ਮਾਲ ਗੱਡੀਆਂ ''ਤੇ ਪਾਬੰਦੀ ਨਾਲ ਪੰਜਾਬ ਦਾ ਅਰਥਚਾਰਾ ਤਬਾਹ ਹੋਣ ਦਾ ਖਦਸ਼ਾ : ਸੁਖਬੀਰ
Tuesday, Oct 27, 2020 - 02:23 AM (IST)

ਚੰਡੀਗੜ੍ਹ,(ਜ.ਬ.)– ਪੰਜਾਬ ਵਿਚ ਮਾਲ ਗੱਡੀਆਂ ਦੀ ਆਮਦ 'ਤੇ ਰੋਕ ਲਾਉਣ ਨਾਲ ਇਸ ਸੰਵੇਦਨਸ਼ੀਲ ਸਰਹੱਦੀ ਸੂਬੇ ਦੇ ਅਰਥਚਾਰੇ ਵਿਚ ਖੜੋਤ ਆਉਣ ਅਤੇ ਅਰਥਚਾਰਾ ਤਬਾਹ ਹੋਣ ਦਾ ਖਦਸ਼ਾ ਹੈ, ਜਦਕਿ ਇਸ ਨਾਲ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਸਾਮਹਣਾ ਕਰਨਾ ਪੈ ਰਿਹਾ ਹੈ। ਇਸ ਰਵੱਈਏ ਵਿਚੋਂ ਬੇਲੋੜੇ ਟਕਰਾਅ ਦੀ ਬਦਬੂ ਆ ਰਹੀ ਹੈ, ਜੋ ਕਿਸੇ ਦੇ ਵੀ ਹਿੱਤ ਵਿਚ ਨਹੀਂ ਹੈ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ।
ਸੁਖਬੀਰ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਸੂਬੇ ਲਈ ਮਾਲ ਗੱਡੀਆਂ ਦੀਆਂ ਸੇਵਾਵਾਂ ਆਮ ਵਾਂਗ ਬਹਾਲ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਮਾਲ ਗੱਡੀਆਂ ਦੀ ਆਮਦ 'ਤੇ ਪਾਬੰਦੀ ਵਿਚ ਵਾਧਾ ਕਰਨ ਦੇ ਫੈਸਲੇ ਨਾਲ ਸੂਬੇ ਵਿਚ ਸਾਰਾ ਉਦਯੋਗ ਤੇ ਵਪਾਰ ਤਬਾਹ ਹੋ ਜਾਵੇਗਾ ਤੇ ਖੇਤੀਬਾੜੀ ਨੂੰ ਵੀ ਨੁਕਸਾਨ ਪੁੱਜੇਗਾ। ਇਹ ਫੈਸਲਾ ਤੁਰੰਤ ਖਾਰਜ ਕਰਨ ਦੀ ਲੋੜ ਹੈ। ਪੰਜਾਬ ਦੇ ਦੇਸ਼ ਭਗਤ ਤੇ ਸ਼ਾਂਤੀ ਪਸੰਦ ਲੋਕਾਂ ਨੂੰ ਲੋਕਤੰਤਰੀ ਹੱਕ ਮੰਗੇ ਜਾਣ ਦੀ ਸਜ਼ਾ ਨਾ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਜਿਹੜੀਆਂ ਰੇਲ ਪਟੜੀਆਂ 'ਤੇ ਰੇਲਾਂ ਚੱਲਣੀਆਂ ਹਨ, ਉਹ ਖੁੱਲ੍ਹੀਆਂ ਹਨ। ਮਾਲ ਗੱਡੀਆਂ ਦੀਆਂ ਸੇਵਾਵਾਂ 'ਤੇ ਇਸ ਤਰੀਕੇ ਪਾਬੰਦੀ ਲਾਉਣ ਦਾ ਕੋਈ ਆਧਾਰ ਨਹੀਂ ਹੈ ਤੇ ਇਹ ਸੇਵਾਵਾਂ ਤੁਰੰਤ ਬਹਾਲ ਹੋਣੀਆਂ ਚਾਹੀਦੀਆਂ ਹਨ। ਸੁਖਬੀਰ ਨੇ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਟਕਰਾਅ ਦੇ ਰਾਹ ਚੱਲ ਕੇ ਨਿਪਟਣ ਦਾ ਜ਼ੋਰਦਾਰ ਵਿਰੋਧ ਕਰਦਿਆਂ ਕਿਹਾ ਕਿ ਇਸ ਨਾਲ ਇਥੇ ਸ਼ਾਂਤੀ ਤੇ ਆਰਥਿਕ ਤੇ ਸਮਾਜਿਕ ਸਥਿਰਤਾ 'ਤੇ ਚਿਰਕਾਲੀ ਮਾਰੂ ਅਸਰ ਪੈ ਸਕਦਾ ਹੈ। ਟਕਰਾਅ ਸਾਡੇ ਸਾਰਿਆਂ ਲਈ ਨੁਕਸਾਨਦਾਇਕ ਹੈ ਤੇ ਇਹ ਦੇਸ਼ ਲਈ ਹਾਨੀਕਾਰਕ ਹੈ। ਭਾਰਤ ਸਰਕਾਰ ਨੂੰ ਮਸਲੇ ਦੇ ਹੱਲ ਲਈ ਗੱਲਬਾਤ ਦਾ ਰਾਹ ਚੁਣਨਾ ਚਾਹੀਦਾ ਹੈ ਤੇ ਇਸ ਸਬੰਧ ਵਿਚ ਕਿਸਾਨਾਂ ਦੇ ਤੌਖਲੇ ਦੂਰ ਕਰਨੇ ਚਾਹੀਦੇ ਹਨ।