾਟਾਂ ਦੀ ਅਲਾਟਮੈਂਟ ਲਈ ਅਰਜੀਆਂ ਦੀ ਮੰਗ ਕੀਤੀ ਗਈ ਹੈ। ਇਹ ਸਕੀਮ 7 ਦਸੰਬਰ, 2020 ਨੂੰ ਸ਼ੁਰੂ ਹੋਈ ਸੀ ਅਤੇ 14 ਜਨਵਰੀ, 2021 ਨੂੰ ਬੰਦ ਹੋਵੇਗੀ। ਪਲਾਟਾਂ ਦੀ ਅਲਾਟਮੈਂਟ ਦੀ ਕੀਮਤ 25 ਹਜ਼ਾਰ ਰੁਪਏ ਪ੍ਰਤੀ ਗਜ ਤੈਅ ਕੀਤੀ ਗਈ ਹੈ। ਇਸ ਸਕੀਮ ਵਿਚ 200 ਗਜ, 300 ਗਜ, 400 ਗਜ, 450 ਗਜ, 500 ਗਜ, 1000 ਗਜ ਅਤੇ 2000 ਗਜ ਆਕਾਰ ਦੇ ਪਲਾਟਾਂ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਸਕੀਮ ਨੂੰ ਆਮ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਵੱਡੀ ਗਿਣਤੀ ਵਿਚ ਅਰਜ਼ੀ ਦੇਣ ਵਿਚ ਦਿਲਚਸਪੀ ਰੱਖਣ ਵਾਲਿਆਂ ਵਲੋਂ ਸੰਪਰਕ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਅਗਲੇ ਦਿਨਾਂ ਦੌਰਾਨ ਸਿਖਰ ’ਤੇ ਰਹੇਗੀ ਸੀਤ ਲਹਿਰ, ਟੁੱਟਣਗੇ ਪਿਛਲੇ ਰਿਕਾਰਡ
ਇਸ ਸਕੀਮ ਸਬੰਧੀ ਜਾਣਕਾਰੀ ਦਿੰਦਿਆਂ ਗਮਾਡਾ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਸਕੀਮ ਦੇਸ਼ ਦੇ ਸਾਰੇ ਆਮ ਸ਼੍ਰੇਣੀ ਦੇ ਨਾਗਰਿਕਾਂ (ਵਿਦੇਸ਼ਾਂ ਵਿਚ ਵਸੇ ਵਿਅਕਤੀਆਂ ਨੂੰ ਛੱਡ ਕੇ) ਲਈ ਖੁੱਲ੍ਹੀ ਹੈ, ਜਿਨ੍ਹਾਂ ਦੀ ਉਮਰ ਸਕੀਮ ਵਿਚ ਬਿਨੈ ਕਰਨ ਦੀ ਆਖਰੀ ਤਰੀਕ ਤੱਕ 18 ਸਾਲ ਹੋਵੇ। ਇਸ ਸਕੀਮ ਵਿਚ ਬਜ਼ੁਰਗ ਨਾਗਰਿਕਾਂ ਨੂੰ ਅਲਾਟਮੈਂਟ ਵਿਚ ਤਰਜੀਹ ਦਿੱਤੀ ਜਾਵੇਗੀ ਅਤੇ ਉਸ ਤੋਂ ਬਾਅਦ ਅਲਾਟਮੈਂਟ ਲਈ ਮਹਿਲਾ ਬਿਨੈਕਾਰਾਂ ਨੂੰ ਵਿਚਾਰਿਆ ਜਾਵੇਗਾ। ਇਨ੍ਹਾਂ ਬਿਨੈਕਾਰਾਂ ਦੀ ਸੂਚੀ ਖ਼ਤਮ ਹੋ ਜਾਣ ਤੋਂ ਬਾਅਦ ਹੋਰਨਾਂ ਬਿਨੈਕਾਰਾਂ ਨੂੰ ਅਲਾਟਮੈਂਟ ਲਈ ਵਿਚਾਰਿਆ ਜਾਵੇਗਾ। ਇਸ ਸਕਮਿ ਵਿਚ ਵੱਖ-ਵੱਖ ਰਾਖਵੀਆਂ ਅਤੇ ਤਰਜੀਹੀ ਸ਼੍ਰੇਣੀਆਂ ਨੂੰ ਦਿੱਤੇ ਜਾਂਦੇ ਲਾਭ, ਸੂਬੇ ਦੇ ਉਨ੍ਹਾਂ ਵਸਨੀਕਾਂ ਨੂੰ ਦਿੱਤੇ ਜਾਣਗੇ ਜਿਨ੍ਹਾਂ ਦਾ ਦੇਸ ਵਿਚ ਆਪਣਾ ਜਾਂ ਉਨ੍ਹਾਂ ਦੇ ਜੀਵਨ ਸਾਥੀ ਦਾ ਕੋਈ ਪਲਾਟ/ਮਕਾਨ ਨਹੀਂ ਹੈ।
ਇਹ ਵੀ ਪੜ੍ਹੋ : ਇਤਰਾਜ਼ਯੋਗ ਤਸਵੀਰਾਂ ਖਿੱਚ ਮੁੰਡੇ ਨੇ ਟੱਪੀਆਂ ਹੱਦਾਂ, ਕੁੜੀ ਨੇ ਹੱਥ ’ਤੇ ਸੁਸਾਇਡ ਨੋਟ ਲਿਖ ਕਰ ਲਈ ਖ਼ੁਦਕੁਸ਼ੀ
ਬੁਲਾਰੇ ਨੇ ਦੱਸਿਆ ਕਿ ਅਲਾਟਮੈਂਟ ਲਈ ਭੁਗਤਾਨ ਨੂੰ ਬਹੁਤ ਸੁਵਿਧਾਜਨਕ ਬਣਾਇਆ ਗਿਆ ਹੈ। ਪਲਾਟ ਦੀ ਕੁੱਲ ਕੀਮਤ ਦੀ 10 ਫ਼ੀਸਦੀ ਰਕਮ ਬਿਨੈ-ਪੱਤਰ ਦੇਣ ਵੇਲੇ ਪੇਸ਼ਗੀ ਵਜੋਂ ਜਮ੍ਹਾ ਕੀਤੀ ਜਾਣੀ ਹੈ ਜਦਕਿ ਲੈਟਰ ਆਫ ਇੰਟੈਂਟ ਜਾਰੀ ਹੋਣ ਤੋਂ 30 ਦਿਨਾਂ ਦੇ ਅੰਦਰ-ਅੰਦਰ 15 ਫੀਸਦੀ ਭੁਗਤਾਨ ਕੀਤਾ ਜਾਣਾ ਹੈ। ਬਕਾਇਆ 75 ਫ਼ੀਸਦੀ ਰਕਮ ਲੇਟਰ ਆਫ ਇੰਟੈਂਟ ਜਾਰੀ ਹੋਣ ਦੇ 60 ਦਿਨਾਂ ਦੇ ਅੰਦਰ ਇਕਮੁਸਤ ਜਾਂ ਸਾਲਾਨਾ 9 ਫ਼ੀਸਦੀ ਵਿਆਜ਼ ਦੇ ਨਾਲ ਛੇ ਛਮਾਹੀ ਕਿਸਤਾਂ ਰਾਹੀਂ ਜਮ੍ਹਾ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਕਮੁਸਤ ਅਦਾਇਗੀ ਕਰਨ ਵਾਲੇ ਅਲਾਟੀਆਂ ਨੂੰ ਬਕਾਇਆ ਰਕਮ ’ਤੇ 5 ਫੀਸਦੀ ਛੋਟ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਸਿੰਘੂ ਬਾਰਡਰ ਤੋਂ ਵਾਪਸ ਪਰਤ ਰਹੇ ਕਿਸਾਨਾਂ ’ਤੇ ਚੱਲੀਆਂ ਗੋਲ਼ੀਆਂ
ਇਸ ਸਕੀਮ ਦਾ ਬਰੋਸਰ ਪੁੱਡਾ ਭਵਨ, ਸੈਕਟਰ-62, ਐੱਸ.ਏ.ਐੱਸ.ਨਗਰ ਦੇ ਸਿੰਗਲ ਵਿੰਡੋ ਸਰਵਿਸ ਕਾਊਂਟਰ ਜਾਂ ਇਸ ਸਕੀਮ ਨਾਲ ਜੁੜੇ ਵੱਖ-ਵੱਖ ਬੈਂਕਾਂ ਦੀਆਂ ਸਾਖਾਵਾਂ (ਕੋਟਕ ਮਹਿੰਦਰਾ ਬੈਂਕ, ਐਕਸਿਸ ਬੈਂਕ, ਇੰਡਸਇੰਡ ਬੈਂਕ, ਆਈ. ਸੀ. ਆਈ. ਸੀ. ਆਈ ਬੈਂਕ, ਆਈ. ਡੀ. ਬੀ. ਆਈ ਬੈਂਕ, ਸਟੇਟ ਬੈਂਕ ਆਫ ਇੰਡੀਆ, ਏ. ਯੂ ਸਮਾਲ ਫਾਇਨਾਂਸ ਬੈਂਕ, ਬੈਂਕ ਆਫ ਬੜੌਦਾ, ਯੈਸ ਬੈਂਕ ਅਤੇ ਐੱਚ. ਡੀ. ਐੱਫ. ਸੀ. ਬੈਂਕ) ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਜਿਸਦੀ ਕੀਮਤ 100 ਰੁਪਏ ਹੈ। ਹਰ ਪ੍ਰਕਾਰ ਤੋਂ ਮੁਕੰਮਲ ਅਰਜ਼ੀਆਂ ਆਖਰੀ ਮਿਤੀ ਜਾਂ ਇਸ ਤੋਂ ਪਹਿਲਾਂ ਬੈਂਕਾਂ ਵਿਚ ਜਮ੍ਹਾ ਕਰਵਾਈਆਂ ਜਾ ਸਕਦੀਆਂ ਹਨ। ਬਿਨੈਕਾਰ ਵੈਬਸਾਈਟ ’ਤੇ ਵੀ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ ਅਤੇ ਅਜਿਹੇ ਮਾਮਲਿਆਂ ਵਿਚ ਅਦਾਇਗੀ ਆਨਲਾਈਨ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਵਧੀਆਂ ਭਾਜਪਾ ਦੀਆਂ ਮੁਸ਼ਕਲਾਂ, ਲੱਗੀ ਅਸਤੀਫ਼ਿਆਂ ਦੀ ਝੜੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?