ਕਰਤਾਰਪੁਰ : ਦੋ ਦਰਜਨ ਤੋਂ ਵੱਧ ਲੁਟੇਰਿਆਂ ਨੇ ਲੁੱਟਿਆ ਪਨਗ੍ਰੇਨ ਦਾ ਗੋਦਾਮ
Monday, Jul 22, 2019 - 01:30 PM (IST)

ਕਰਤਾਰਪੁਰ : ਬੀਤੀ ਰਾਤ ਸਥਾਨਕ ਕਪੂਰਥਲਾ ਰੋਡ 'ਤੇ ਸਥਿਤ ਪਨਗ੍ਰੇਨ ਕਣਕ ਦੇ ਗੋਦਾਮ 'ਚ 20-25 ਚੋਰਾਂ ਵਲੋਂ ਡਾਕਾ ਮਾਰ ਕੇ 640 ਕਣਕ ਦੀਆਂ ਬੋਰੀਆਂ ਲੁੱਟ ਲਈਆਂ ਗਈਆਂ। ਇਸ ਸੰਬੰਧੀ ਪਨਗ੍ਰੇਨ ਗੋਦਾਮ ਦੇ ਇੰਚਾਰਜ ਇੰਸਪੈਕਟਰ ਸੰਦੀਪ ਮਲਹੋਤਰਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਸਾਰੇ ਚੋਰ ਹਥਿਆਰਬੰਦ ਸਨ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਡਿਊਟੀ ਦੇ ਰਹੇ ਚੌਕੀਦਾਰਾਂ ਦੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਨੂੰ ਕਮਰੇ 'ਚ ਬੰਦ ਕਰ ਦਿੱਤਾ ਅਤੇ ਬਾਅਦ ਵਿਚ ਗੋਦਾਮ ਵਿਚ ਰੱਖੇ ਕਣਕ ਦੀਆਂ 640 ਬੋਰੀਆਂ ਲੁੱਟ ਕੇ ਫਰਾਰ ਹੋ ਗਏ।
ਵਾਰਦਾਤ ਦੀ ਸੂਚਨਾ ਮਿਲਦੇ ਹੀ ਐੱਸ. ਪੀ. ਅਤੇ ਪੁਲਸ ਦੇ ਹੋਰ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।