ਪੰਜਾਬ ਵਿਚ ਕਾਂਬਾ ਛੇੜਨ ਵਾਲੀ ਠੰਡ, ਟੁੱਟਿਆ 56 ਸਾਲਾਂ ਦਾ ਰਿਕਾਰਡ, ਵਿਭਾਗ ਨੇ ਜਾਰੀ ਕੀਤਾ ਅਲਰਟ

Wednesday, Jan 14, 2026 - 11:58 AM (IST)

ਪੰਜਾਬ ਵਿਚ ਕਾਂਬਾ ਛੇੜਨ ਵਾਲੀ ਠੰਡ, ਟੁੱਟਿਆ 56 ਸਾਲਾਂ ਦਾ ਰਿਕਾਰਡ, ਵਿਭਾਗ ਨੇ ਜਾਰੀ ਕੀਤਾ ਅਲਰਟ

ਲੁਧਿਆਣਾ (ਖੁਰਾਣਾ) : ਲੋਹੜੀ ਦੇ ਤਿਉਹਾਰ ’ਤੇ ਸ਼ਹਿਰ ਵਾਸੀਆਂ ਨੂੰ ਲੁਧਿਆਣਾ ਵਿਚ ਵੀ ਦਿਨ ਭਰ ਸ਼ਿਮਲਾ ਵਰਗੀ ਠੰਡ ਦਾ ਅਹਿਸਾਸ ਹੁੰਦਾ ਰਿਹਾ। ਇਸ ਦੌਰਾਨ ਦੁਪਹਿਰ ਨੂੰ ਆਸਮਾਨ ਵਿਚ ਛਾਏ ਹਲਕੇ ਬੱਦਲਾਂ ਸਮੇਤ ਖਿੜੀ ਸੁਨਹਿਰੀ ਧੁੱਪ ਦੇ ਨਾਲ ਹੀ ਚੱਲ ਰਹੀਆਂ ਬਰਫੀਲੀਆਂ ਹਵਾਵਾਂ ਕਾਰਨ ਲੋਕਾਂ ਦੇ ਹੱਥ-ਪੈਰ ਸੁੰਨ ਪੈਂਦੇ ਰਹੇ। ਮਤਲਬ ਧੁੱਪ ਵੀ ਲੋਕਾਂ ਨੂੰ ਸਰਦੀ ਦੀ ਮਾਰ ਤੋਂ ਰਾਹਤ ਨਹੀਂ ਦਿਵਾ ਸਕੀ। ਹੱਡ ਕੰਬਾਅ ਦੇਣ ਵਾਲੀ ਭਿਆਨਕ ਸਰਦੀ ਕਾਰਨ ਸੜਕਾਂ ’ਤੇ ਖਰੀਦਦਾਰੀ ਕਰਨ ਲਈ ਉਤਰੇ ਲੋਕਾਂ ਨੇ ਆਪਣੇ ਆਪ ਨੂੰ ਗਰਮ ਕੱਪੜਿਆਂ ਨਾਲ ਪੂਰੀ ਤਰ੍ਹਾਂ ਕਵਰ ਕੀਤਾ ਹੋਇਆ ਸੀ, ਤਾਂ ਕਿ ਠੰਡ ਦੀ ਮਾਰ ਤੋਂ ਬਚਾਅ ਕੀਤਾ ਜਾ ਸਕੇ। ਇਸ ਦੌਰਾਨ ਜ਼ਿਆਦਾਤਰ ਪਰਿਵਾਰ ਦਿਨ ਸਮੇਂ ਹੀ ਅੱਗ ਬਾਲ ਕੇ ਸੇਕਦੇ ਹੋਏ ਨਜ਼ਰ ਆਏ ਤਾਂ ਨਾਲ ਹੀ ਆਸਮਾਨ ਵਿਚ ਛਾਏ ਬੱਦਲਾਂ ਕਾਰਨ ਸੜਕਾਂ ‘ਤੇ ਵਿਜ਼ੀਬਿਲਟੀ ਬਹੁਤ ਘੱਟ ਰਹਿਣ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਵਿਚ ਵੱਧ ਗਈਆਂ ਛੁੱਟੀਆਂ! ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਪੋਸਟ

ਪਿਛਲੇ 56 ਸਾਲਾਂ ਦੇ ਰਿਕਾਰਡ ਟੁੱਟੇ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਤਾਇਨਾਤ ਮੌਸਮ ਵਿਭਾਗ ਦੀ ਮਾਹਿਰ ਡਾ. ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਲੋਹੜੀ ਵਾਲੇ ਦਿਨ ਪਈ ਸਰਦੀ ਨੇ ਪਿਛਲੇ 56 ਸਾਲਾਂ ਦੇ ਰਿਕਾਰਡ ਤੋੜ ਦਿੱਤੇ। ਉਨ੍ਹਾਂ ਦੱਸਿਆ ਕਿ 13 ਜਨਵਰੀ ਨੂੰ ਬਾਅਦ ਦੁਪਹਿਰ ਲੁਧਿਆਣਾ ਵਿਚ ਵੱਧ ਤੋਂ ਵੱਧ ਤਾਪਮਾਨ 9.2 ਡਿਗਰੀ ਅਤੇ ਘੱਟੋ ਘੱਟ 2.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ, ਜੋ ਕਿ ਸਾਲ 1970 ਤੋਂ ਬਾਅਦ ਸਭ ਤੋਂ ਘੱਟ ਤਾਪਮਾਨ ਹੈ। ਮੌਸਮ ਵਿਗਿਆਨੀ ਡਾ. ਕਿੰਗਰਾ ਨੇ ਦੱਸਿਆ ਕਿ ਵਿਭਾਗ ਵਲੋਂ 13 ਅਤੇ 14 ਜਨਵਰੀ ਨੂੰ ਸ਼ਹਿਰ ਵਿਚ ਪੈਣ ਵਾਲੀ ਸੰਘਣੀ ਧੁੰਦ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਹੈ, ਜਦੋਂਕਿ ਉਸ ਤੋਂ ਬਾਅਦ ਧੁੰਦ ਨੂੰ ਲੈ ਕੇ ਯੈਲੋ ਅਲਰਟ ਬਣਿਆ ਰਹੇਗਾ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਦੱਸਿਆ ਕਿ ਲੁਧਿਆਣਾ ਵਿਚ ਹਾਲ ਦੀ ਘੜੀ ਬਰਸਾਤ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ।

ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ

ਦਿਨ ਭਰ ਬੰਦ ਰਹੀ ਬਿਜਲੀ ਨੇ ਲੋਹੜੀ ਦਾ ਮਜ਼ਾ ਕੀਤਾ ਕਿਰਕਿਰਾ

ਲੋਹੜੀ ਵਰਗੇ ਵੱਡੇ ਤਿਉਹਾਰ ’ਤੇ ਦਿਨ ਭਰ ਬੰਦ ਰਹੀ ਬਿਜਲੀ ਦੀ ਸਪਲਾਈ ਨੇ ਸ਼ਹਿਰ ਵਾਸੀਆਂ ਦਾ ਮਜ਼ਾ ਕਿਰਕਿਰਾ ਕਰ ਕੇ ਰੱਖ ਦਿੱਤਾ। ਜ਼ਿਆਦਾਤਰ ਲੋਕ ਪੀਣ ਵਾਲੇ ਪਾਣੀ ਲਈ ਖਾਲੀ ਬਾਲਟੀਆਂ ਲੈ ਕੇ ਇਧਰ-ਉਧਰ ਭਟਕਦੇ ਨਜ਼ਰ ਆਏ। ਇਸ ਦੌਰਾਨ ਲਗਾਤਾਰ ਕਈ ਘੰਟੇ ਤੱਕ ਬਿਜਲੀ ਦੀ ਸਪਲਾਈ ਬੰਦ ਰਹਿਣ ਕਾਰਨ ਲੋਕਾਂ ਦੇ ਘਰਾਂ ਵਿਚ ਲੱਗੇ ਜਨਰੇਟਰ ਅਤੇ ਇਨਵਰਟਰ ਪੂਰੀ ਤਰ੍ਹਾਂ ਜਵਾਬ ਦੇ ਗਏ। ਅਜਿਹੇ ਵਿਚ ਪਤੰਗਬਾਜ਼ੀ ਦੇ ਸ਼ੌਕੀਨ ਲੋਕ ਆਪਣੀ ਖੁਸ਼ੀ ਦਾ ਖੁੱਲ੍ਹ ਕੇ ਇਜ਼ਹਾਰ ਨਹੀਂ ਕਰ ਸਕੇ, ਕਿਉਂਕਿ ਆਮ ਤੌਰ ’ਤੇ ਲੋਹੜੀ ਦੇ ਦਿਨਾ ਵਿਚ ਲੋਕ ਪਤੰਗਬਾਜ਼ੀ ਕਰਨ ਦੌਰਾਨ ਆਪਣੇ ਘਰਾਂ ਦੀਆਂ ਛੱਤਾਂ ’ਤੇ ਡੀ. ਜੇ., ਡੈੱਕ ਅਤੇ ਸਪੀਕਰ ਲਗਾ ਕੇ ਆਪਣੀ ਮਨਪਸੰਦ ਦੇ ਗਾਣੇ ਸੁਣਨ ਸਮੇਤ ‘ਆਈ ਬੋ ਕਾਟਾ’ ਦੇ ਲਲਕਾਰੇ ਮਾਰਦੇ ਨਜ਼ਰ ਆਉਂਦੇ ਹਨ ਪਰ ਸ਼ਹਿਰ ਦੇ ਕਈ ਹਿੱਸਿਆਂ ਵਿਚ ਆਲਮ ਇਹ ਬਣਿਆ ਰਿਹਾ ਕਿ ਲੋਹੜੀ ਬਾਲਣ ਸਮੇਂ ਵੀ ਬਿਜਲੀ ਦੀ ਸਪਲਾਈ ਬਹਾਲ ਨਾ ਹੋਣ ਕਾਰਨ ਲੋਕਾਂ ਦੇ ਘਰਾਂ ਅਤੇ ਗਲੀ-ਮੁਹੱਲਿਆਂ ਵਿਚ ਹਨੇਰਾ ਪੱਸਰਿਆ ਰਿਹਾ, ਜਿਸ ਕਾਰਨ ਸ਼ਹਿਰ ਵਾਸੀਆਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਘਟੀਆ ਬਿਜਲੀ ਸਪਲਾਈ ਨੂੰ ਲੈ ਕੇ ਸਰਕਾਰ ਅਤੇ ਪਾਵਰਕਾਮ ਅਧਿਕਾਰੀਆਂ ਨੂੰ ਜੰਮ ਕੇ ਕੋਸਿਆ।

ਇਹ ਵੀ ਪੜ੍ਹੋ : CM ਮਾਨ ਦੇ ਸ੍ਰੀ ਅਕਾਲ ਤਖ਼ਤ ਸਕੱਤਰੇਤ ਵਿਖੇ ਸਪੱਸ਼ਟੀਕਰਨ ਦਾ ਸਮਾਂ ਬਦਲਿਆ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News